ਹਰਿਆਣਾਚੰਡੀਗੜ੍ਹਪੰਜਾਬ

ਵਿਰੋਧੀ ਧਿਰ ਕਾਨੂੰਨ-ਵਿਵਸਥਾ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ ਆਪਣੇ ਕਾਰਜਕਾਲ ਦਾ ਰਿਕਾਰਡ ਦੇਖੇ : ਮੁੱਖ ਮੰਤਰੀ

1984 ਦੇ ਦੰਗਿਆਂ ਲਈ ਕਾਂਗਰਸ ਨੇ ਅੱਜ ਤੱਕ ਮੁਆਫੀ ਨਹੀਂ ਮੰਗੀ, ਉਸ ਨਾਲ ਜੁੜੇ ਵਿਅਕਤੀ ਨੂੰ ਰੋਲ ਮਾਡਲ ਦੱਸਣਾ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ – ਮੁੱਖ ਮੰਤਰੀ

ਪੰਚਕੂਲਾ 27 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਨੂੰ ਉਨ੍ਹਾਂ ਦੇ ਕਾਰਜਕਾਲ ਦਾ ਰਿਕਾਰਡ ਯਾਦ ਕਰਵਾਉਂਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਉਠਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੇ ਕਾਰਜਕਾਲ ਦੇ ਅਪਰਾਧ ਦੇ ਅੰਕੜਿਆਂ ਅਤੇ ਉਸ ਦੌਰ ਦੀਆਂ ਘਟਨਾਵਾਂ ਨੂੰ ਵੀ ਦੇਖਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰ ’ਤੇ ਤੰਜ ਕਸਦਿਆਂ ਕਿਹਾ ਕਿ ਵਿਰੋਧੀ ਧਿਰ ਦੀ ਸਮੱਸਿਆ ਇਹ ਹੈ ਕਿ ਉਹ ਕਿਸੇ ਵੀ ਘਟਨਾ ’ਤੇ ਪੀੜਤ ਦੇ ਹੰਝੂ ਪੂੰਝਣ ਤੋਂ ਪਹਿਲਾਂ ਸਿਆਸੀ ਮੌਕਾ ਤਲਾਸ਼ਣ ਲੱਗ ਜਾਂਦਾ ਹੈ। ਇਨ੍ਹਾਂ ਨੂੰ ਅਪਰਾਧ ਤੋਂ ਪੀੜ ਘੱਟ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਜਲਦੀ ਵਧ ਹੁੰਦੀ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਇਨੇਲੋ ਵਿਧਾਇਕ ਸ੍ਰੀ ਆਦਿਤਿਆ ਦੇਵੀਲਾਲ ਅਤੇ ਸ੍ਰੀ ਅਰਜੁਨ ਚੌਟਾਲਾ ਵੱਲੋਂ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਲਿਆਂਦੇ ਗਏ ਧਿਆਨ ਖਿੱਚੂ ਮਤੇ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਵਰਗੇ ਸੰਵੇਦਨਸ਼ੀਲ ਵਿਸ਼ੇ ’ਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ, ਪਰ ਚਰਚਾ ਤੱਥਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਸਿਆਸੀ ਸਹੂਲਤ ਅਤੇ ਭਰਮਾਊ ਪ੍ਰਚਾਰ ਦੇ ਆਧਾਰ ’ਤੇ ਨਹੀਂ। ਵਿਰੋਧੀ ਧਿਰ ਨੂੰ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ, ਪਰ ਸੂਬੇ ਦੀ ਜਨਤਾ ਨੂੰ ਵੀ ਇਹ ਜਾਣਨ ਦਾ ਅਧਿਕਾਰ ਹੈ ਕਿ ਜਦੋਂ ਸੱਤਾ ਦੀ ਵਾਗਡੋਰ ਇਨ੍ਹਾਂ ਦੇ ਹੱਥ ਵਿੱਚ ਸੀ, ਤਦ ਹਰਿਆਣਾ ਨੇ ਅਪਰਾਧ, ਭਿ੍ਰਸ਼ਟਾਚਾਰ, ਜਾਤੀ ਹਿੰਸਾ, ਭਰਤੀ ਘੁਟਾਲਿਆਂ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਦੇ ਕਿੰਨੇ ਡੂੰਘੇ ਜ਼ਖ਼ਮ ਸਹੇ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਅਤੇ ਆਪਣੀ ਭਾਵਨਾ ਪ੍ਰਗਟ ਕਰਨ ਦਾ ਅਧਿਕਾਰ ਹੈ। ਅੱਜ ਵਿਰੋਧ ਪੱਖ ਦੇ ਮੈਂਬਰ ਕਾਲੇ ਕੱਪੜੇ ਪਾ ਕੇ ਸਦਨ ਵਿੱਚ ਆਏ ਹਨ। ਪਰ ਸੂਬੇ ਦੀ ਜਨਤਾ ਕਾਲੇ ਕੱਪੜੇ ਨਹੀਂ, ਇਨ੍ਹਾਂ ਦੇ ਕਾਲੇ ਕਾਰਨਾਮੇ ਦੇਖ ਰਹੀ ਹੈ। ਵਿਰੋਧੀ ਧਿਰ ਨੂੰ ਆਪਣੇ ਕਾਰਜਕਾਲ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਕਿ ਉਸ ਸਮੇਂ ਕਾਨੂੰਨ ਵਿਵਸਥਾ ਦਾ ਕੀ ਹਾਲ ਸੀ ਅਤੇ ਕਿਸ ਪ੍ਰਕਾਰ ਵਿਵਸਥਾ ਚਰਮਰਾਈ ਹੋਈ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਸਭ ਦੇਖ ਰਹੀ ਹੈ। ਉਹ ਵਿਰੋਧ ਪੱਖ ਦੇ ਕਾਲੇ ਕੱਪੜੇ ਨਹੀਂ, ਸਗੋਂ ਇਨ੍ਹਾਂ ਦੇ ਕਾਲੇ ਕਾਰਨਾਮੇ ਦੇਖ ਰਹੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਲ 1984 ਦੇ ਦੰਗਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦੌਰ ਅੱਜ ਵੀ ਯਾਦ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ। ਉਸ ਸਮੇਂ ਲੋਕਾਂ ਦੇ ਗਲ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ, ਚੌਂਕਾਂ ’ਤੇ ਲੋਕਾਂ ਨੂੰ ਸਾੜ ਦਿੱਤਾ ਗਿਆ ਅਤੇ ਅਜਿਹੇ ਅੱਤਿਆਚਾਰ ਹੋਏ ਕਿ ਕਈ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਆਪਣੇ ਕੇਸ ਤੱਕ ਕਟਵਾਉਣੇ ਪਏ। ਹਜ਼ਾਰਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1984 ਦੇ ਦੰਗਿਆਂ ਲਈ ਅੱਜ ਤੱਕ ਮੁਆਫੀ ਨਹੀਂ ਮੰਗੀ ਅਤੇ ਅੱਜ ਉਸ ਦੌਰ ਨਾਲ ਜੁੜੇ ਵਿਅਕਤੀ ਨੂੰ ਰੋਲ ਮਾਡਲ ਦੱਸਿਆ ਜਾ ਰਿਹਾ ਹੈ। ਇਹ ਬਹੁਤ ਮੰਦਭਾਗਾ ਹੈ ਅਤੇ ਅਜਿਹਾ ਕਰਨਾ ਪੀੜਤਾਂ ਦੇ ਪੁਰਾਣੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਜਿਸ ਵਿਅਕਤੀ ਨੂੰ ਆਪਣਾ ਰੋਲ ਮਾਡਲ ਦੱਸ ਰਹੀ ਹੈ, ਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਉਸ ਦੀ ਵੱਡੀ ਤਸਵੀਰ ਆਪਣੇ ਘਰ ਦੇ ਅੰਦਰ ਅਤੇ ਬਾਹਰ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਰਪ੍ਰਸਤੀ ਦੇਣਾ ਕਾਂਗਰਸ ਦੀ ਫਿਤਰਤ ਅਤੇ ਉਸ ਦੀ ਸੋਚ ਨੂੰ ਦਰਸਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਲੋਕਤੰਤਰ ਨਹੀਂ, ਸਗੋਂ ‘ਰੂਲਤੰਤਰ’ ਸੀ, ਜਿਸ ਵਿੱਚ ਲੋਕ ਆਪਣੇ ਘਰ, ਸਾਮਾਨ ਅਤੇ ਜੀਵਨ ਭਰ ਦੀ ਕਮਾਈ ਛੱਡ ਕੇ ਭੱਜਣ ਲਈ ਮਜਬੂਰ ਹੋਏ। ਕਾਂਗਰਸ ਦੇ ਕਾਰਜਕਾਲ ਵਿੱਚ ਵਿਵਸਥਾ ਦਾ ਜਿਸ ਪ੍ਰਕਾਰ ਜਨਾਜ਼ਾ ਨਿਕਲਿਆ, ਉਸ ਤੋਂ ਹਰ ਵਿਅਕਤੀ ਦੁੱਖੀ ਸੀ। ਕਾਂਗਰਸ ਵੱਲੋਂ ਸਰਕਾਰ ’ਤੇ ਲਗਾਏ ਜਾ ਰਹੇ ਦੋਸ਼ਾਂ ’ਤੇ ਕਿਹਾ ਕਿ ਇਹ ਤਾਂ ਉਹੀ ਗੱਲ ਹੋਈ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਕਾਂਗਰਸ ਦੀਆਂ ਅੱਖਾਂ ’ਤੇ ਕਾਲਾ ਚਸ਼ਮਾ ਲੱਗਿਆ ਹੋਇਆ ਹੈ। ਇਨ੍ਹਾਂ ਨੂੰ ਸਿਰਫ਼ ਦੋਸ਼ ਲਗਾਉਣਾ ਅਤੇ ਫਿਰ ਸਦਨ ਤੋਂ ਭੱਜਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਜਵਾਬ ਸੁਣਨਗੇ ਕਿਵੇਂ, ਕਿਉਂਕਿ ਇਨ੍ਹਾਂ ਵਿੱਚ ਜਵਾਬ ਸੁਣਨ ਦੀ ਹਿੰਮਤ ਨਹੀਂ ਹੈ। ਅਜਿਹੇ ਵਿੱਚ ਇਨ੍ਹਾਂ ਕੋਲ ਇੱਕ ਹੀ ਰਸਤਾ ਬਚਦਾ ਹੈ ਦੋਸ਼ ਲਗਾਓ ਅਤੇ ਭੱਜ ਜਾਓ।
ਮੁੱਖ ਮੰਤਰੀ ਨੇ ਕਿਹਾ ਕਿ ਪਤਾ ਨਹੀਂ ਦਿੱਲੀ ਤੋਂ ਕਾਂਗਰਸ ਕੋਲ ਕਿਹੜੀ ਕਾਲ ਆਉਂਦੀ ਹੈ ਕਿ ਉਸ ਦੇ ਨੇਤਾ ਇੰਨੀ ਤੇਜ਼ੀ ਨਾਲ ਝੂਠ ਫੈਲਾਉਣ ਲੱਗ ਜਾਂਦੇ ਹਨ।
ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਕਾਂਗਰਸ ਦਾ ਉਹ ਬਹੁਤ ਮਾੜਾ ਕਾਰਜਕਾਲ ਨਹੀਂ ਦੇਖਿਆ ਹੈ, ਉਨ੍ਹਾਂ ਨੂੰ ਕਾਂਗਰਸ ਦੇ ਕਾਰਜਕਾਲ ਅਤੇ ਉਸ ਦੇ ਕਾਰਨਾਮਿਆਂ ਬਾਰੇ ਜ਼ਰੂਰ ਜਾਣਨਾ ਅਤੇ ਸਰਚ ਕਰਨਾ ਚਾਹੀਦਾ ਹੈ। ਕਾਂਗਰਸ ਵੱਲੋਂ ਫੈਲਾਏ ਜਾ ਰਹੇ ਝੂਠ ਨਾਲ ਨੌਜਵਾਨ ਪੀੜ੍ਹੀ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਖ਼ੁਦ ਇਹ ਜਾਣਨਾ ਚਾਹੀਦਾ ਹੈ ਕਿ ਕਾਂਗਰਸ ਦਾ ਕਾਰਜਕਾਲ ਕਿਹੋ ਜਿਹਾ ਸੀ ਅਤੇ ਉਸ ਦੌਰਾਨ ਸੂਬੇ ਦੀ ਵਿਵਸਥਾ ਦੀ ਕੀ ਸਥਿਤੀ ਸੀ।

Leave a Reply

Your email address will not be published. Required fields are marked *