ਪੰਜਾਬ

ਸਰਹੱਦੀ ਖੇਤਰ ਦੇ ਬੰਦ ਕੀਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼

ਚੰਡੀਗੜ੍ਹ, 30 ਸਤੰਬਰ (ਮਧੂਸਾਰ ਬਿਊਰੋ)
ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਨੂੰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਲੇ 10 ਕਿਲੋਮੀਟਰ ਖੇਤਰ ਦੇ ਬੰਦ ਕੀਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਉਸ ਦੇ ਨਾਲ ਲੱਗਦੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਲਈ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਦਾਖਲਾ ਨਹੀਂ ਲੈਣਾ ਪਵੇਗਾ ਅਤੇ ਨਾ ਹੀ ਕੋਈ ਹੋਰ ਰਸਮੀ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਿੱਧਾ ਉਥੇ ਆਪਣੀ ਸਿੱਖਿਆ ਹਾਸਲ ਕਰਨਗੇ ਅਤੇ ਜੇਕਰ ਵਿਦਿਆਰਥੀਆਂ ਦੀ ਵੱਧ ਗਿਣਤੀ ਕਾਰਨ ਕੋਈ ਲੋੜ ਪਈ ਤਾਂ ਇਨ੍ਹਾਂ ਲਈ ਵੱਖਰਾ ਸੈਕਸ਼ਨ ਵੀ ਸਥਾਪਤ ਕੀਤਾ ਜਾਵੇਗਾ। ਡਾ. ਚੀਮਾ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਦੇ 10 ਕਿਲੋ ਮੀਟਰ ਖੇਤਰ ਦਾ ਕੋਈ ਵੀ ਵਿਦਿਆਰਥੀ ਜੇਕਰ ਰਾਹਤ ਕੈਂਪਾਂ ਦੀ ਬਜਾਏ ਪੰਜਾਬ ਦੀ ਕਿਸੇ ਵੀ ਥਾਂ ਆਪਣੀ ਰਿਸ਼ਤੇਦਾਰੀ ਜਾਂ ਹੋਰ ਥਾਂ ਉਪਰ ਚਲਾ ਗਿਆ ਹੋਵੇ ਤਾਂ ਉਹ ਉਥੇ ਆਪਣੇ ਨੇੜਲੇ ਸਕੂਲ ਵਿੱਚ ਬਿਨਾਂ ਕਿਸੇ ਰਸਮੀ ਕਾਰਵਾਈ ਜਾਂ ਦਾਖਲੇ ਤੋਂ ਸਿੱਖਿਆ ਹਾਸਲ ਕਰ ਸਕੇਗਾ।
ਡਾ.ਚੀਮਾ ਨੇ ਕਿਹਾ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸਰਹੱਦ ਨੇੜਲੇ 267 ਸਕੂਲ (ਸਮੇਤ ਪ੍ਰਾਇਮਰੀ, ਹਾਈ ਤੇ ਸੀਨੀਅਰ ਸੈਕੰਡਰੀ) ਬੰਦ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੰਦ ਕੀਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ 1 ਅਕਤਬੂਰ ਤੇ 2 ਅਕਤਬੂਰ ਨੂੰ ਛੁੱਟੀ ਹੈ ਅਤੇ 3 ਅਕਤੂਬਰ ਸੋਮਵਾਰ ਤੋਂ ਸਾਰੇ ਵਿਦਿਆਰਥੀਆਂ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਜਾਣਗੇ। ਇਸ ਸਬੰਧੀ ਵਿਭਾਗ ਵੱਲੋਂ ਭਲਕੇ ਇਸ ਸਬੰਧੀ ਲਿਖਤੀ ਨਿਰਦੇਸ਼ ਜਾਰੀ ਹੋ ਜਾਣਗੇ।

Leave a Reply

Your email address will not be published. Required fields are marked *