ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਫ਼ਿਲਮ ‘ਸਤਲੁਜ’ ਲਈ ਲੱਗੀ ਗੋਲਕ ਦੀ ਰਾਸ਼ੀ ਪਿੰਗਲਵਾੜੇ ਨੂੰ ਹੋਵੇਗੀ ਭੇਟ

ਪੰਚਕੂਲਾ, ਨਾਭਾ 20 ਸਤੰਬਰ (ਮਧੂਸਾਰ ਬਿਊਰੋ) ਫ਼ਿਲਮ ‘ਸਤਲੁਜ’ ਦੇ ਸਮਰਥਨ ਵਿੱਚ ਨਾਭਾ ਨੇੜਲੇ ਥੂਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਈ ਗਈ ਗੋਲਕ ਹੁਣ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋਵੇਗੀ। ਫ਼ਿਲਮ ਦੇ ਨਿਰਮਾਤਾ ਹਨੀ ਤਰੇਹਨ ਨੇ ਗੋਲਕ ਵਿੱਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ, ਅੰਮ੍ਰਿਤਸਰ ਨੂੰ ਭੇਟ ਕਰਨ ਦੀ ਇੱਛਾ ਪ੍ਰਗਟਾਈ ਹੈ। ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਅਣਮੁੱਲੇ ਸਮਰਥਨ ਲਈ ਦਿਲੋਂ ਧੰਨਵਾਦ ਵੀ ਕੀਤਾ।
ਹਨੀ ਤਰੇਹਨ ਨੇ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਥੂਹੀ ਨੂੰ ਟੈਗ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ‘ਸਤਲੁਜ’ ਪਿੰਡ ਤੱਕ ਪਹੁੰਚੀ ਅਤੇ ਲੋਕਾਂ ਨੇ ਇਸ ਨੂੰ ਇੰਨਾ ਪਿਆਰ ਦਿੱਤਾ। ਉਨ੍ਹਾਂ ਲਿਖਿਆ, “ਸਾਨੂੰ ਸਿਰਫ਼ ਤੁਹਾਡਾ ਪਿਆਰ ਅਤੇ ਅਸ਼ੀਰਵਾਦ ਚਾਹੀਦਾ ਹੈ।” ਉਨ੍ਹਾਂ ਪਿੰਡ ਵਾਸੀਆਂ ਦਾ ਇਸ ਵਿਲੱਖਣ ਉਪਰਾਲੇ ਲਈ ਧੰਨਵਾਦ ਵੀ ਕੀਤਾ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਥੂਹੀ ਨੇ ਦੱਸਿਆ ਕਿ ਹਨੀ ਤ੍ਰੇਹਨ ਨੇ ਸੁਨੇਹਾ ਭੇਜ ਕੇ ਬੇਨਤੀ ਕੀਤੀ ਹੈ ਕਿ ਗੋਲਕ ਵਿੱਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ ਅੰਮ੍ਰਿਤਸਰ ਨੂੰ ਭੇਟ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਫ਼ਿਲਮ ਨਿਰਮਾਤਾ ਦੀ ਸਾਦਗੀ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਡੂੰਘਾ ਪਿਆਰ ਕਰਨ ਵਾਲੀਆਂ ਅਤੇ ਕਾਮਯਾਬੀ ਦੀਆਂ ਉੱਚਾਈਆਂ ’ਤੇ ਪਹੁੰਚ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਅਜਿਹੀਆਂ ਸ਼ਖ਼ਸੀਅਤਾਂ ’ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਹਨੀ ਤ੍ਰੇਹਨ ਦੀ ਇੱਛਾ ਅਨੁਸਾਰ ਗੋਲਕ ਖੋਲ੍ਹ ਕੇ ਸਾਰੀ ਰਾਸ਼ੀ ਪਿੰਗਲਵਾੜਾ ਨੂੰ ਭੇਟ ਕੀਤੀ ਜਾਵੇਗੀ।

Leave a Reply

Your email address will not be published. Required fields are marked *