ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਜਾਰੀ : ਸੂਤਰ
ਨਵੀਂ ਦਿੱਲੀ 28 ਅਗਸਤ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਭਾਵੇਂ ਹੀ ਜਨਤਕ ਤੌਰ ’ਤੇ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲੇ ਹੀ ਚੋਣ ਲੜਨ ਦੀ ਤਿਆਰੀ ਦੇ ਦਾਅਵੇ ਕਰ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ। ਸੂਤਰਾਂ ਅਨੁਸਾਰ, ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਇਕ ਹੋਰ ਅਹਿਮ ਮੀਟਿੰਗ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਗੱਲਬਾਤ ਮੁੱਖ ਤੌਰ ’ਤੇ ਤਿੰਨ ਅਣਸੁਲਝੇ ਮੁੱਦਿਆਂ ’ਤੇ ਕੇਂਦਰਿਤ ਹੈ : ਸੀਟਾਂ ਦੀ ਵੰਡ ਦਾ ਫਾਰਮੂਲਾ, ਵਿਧਾਨ ਸਭਾ ਹਲਕਿਆਂ ਦੀ ਪਛਾਣ, ਲੀਡਰਸ਼ਿਪ ਦਾ ਪ੍ਰਬੰਧ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਏ ਇਕ ਪ੍ਰਸਤਾਵ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਨੂੰ 70 ਅਤੇ ਭਾਜਪਾ ਨੂੰ 47 ਸੀਟਾਂ ਦਿੱਤੀਆਂ ਜਾ ਸਕਦੀਆਂ ਹਨ। ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਦੀ ਸਿਆਸੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਪੰਥਕ ਪਾਰਟੀ ਨੂੰ ’ਵੱਡੇ ਭਰਾ’ ਵਜੋਂ ਦੇਖਿਆ ਜਾਣਾ ਚਾਹੀਦਾ। ਹਾਲਾਂਕਿ ਭਾਜਪਾ ਦਾ ਇਕ ਧੜਾ ਲਗਭਰ ਬਰਾਬਰ ਵੰਡ ’ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਾਰਟੀ ਦੇ ਬਿਹਤਰ ਚੋਣ ਪ੍ਰਦਰਸ਼ਨ ਅਤੇ ਸੰਗਠਨਾਤਮਕ ਵਿਸਥਾਰ ਨੂੰ ਦੇਖਦੇ ਹੋਏ ਉਸ ਨੂੰ ਪਿਛਲੇ ਗਠਜੋੜਾਂ ਦੀ ਤੁਲਨਾ ’ਚ ਵੱਧ ਹਿੱਸੇਦਾਰੀ ਮਿਲਣੀ ਚਾਹੀਦੀ ਹੈ। ਗਠਜੋੜ ’ਚ ਦੂਜਾ ਵੱਡਾ ਮੁੱਦਾ ਇਹ ਤੈਅ ਕਰਨਾ ਹੈ ਕਿ ਕਿਹੜੀ ਪਾਰਟੀ ਕਿਹੜੀਆਂ ਸੀਟਾਂ ਤੋਂ ਚੋਣ ਲੜੇਗੀ। ਪੁਰਾਣੇ ਗਠਜੋੜ ਦੌਰਾਨ, ਭਾਜਪਾ ਰਵਾਇਤੀ ਤੌਰ ’ਤੇ ਸ਼ਹਿਰੀ ਖੇਤਰਾਂ ਦੀਆਂ 23 ਸੀਟਾਂ ’ਤੇ ਚੋਣ ਲੜਦੀ ਸੀ, ਜਦੋਂ ਕਿ ਅਕਾਲੀ ਦਲ ਮੁੱਖ ਤੌਰ ’ਤੇ ਪੰਜਾਬ ਦੇ ਪੇਂਡੂ ਹਲਕਿਆਂ ’ਚ ਚੋਣ ਮੈਦਾਨ ’ਚ ਉਤਰਦਾ ਸੀ।

