ਅੰਮ੍ਰਿਤਸਰਚੰਡੀਗੜ੍ਹਪੰਜਾਬ

ਪੰਜਾਬ ਦੀ ਜਨਤਾ ਨਸ਼ਿਆਂ ਵਿਰੁੱਧ ਨਿਰਣਾਇਕ ਲੜਾਈ ਚਾਹੁੰਦੀ ਹੈ: ਭਾਜਪਾ

‘ਆਪ’ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਨੌਜਵਾਨੀ ਨਾਲ ਧੋਖਾ ਕੀਤਾ: ਸਰਦਾਰ ਬਲਦੇਵ ਸਿੰਘ ਔਲਖ

ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ; ਪੰਜਾਬ ਦੀ ਜਵਾਨੀ ਬਚਾਉਣ ਲਈ ਲੋਕ ਭਾਜਪਾ ਨਾਲ ਡਟੇ

ਨਸ਼ਿਆਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਤਬਾਹ ਕੀਤੀਆਂ, ‘ਆਪ’ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਸਿਰਫ਼ ਦਾਅਵੇ ਕੀਤੇ: ਮਨਪ੍ਰੀਤ ਸਿੰਘ ਬਾਦਲ

ਨਸ਼ਾ ਮੁਕਤ ਪੰਜਾਬ ਲਈ ਸਪਲਾਈ ਚੇਨ ਤੋੜਨਾ, ਨਸ਼ਾ ਪੀੜਤਾਂ ਦਾ ਇਲਾਜ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ—ਭਾਜਪਾ ਦੀ ਤਿੰਨ-ਪੱਖੀ ਰਣਨੀਤੀ

ਡੇਰਾ ਬਾਬਾ ਨਾਨਕ/ਧਿਆਨਪੁਰ, 22 ਸਤੰਬਰ:(ਮਧੂਸਾਰ ਬਿਊਰੋ) ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸਰਦਾਰ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਮਿਲ ਰਿਹਾ ਹੁੰਗਾਰਾ ਦਰਸਾਉਂਦਾ ਹੈ ਕਿ ਲੋਕ ਨਸ਼ਿਆਂ ਵਿਰੁੱਧ ਠੋਸ ਅਤੇ ਨਿਰਣਾਇਕ ਕਾਰਵਾਈ ਚਾਹੁੰਦੇ ਹਨ। ਡੇਰਾ ਬਾਬਾ ਨਾਨਕ ਅਤੇ ਕੋਟਲੀ ਸੂਰਤ ਮੱਲੀ ਵਿਖੇ ਜਸਦੀਪ ਸਿੰਘ ਰੰਧਾਵਾ ਅਤੇ ਵਿਜੈ ਸੋਨੀ ਵੱਲੋਂ ਕਰਵਾਈਆਂ ਰੈਲੀਆਂ ਦੌਰਾਨ ਸਰਦਾਰ ਔਲਖ ਨੇ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੁਝ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਸਨ। ਸਾਢੇ ਚਾਰ ਸਾਲ ਬਾਅਦ ਵੀ ਨਸ਼ਿਆਂ ਦੀ ਸਮੱਸਿਆ ਕਾਇਮ ਰਹਿਣ ’ਤੇ ਸਰਕਾਰ ਨੂੰ ਆਪਣੇ ਵਾਅਦਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਲਾਨਾਂ ਅਤੇ ਇਸ਼ਤਿਹਾਰਾਂ ਦੀ ਥਾਂ ਹੁਣ ਨਸ਼ਾ ਤਸਕਰੀ ਦੀ ਪੂਰੀ ਲੜੀ ’ਤੇ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਡੇ ਤਸਕਰਾਂ, ਸਪਲਾਇਰਾਂ, ਵਿੱਤੀ ਸਰੋਤਾਂ ਅਤੇ ਗੈਂਗ ਨੈੱਟਵਰਕਾਂ ’ਤੇ ਕਾਨੂੰਨ ਅਨੁਸਾਰ ਪ੍ਰਭਾਵਸ਼ਾਲੀ ਕਾਰਵਾਈ ਕੀਤੇ ਬਿਨਾਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣਾ ਮੁਸ਼ਕਲ ਹੈ। ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਹਨ, ਪਰ ਉਨ੍ਹਾਂ ਨੂੰ ਪ੍ਰਸ਼ਾਸਨਿਕ ਸਹਿਯੋਗ ਅਤੇ ਬਿਨਾਂ ਸਿਆਸੀ ਦਬਾਅ ਦੇ ਕਾਰਵਾਈ ਦਾ ਮਾਹੌਲ ਮਿਲਣਾ ਚਾਹੀਦਾ ਹੈ।

ਸਰਦਾਰ ਔਲਖ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਖੇਡਾਂ, ਮਿਹਨਤ, ਬਹਾਦਰੀ ਅਤੇ ਖੁਸ਼ਹਾਲੀ ਨਾਲ ਰਹੀ ਹੈ। ਨਸ਼ਿਆਂ ਵਿਰੁੱਧ ਲੜਾਈ ਨੂੰ ਸਮਾਜਿਕ ਅਤੇ ਕਾਨੂੰਨੀ ਦੋਵੇਂ ਪੱਧਰਾਂ ’ਤੇ ਮਜ਼ਬੂਤ ਕਰਕੇ ਪੰਜਾਬ ਦੀ ਜਵਾਨੀ ਨੂੰ ਮੁੜ ਵਿਕਾਸ ਦੀ ਧਾਰਾ ਨਾਲ ਜੋੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਨਸ਼ਾ ਮੁਕਤ ਭਾਰਤ ਦੇ ਸੰਕਲਪ ਤਹਿਤ ਭਾਜਪਾ ਪੰਜਾਬ ਵਿੱਚ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਕਾਰਵਾਈ ਦੇ ਮੁੱਦੇ ਨੂੰ ਉਠਾ ਰਹੀ ਹੈ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੇ ਪੰਜਾਬ ਨੂੰ ਕੁਝ ਮਹੀਨਿਆਂ ਵਿੱਚ ਨਸ਼ਾ ਮੁਕਤ ਕਰਨ ਦੀ ਗਾਰੰਟੀ ਦਿੱਤੀ ਸੀ, ਉਸ ਨੂੰ ਹੁਣ ਆਪਣੇ ਕਾਰਜਕਾਲ ਦੇ ਨਤੀਜਿਆਂ ਬਾਰੇ ਜਵਾਬ ਦੇਣਾ ਚਾਹੀਦਾ ਹੈ। ਪੰਜਾਬ ਦੀ ਜਵਾਨੀ ਦੀ ਬਰਬਾਦੀ ਨੂੰ ਸਿਰਫ਼ ਬਿਆਨਾਂ ਨਾਲ ਨਹੀਂ ਰੋਕਿਆ ਜਾ ਸਕਦਾ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਜਨੀਸ਼ ਧਿਮਾਨ ਨੇ ਕਿਹਾ ਕਿ ਨਸ਼ਿਆਂ ਦੀ ਲੜਾਈ ਨਸ਼ਾ ਪੀੜਤ ਨੌਜਵਾਨਾਂ ਵਿਰੁੱਧ ਨਹੀਂ, ਸਗੋਂ ਤਸਕਰਾਂ, ਸਪਲਾਇਰਾਂ ਅਤੇ ਪੂਰੇ ਨੈੱਟਵਰਕ ਵਿਰੁੱਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਸਾਡੇ ਬੱਚਿਆਂ ਨੂੰ ਜ਼ਹਿਰ ਦੇਵੇ ਅਤੇ ਅਸੀਂ ਵੇਖਦੇ ਰਹੀਏ—ਇਹ ਨਹੀਂ ਹੋ ਸਕਦਾ।”

ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਯਾਤਰਾ ਕੋਆਰਡੀਨੇਟਰ ਸਰਦਾਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਤਿੰਨ ਮੋਰਚਿਆਂ ’ਤੇ ਕੰਮ ਕਰਨਾ ਜ਼ਰੂਰੀ ਹੈ—ਸਪਲਾਈ ਚੇਨ ਤੋੜਨਾ, ਨਸ਼ਾ ਪੀੜਤਾਂ ਦਾ ਪ੍ਰਭਾਵਸ਼ਾਲੀ ਇਲਾਜ ਤੇ ਪੁਨਰਵਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ, ਖੇਡਾਂ ਤੇ ਸਿਹਤਮੰਦ ਮੌਕੇ ਪੈਦਾ ਕਰਨਾ। ਉਨ੍ਹਾਂ ਕਿਹਾ, “ਨੌਜਵਾਨ ਦੇ ਹੱਥ ਵਿੱਚ ਨਸ਼ਾ ਨਹੀਂ, ਰੁਜ਼ਗਾਰ ਹੋਵੇ; ਨਿਰਾਸ਼ਾ ਨਹੀਂ, ਸੁਪਨੇ ਹੋਣ; ਨਸ਼ਾ ਤਸਕਰਾਂ ਦਾ ਡਰ ਨਹੀਂ, ਕਾਨੂੰਨ ਦਾ ਰਾਜ ਹੋਵੇ।” ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਪੰਜਾਬ ਦੀ ਜਵਾਨੀ ਅਤੇ ਨਸ਼ੇ ਤੋਂ ਪੀੜਤ ਪਰਿਵਾਰਾਂ ਦੀ ਆਵਾਜ਼ ਬਣ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਮੁੱਦੇ ’ਤੇ ਸਮਾਜਿਕ ਤੌਰ ’ਤੇ ਇਕਜੁੱਟ ਹੋਣ ਦੀ ਅਪੀਲ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਉਸਦੀ ਊਰਜਾ ਨੂੰ ਸੂਬੇ ਅਤੇ ਦੇਸ਼ ਦੀ ਤਰੱਕੀ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨਾ ਇਸ ਲੜਾਈ ਦਾ ਕੇਂਦਰੀ ਹਿੱਸਾ ਹੈ। ਇਸ ਮੌਕੇ ਜਸਦੀਪ ਸਿੰਘ ਰੰਧਾਵਾ, ਪਰਮੀਤ ਸਿੰਘ ਬੇਦੀ, ਪਰਮਿੰਦਰ ਸਿੰਘ ਘਣੀਆਂ, ਵਿਜੈ ਸੋਨੀ, ਹਰਵਿੰਦਰ ਸਿੰਘ ਸੰਧੂ, ਕਮਲ ਜੋਤੀ ਅਤੇ ਪ੍ਰਦੀਪ ਸਮੇਤ ਹੋਰ ਆਗੂ ਮੌਜੂਦ ਸਨ।

Leave a Reply

Your email address will not be published. Required fields are marked *