ਅੰਮ੍ਰਿਤਸਰਚੰਡੀਗੜ੍ਹਪੰਜਾਬ

ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਹੀ ‘ਆਪ’ ਸਰਕਾਰ ਨਿਸ਼ਾਨਾ ਬਣਾਉਂਦੀ ਹੈ: ਅਰਜੁਨ ਰਾਮ ਮੇਘਵਾਲ

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਿਰਫ਼ ਸਿਆਸੀ ਮੁੱਦਾ ਨਹੀਂ, ਪੰਜਾਬ ਦੀ ਪੀੜ੍ਹੀ ਨੂੰ ਬਚਾਉਣ ਦਾ ਸੰਕਲਪ ਹੈ”

ਰੰਗਲਾ ਪੰਜਾਬ ਬਣਾਉਣ ਤੋਂ ਪਹਿਲਾਂ ਪੰਜਾਬ ਨੂੰ ਬਚਾਉਣਾ ਪਵੇਗਾ; ‘ਆਪ’ ਸਰਕਾਰ ਨੇ ਪੰਜਾਬ ਨੂੰ ਨਸ਼ੇ ਅਤੇ ਅਸੁਰੱਖਿਆ ਵੱਲ ਧੱਕਿਆ”: ਸੁਨੀਲ ਜਾਖੜ

ਅੰਮ੍ਰਿਤਸਰ, 25 ਸਤੰਬਰ:(ਮਧੂਸਾਰ ਬਿਊਰੋ) ਕੇਂਦਰੀ ਕਾਨੂੰਨ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਅੰਮ੍ਰਿਤਸਰ ਨੌਰਥ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਨਸ਼ਾ ਪੀੜਤ ਪਰਿਵਾਰਾਂ ਦੇ ਦਰਦ ਨੂੰ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਕਰਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ।
ਸ੍ਰੀ ਮੇਘਵਾਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ’ ਕਿਸੇ ਪਾਰਟੀ ਦਾ ਸਿਰਫ਼ ਚੋਣ ਨਾਅਰਾ ਨਹੀਂ, ਸਗੋਂ ਪੰਜਾਬ ਦੀ ਜਵਾਨ ਪੀੜ੍ਹੀ ਅਤੇ ਪਰਿਵਾਰਾਂ ਨੂੰ ਬਚਾਉਣ ਦੀ ਲਹਿਰ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਪੰਜਾਬ ਦੇ ਘਰਾਂ ਵਿੱਚ ਮਾਵਾਂ ਆਪਣੇ ਪੁੱਤਰ ਗੁਆ ਰਹੀਆਂ ਹਨ, ਪਰਿਵਾਰ ਟੁੱਟ ਰਹੇ ਹਨ ਅਤੇ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਰਿਹਾ ਹੈ। “ਪੰਜਾਬ ਨੂੰ ਇਸ ਬਿਮਾਰੀ ਤੋਂ ਮੁਕਤ ਕਰਨਾ ਹੀ ਪਵੇਗਾ—ਸਾਡਾ ਇੱਕੋ ਨਾਅਰਾ ਹੈ: ਨਸ਼ਾ ਮੁਕਾਉਣਾ ਸਾਰਾ।”
ਸ੍ਰੀ ਮੇਘਵਾਲ ਨੇ ਕਿਹਾ ਕਿ ਕੁਝ ਲੋਕ ਇਸ ਪਵਿੱਤਰ ਅਤੇ ਲੋਕ-ਹਿਤੈਸ਼ੀ ਮੁਹਿੰਮ ਨੂੰ ਵੀ ਸਿਆਸੀ ਚਸ਼ਮੇ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਹੋ ਰਿਹਾ ਹੈ, ਉਸ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਟਰੈਕ ਰਿਕਾਰਡ ਦੱਸਦਾ ਹੈ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਬਣੀਆਂ, ਉੱਥੇ ਕਾਨੂੰਨ-ਵਿਵਸਥਾ ਅਤੇ ਸਮਾਜਿਕ ਬੁਰਾਈਆਂ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਗਏ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਦੀ ਤਾਕਤ ਰਾਹੀਂ ਅਜਿਹੀ ਸਰਕਾਰ ਚੁਣਨ ਜੋ ਨਸ਼ੇ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਕੰਮ ਲਈ ਸਮਰੱਥ ਹੈ।
ਇਸ ਮੌਕੇ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਨਾਮ ਜਪਣ, ਚੰਗੇ ਜੀਵਨ ਅਤੇ ਆਤਮਿਕ ਚੇਤਨਾ ਦਾ ਮਾਰਗ ਦਿਖਾਇਆ। ਉਨ੍ਹਾਂ ਗੁਰੂ ਸਾਹਿਬ ਦੀ ਬਾਣੀ ਗਾ ਕੇ ਵੀ ਸਰਵਣ ਕਰਵਾਈ ਅਤੇ ਕਿਹਾ ਕਿ ਅਸੀਂ ਗੁਰੂਆਂ ਵੱਲੋਂ ਦਿੱਤੀ ਜੀਵਨ-ਜਾਚ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਨਸ਼ਾ ਪੰਜਾਬ ਦੇ ਸਮਾਜਿਕ ਜੀਵਨ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਲੜਾਈ ਸਿਰਫ਼ ਨਸ਼ਾ ਕਰਨ ਵਾਲੇ ਵਿਅਕਤੀ ਨਾਲ ਨਹੀਂ, ਸਗੋਂ ਨਸ਼ੇ ਦੀ ਪੂਰੀ ਸਪਲਾਈ ਚੇਨ, ਇਸ ਦੇ ਵਪਾਰੀਆਂ ਅਤੇ ਇਸ ਨੂੰ ਪਨਾਹ ਦੇਣ ਵਾਲੇ ਤੰਤਰ ਵਿਰੁੱਧ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਅਤੇ ਨਸ਼ਾ ਪੀੜਤ ਪਰਿਵਾਰਾਂ ਨੂੰ ਮੁੜ ਖੜ੍ਹਾ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੰਦਰੁਸਤ, ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਇੱਕਜੁੱਟ ਹੋਣਾ ਪਵੇਗਾ ਅਤੇ “ਪੰਜਾਬ ਦਾ ਇੱਕੋ ਨਾਰਾਂ—ਨਸ਼ਾ ਮੁਕਾਉਣਾ ਸਾਰਾ” ਨੂੰ ਜਨ-ਅੰਦੋਲਨ ਬਣਾਉਣਾ ਪਵੇਗਾ।

“ਰੰਗਲਾ ਪੰਜਾਬ ਬਣਾਉਣ ਤੋਂ ਪਹਿਲਾਂ ਪੰਜਾਬ ਨੂੰ ਬਚਾਉਣਾ ਪਵੇਗਾ; ‘ਆਪ’ ਸਰਕਾਰ ਨੇ ਪੰਜਾਬ ਨੂੰ ਨਸ਼ੇ ਅਤੇ ਅਸੁਰੱਖਿਆ ਵੱਲ ਧੱਕਿਆ”: ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਹਨ ਕਿ ਪੰਜਾਬ ਪੁਲਿਸ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ।
ਸ੍ਰੀ ਜਾਖੜ ਨੇ ਕਿਹਾ ਕਿ “ਰੰਗਲਾ ਪੰਜਾਬ ਦੀ ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਪੰਜਾਬ ਨੂੰ ਬਚਾਉਣਾ ਪਵੇਗਾ।” ਉਨ੍ਹਾਂ ਕਿਹਾ ਕਿ ਜਿਹੜੀ ਪੰਜਾਬ ਪੁਲਿਸ ਨੇ ਅੱਤਵਾਦ ਦਾ ਡਟ ਕੇ ਮੁਕਾਬਲਾ ਕਰਕੇ ਪੰਜਾਬ ਨੂੰ ਬਚਾਇਆ, ਅੱਜ ਉਸੇ ਪੁਲਿਸ ਦੇ ਜਵਾਨਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਐਡਵਾਈਜ਼ਰੀ ਜਾਰੀ ਕਰਨੀ ਪੈ ਰਹੀ ਹੈ ਕਿ ਉਹ ਇਕੱਲੇ ਥਾਣੇ ਤੋਂ ਬਾਹਰ ਨਾ ਨਿਕਲਣ ਅਤੇ ਸਫ਼ਰ ਦੌਰਾਨ ਸਾਵਧਾਨੀਆਂ ਵਰਤਣ। ਉਨ੍ਹਾਂ ਸਵਾਲ ਕੀਤਾ ਕਿ ਜੇ ਪੰਜਾਬ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਪੰਜਾਬੀ ਦੀ ਸੁਰੱਖਿਆ ਦਾ ਕੀ ਹਾਲ ਹੋਵੇਗਾ?
ਉਨ੍ਹਾਂ ‘ਆਪ’ ਸਰਕਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ “ਘੋੜਾ ਤਾਂ ਵਧੀਆ ਸੀ, ਪਰ ਸਵਾਰ ਮਾੜਾ ਆ ਗਿਆ।” ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਝਾੜੂ ਨਾਲ ਕੂੜਾ ਸਾਫ਼ ਕਰਨ ਦਾ ਦਾਅਵਾ ਕਰਨ ਵਾਲਿਆਂ ਨੇ ਇਹ ਨਹੀਂ ਸੋਚਿਆ ਸੀ ਕਿ ਉਹੀ ਕੂੜਾ ਪੰਜਾਬ ਵਿੱਚ ਆ ਕੇ ਡਿੱਗੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਛੇ-ਛੇ ਫੁੱਟ ਦੇ ਜਵਾਨਾਂ ਨੂੰ ਤਿੰਨ-ਤਿੰਨ ਇੰਚ ਦੀਆਂ ਸਰਿੰਜਾਂ ਨੇ ਨਿਗਲ ਲਿਆ ਹੈ ਅਤੇ ਮਾਵਾਂ-ਭੈਣਾਂ ਆਪਣੇ ਘਰਾਂ ਦੇ ਚਿਰਾਗ਼ ਗੁਆ ਰਹੀਆਂ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਮਸਲਾ ਸਿਰਫ਼ ਸਰਕਾਰ ਦੀ ਨਾਕਾਮੀ ਨਹੀਂ, ਸਗੋਂ ਨਸ਼ਾ ਤਸਕਰੀ ਦੇ ਤੰਤਰ ਨਾਲ ਮਿਲੀਭੁਗਤ ਕਾਰਨ ਹੋਰ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਅਤੇ ਭ੍ਰਿਸ਼ਟਾਚਾਰ ਇੱਕ-ਦੂਜੇ ਨਾਲ ਜੁੜੀਆਂ ਸਮੱਸਿਆਵਾਂ ਹਨ ਅਤੇ ਪੰਜਾਬ ਨੂੰ ਦੋਵਾਂ ਤੋਂ ਮੁਕਤ ਕਰਨਾ ਹੋਵੇਗਾ।

ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਐਮ ਪੀ ਸ਼ਵੇਤ ਮਲਿਕ ਨੇ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਅੱਜ ਕਈ ਮਾਵਾਂ ਆਪਣੇ ਪੁੱਤਰਾਂ ਤੋਂ ਵਾਂਝੀਆਂ ਹੋ ਗਈਆਂ ਹਨ ਅਤੇ ਕਈ ਔਰਤਾਂ ਆਪਣੇ ਪਤੀਆਂ ਅਤੇ ਬੱਚਿਆਂ ਨੂੰ ਨਸ਼ਿਆਂ ਦੀ ਭੇਟ ਚੜ੍ਹਨ ਤੋਂ ਬਾਅਦ ਘਰ ਸੰਭਾਲ ਰਹੀਆਂ ਹਨ। “ਇਹ ਸਿਰਫ਼ ਅੰਕੜਿਆਂ ਦੀ ਗੱਲ ਨਹੀਂ; ਇਹ ਪੰਜਾਬ ਦੇ ਘਰ-ਘਰ ਦੀ ਤ੍ਰਾਸਦੀ ਹੈ।”

ਰਾਜ ਸਭਾ ਮੈਂਬਰ ਅਤੇ ਪਦਮ ਸ਼੍ਰੀ ਸ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਲੋਕ ਅਕਸਰ ਪੁੱਛਦੇ ਹਨ ਕਿ ਭਾਜਪਾ ਕੋਲ ਪੰਜਾਬ ਦਾ ਨਸ਼ਾ ਖ਼ਤਮ ਕਰਨ ਲਈ ਕੀ ਹੈ। ਉਨ੍ਹਾਂ ਕਿਹਾ, “ਸਾਡੇ ਕੋਲ ਯੋਗੀ ਆਦਿਤਿਆ ਨਾਥ ਜੀ ਦੀ ਮਿਸਾਲ ਹੈ, ਸਾਡੇ ਕੋਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਦ੍ਰਿੜ੍ਹ ਲੀਡਰਸ਼ਿਪ ਹੈ ਅਤੇ ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਹੈ।”
ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨਸ਼ੇ ਵਿਰੁੱਧ ਲੜਾਈ ਨੂੰ ਅੱਧ ਵਿਚਕਾਰ ਨਹੀਂ ਛੱਡਿਆ ਜਾ ਸਕਦਾ। “ਜੇ ਸਪਲਾਈ ਚੇਨ ’ਤੇ ਪੂਰਾ ਸ਼ਿਕੰਜਾ ਕੱਸਿਆ ਗਿਆ ਤਾਂ ਇਹ ਬਿਮਾਰੀ ਮੁੜ ਸਿਰ ਨਹੀਂ ਚੁੱਕੇਗੀ।” ਉਨ੍ਹਾਂ ਪੰਜਾਬ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ, ਆਪਣੇ ਪਰਿਵਾਰਾਂ ਅਤੇ ਆਪਣੇ ਪੰਜਾਬ ਨੂੰ ਬਚਾਉਣ ਲਈ ਨਸ਼ਾ ਮੁਕਤੀ ਦੀ ਇਸ ਮੁਹਿੰਮ ਨਾਲ ਜੁੜਨ।
ਸੁਖਮਿੰਦਰ ਸਿੰਘ ਪਿੰਟੂ ਨੇ ਕਿਹਾ ਹੁਣ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ—ਪੰਜਾਬ ਨੂੰ ਨਸ਼ਾ, ਭ੍ਰਿਸ਼ਟਾਚਾਰ ਅਤੇ ਅਸੁਰੱਖਿਆ ਤੋਂ ਮੁਕਤ ਕਰਕੇ ਮੁੜ ਤੰਦਰੁਸਤ ਅਤੇ ਸੁਰੱਖਿਅਤ ਪੰਜਾਬ ਬਣਾਉਣ ਲਈ ਕਿਸ ਦਿਸ਼ਾ ਵਿੱਚ ਜਾਣਾ ਹੈ।

Leave a Reply

Your email address will not be published. Required fields are marked *