ਦੇਸ਼-ਵਿਦੇਸ਼ਪੰਜਾਬਪਟਿਆਲਾ

ਪੰਜਾਬ ਦੇ ਲੱਖਾਂ ਐਸ.ਸੀ ਵਿਦਿਆਰਥੀਆਂ ਦਾ ਮਾਮਲਾ ਹੱਲ ਕਰਨ ਲਈ ਡਿਪਟੀ ਸਪੀਕਰ ਕੋਲ ਗੁਹਾਰ

ਡਿਪਟੀ ਸਪੀਕਰ ਨੇ ਮੁੱਖ ਮੰਤਰੀ ਨੂੰ ਮੌਕੇ ‘ਤੇ ਲਿਖਿਆ ਮਾਮਲਾ ਹੱਲ ਕਰਨ ਲਈ ਪੱਤਰ
ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਨੂੰ ਤੁਰੰਤ ਹੱਲ ਕਰੇ: ਡਾ. ਜਤਿੰਦਰ ਮੱਟੂ
ਪਟਿਆਲਾ 23 ਮਈ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਅਨੁਸੂਚਿਤ ਜਾਤੀਆਂ ਅਤੇ ਓ.ਬੀ.ਸੀ ਵਰਗ ਨਾਲ ਸਬੰਧਿਤ ਬੱਚਿਆਂ ਦੀ ਉੱਚ ਸਿੱਖਿਆ ਹਾਸਿਲ ਕਰਨ ਦੇ ਰਸਤੇ ਬੰਦ ਕਰਨ ਦੀ ਸਾਜਿਸ਼ ਨੇ ਪੰਜਾਬ ਵਿਚ ਇਸ ਵਰਗ ਦੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ।

ਪੰਜਾਬ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਸਿੱਖਿਆ ਹਾਸਿਲ ਕਰਨ ਵਾਲੇ ਇੰਨਾਂ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਉਜੜਨ ਤੋਂ ਬਚਾਉਣ ਲਈ ਅੱਜ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ, ਪੰਜਾਬ ਦੇ ਸੂਬਾਈ ਆਗੂ ਅਤੇ ਪੰਜਾਬ ਦੇ ਐਸ.ਸੀ ਵਰਗ ਦੇ ਲੋਕਾਂ ਦੇ ਹੱਕਾਂ ਲਈ ਆਵਾਜ ਬੁਲੰਦ ਕਰਦੇ ਆ ਰਹੇ ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਕੋਲ ਇਹ ਮਾਮਲਾ ਰੱਖਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਫੌਰੀ ਦਖਲਅੰਦਾਜੀ ਕਰਕੇ ਇਸ ਨੂੰ ਹੱਲ ਕਰਨ ਲਈ ਗੁਹਾਰ ਲਗਾਈ। ਇਸ ਮੌਕੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਨੇ ਮਾਮਲੇ ਬਾਰੇ ਸਾਰੀ ਜਾਣਕਾਰੀ ਲੈਣ ਤੋਂ ਤੁਰੰਤ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਸ.ਸੀ ਭਾਈਚਾਰੇ ਦੇ ਬੱਚਿਆਂ ਦੇ ਇਸ ਗੰਭੀਰ ਮਾਮਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਬੇਨਤੀ ਪੱਤਰ ਭੇਜਿਆ। ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਹ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜ਼ੀ ਤੌਰ ‘ਤੇ ਮਿਲ ਕੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਕੱਢਣ ਲਈ ਗੱਲਬਾਤ ਕਰਨਗੇ।ਐਸ.ਸੀ ਵਰਗ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਵਿਚ 34 ਫੀਸਦੀ ਐਸ.ਸੀ ਭਾਈਚਾਰਾ ਹੈ ਜਿਸਦੀ ਜਨਸੰਖਿਆ 1 ਕਰੋੜ ਤੋਂ ਵੱਧ ਹੈ। ਹਰ ਸਾਲ ਤਿੰਨ ਲੱਖ ਤੋਂ ਵੱਧ ਐਸ.ਸੀ ਵਿਦਿਆਰਥੀ ਪੋਸਟ ਮੈਟ੍ਰਿਕ ਸਕੀਮ ਤਹਿਤ ਮੁਫਤ ਉੱਚ ਸਿੱਖਿਆ ਹਾਸਿਲ ਕਰਨ ਲਈ ਆਨ ਲਾਈਨ ਰਜਿਸਟਰਡ ਹੁੰਦੇ ਹਨ। ਕੇਂਦਰ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਕੀਤੀਆਂ ਗਈਆਂ ਨਵੀਆਂ ਸੋਧਾਂ ਨੇ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਉੱਚ ਸਿੱਖਿਆ ਹਾਸਿਲ ਕਰਨ ਦੇ ਰਸਤੇ ਬੰਦ ਕਰ ਦਿੱਤੇ ਹਨ।ਇਸ ਵਰਗ ਨਾਲ ਸਬੰਧਿਤ ਗਰੀਬ ਲੋਕ ਆਪਣੇ ਬੱਚਿਆਂ ਦੇ ਉੱਚ ਸਿੱਖਿਆ ਹਾਸਿਲ ਕਰਨ ਲਈ ਦਾਖਲਿਆਂ ਸਮੇਂ ਭਾਰੀ ਭਰਕਮ ਫੀਸਾਂ ਕਿੱਥੋਂ ਲਿਆ ਕੇ ਭਰਨਗੇ। ਇਸ ਤੋਂ ਇਲਾਵਾ ਪੰਜਾਬ ਵਿਚ ਵੱਖ ਵੱਖ ਕੋਰਸਾਂ ਵਿਚ ਸਿੱਖਿਆ ਹਾਸਿਲ ਕਰ ਰਹੇ ਬੱਚੇ ਆਪਣੀ ਅਗਲੇਰੀ ਪੜਾਈ ਕਿਵੇਂ ਜਾਰੀ ਰੱਖਣਗੇ ਇਸ ਗੱਲ ਦੀ ਚਿੰਤਾ ਨੇ ਵੀ ਲੱਖਾਂ ਮਾਪਿਆਂ ਨੂੰ ਬੇਚੈਨ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਕ ਅਜੀਬੋ ਗਰੀਬ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਜੇ ਪੰਜਾਬ ਵਿਚ ਸਕਾਲਰਸ਼ਿਪ ਦੀ ਸਾਲਾਨਾ ਰਾਸ਼ੀ 750 ਕਰੋੜ ਰੁਪਏ ਤੋਂ ਵਧੇਗੀ ਤਾਂ ਕੇਂਦਰ ਸਰਕਾਰ ਉਸਦਾ ਭੁਗਤਾਨ ਕਰੇਗੀ ਜਦਕਿ ਪੰਜਾਬ ਵਿਚ ਇਹ ਰਾਸ਼ੀ 750 ਕਰੋੜ ਤੋਂ ਘੱਟਦੀ ਜਾ ਰਹੀ ਹੈ।ਟੇਢੇ ਢੰਗ ਨਾਲ ਕੇਂਦਰ ਸਰਕਾਰ ਐਸ.ਸੀ ਵਿਦਿਆਰਥੀਆਂ ਨੂੰ ਸਿੱਖਿਆ ਹਾਸਿਲ ਕਰਕੇ ਆਪਣਾ ਸਮਾਜਿਕ ਅਤੇ ਆਰਥਿਕ ਪੱਧਰ ਉਚਾ ਚੁੱਕਣ ਤੋਂ ਰੋਕਣ ਦੀ ਸਾਜਿਸ਼ ਘੜ ਰਹੀ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਐਨਾ ਵੱਡਾ ਲੋਕ ਮਾਰੂ ਫੈਸਲਾ ਨਹੀਂ ਲਾਗੂ ਕਰਨ ਦਿੱਤਾ ਜਾਵੇਗਾ। ਇਸ ਲਈ ਪੰਜਾਬ ਭਰ ਵਿਚ ਭਾਜਪਾ ਸਰਕਾਰ ਖਿਲਾਫ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਸਰਕਾਰ ਨੇ ਜੇਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਕੀਤੀਆਂ ਸੋਧਾਂ ਵਾਲਾ ਫੈਸਲਾ ਵਾਪਿਸ ਨਾ ਲਿਆ ਤਾਂ ਲੱਖਾਂ ਬੱਚੇ ਜ਼ੁਰਮ ਅਤੇ ਨਸ਼ਿਆਂ ਦੀ ਦਲਦਲ ਵਿਚ ਧਸ ਸਕਦੇ ਹਨ।ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਇਕ ਕਰੋੜ ਦੇ ਲਗਭਗ ਜਨਸੰਖਿਆ ਵਾਲੇ ਐਸ.ਸੀ ਭਾਈਚਾਰੇ ਨੂੰ ਫੌਰੀ ਮਦਦ ਦਿੱਤੀ ਜਾਵੇ ਕਿਉਂਕਿ ਥੋੜੇ ਦਿਨਾਂ ਬਾਅਦ ਹੀ ਦਾਖਲੇ ਸ਼ੁਰੂ ਹੋ ਜਾਣਗੇ।ਬੱਚਿਆਂ ਨੂੰ ਸਿੱਖਿਆ ਸੰਸਥਾਨਾ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਪੰਜਾਬ ਸਰਕਾਰ ਨੂੰ ਫੌਰੀ ਕਦਮ ਚੁੱਕਣੇ ਚਾਹੀਦੇ ਹਨ।

Leave a Reply

Your email address will not be published. Required fields are marked *