ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਅਤੇ ਉਸਦੇ ਪਤੀ ਦੀਆਂ ਮੁਸ਼ਕਲਾਂ ਵਧੀਆਂ

ਨਵੀਂ ਦਿੱਲੀ 8 ਸਤੰਬਰ (ਮਧੂਸਾਰ ਬਿਊਰੋ) ਚੰਡੀਗੜ੍ਹ ਭਾਰਤ ਦੇ ਪੰਜਾਬ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਅਤੇ ਉੱਥੇ ਜਾ ਕੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨਾਲ ਜੁੜੇ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਿਰ ਨੇ ਆਪਣੇ ਪਤੀ ਅਤੇ ਉਸ ਦੀ ਨਵੀਂ ਪਤਨੀ ਸਰਬਜੀਤ ਕੌਰ ਖ਼ਿਲਾਫ਼ ਲਾਹੌਰ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸਾਇਮਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕਰਵਾਏ ਹਨ। ਉਸ ਦਾ ਦੋਸ਼ ਹੈ ਕਿ ਨਾਸਿਰ ਨੇ ਪਾਕਿਸਤਾਨੀ ਫੈਮਿਲੀ ਲਾਅ ਦੀ ਉਲੰਘਣਾ ਕਰਦਿਆਂ ਪਹਿਲੀ ਪਤਨੀ ਦੀ ਇਜਾਜ਼ਤ ਅਤੇ ਸਹਿਮਤੀ ਤੋਂ ਬਿਨਾਂ ਇਹ ਦੂਜਾ ਵਿਆਹ ਕਰਵਾਇਆ ਹੈ। ਸਾਇਮਾ ਨੇ ਆਪਣੇ ਚਾਰ ਨਾਬਾਲਗ ਬੱਚਿਆਂ ਦੀ ਦੇਖਭਾਲ ਲਈ ਗੁਜ਼ਾਰਾ ਭੱਤਾ ਦੇਣ ਅਤੇ ਰਹਿਣ ਲਈ ਘਰ ਦਾ ਪ੍ਰਬੰਧ ਕਰਨ ਦੀ ਅਦਾਲਤ ਤੋਂ ਮੰਗ ਕੀਤੀ ਹੈ।
ਅਦਾਲਤ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਅਨੁਸਾਰ ਸਾਇਮਾ ਨੇ ਦੋਸ਼ ਲਗਾਇਆ ਹੈ ਕਿ ਭਾਰਤ ਤੋਂ ਆਈ ਸਰਬਜੀਤ ਕੌਰ ਨੇ ਉਸ ਦੇ ਘਰ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ। ਉਸ ਨੇ ਦੱਸਿਆ ਕਿ ਨਾਸਿਰ ਨੇ ਉਸ ਨੂੰ ਅਤੇ ਉਸ ਦੇ ਚਾਰ ਛੋਟੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ, ਉਨ੍ਹਾਂ ਦੇ ਕੱਪੜੇ ਤੱਕ ਸੁੱਟ ਦਿੱਤੇ ਅਤੇ ਪਰਿਵਾਰ ਦੇ ਖਾਣ-ਪੀਣ ਦਾ ਸਹਾਰਾ ਵੀ ਖੋਹ ਲਿਆ। ਸਾਇਮਾ ਦਾ ਕਹਿਣਾ ਹੈ ਕਿ ਪਿਛਲੇ 10 ਮਹੀਨਿਆਂ ਤੋਂ ਨਾਸਿਰ ਨੇ ਨਾ ਤਾਂ ਉਨ੍ਹਾਂ ਨਾਲ ਕੋਈ ਸੰਪਰਕ ਕੀਤਾ ਹੈ ਅਤੇ ਨਾ ਹੀ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕੋਈ ਖਰਚਾ ਜਾਂ ਹੱਕ-ਮੇਹਰ ਦੀ ਰਕਮ ਅਦਾ ਕੀਤੀ ਹੈ। ਚਾਰ ਨਾਬਾਲਗ ਬੱਚਿਆਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਦਾ ਭਵਿੱਖ ਹੁਣ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਬਣ ਗਿਆ ਹੈ।

Leave a Reply

Your email address will not be published. Required fields are marked *