ਪਟਿਆਲਾ

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਜਿੱਤੇ 1 ਗੋਲਡ ਸਮੇਤ ਕੁੱਲ 6 ਮੈਡਲ

ਪਟਿਆਲਾ: (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸਥਾਨਕ ਰਿੰਕ ਹਾਲ ਵਿਖੇ ਜੂਡੋ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਟੂਰਨਾਮੈਂਟ ਸ੍ਰੀ ਨਵਜੋਤ ਸਿੰਘ ਧਾਲੀਵਾਲ (ਜ਼ਿਲ੍ਹਾ ਖੇਡ ਅਫ਼ਸਰ, ਪਟਿਆਲਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਕਨਵੀਨਰ ਮਮਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹਿਆ। ਇਸ ਟੂਰਨਾਮੈਂਟ ਦੌਰਾਨ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀਆਂ ਖਿਡਾਰਨਾਂ ਨੇ ਬੇਹਤਰੀਨ ਤਕਨੀਕ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿੱਚ ਖ਼ਾਸ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ, ਜਿੱਥੇ -52 ਕਿੱਲੋ ਭਾਰ ਵਰਗ ਵਿੱਚ ਆਰੂਸ਼ੀ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਗੋਲਡ ਮੈਡਲ ਜਿੱਤਿਆ, ਜਦਕਿ ਇਸੇ ਭਾਰ ਵਰਗ ਵਿੱਚ ਜਸਮੀਨ ਕੌਰ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ -28 ਕਿੱਲੋ ਭਾਰ ਵਰਗ ਵਿੱਚ ਲਵਨਪ੍ਰੀਤ ਕੌਰ ਨੇ ਬਰੌਂਜ਼ ਮੈਡਲ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਡਰ-17 ਉਮਰ ਵਰਗ ਵਿੱਚ ਵੀ ਸਕੂਲ ਦੀਆਂ ਖਿਡਾਰਨਾਂ ਨੇ ਤਗ਼ਮਿਆਂ ਦੀ ਝੜੀ ਲਗਾਈ। ਇਸ ਵਰਗ ਵਿੱਚ -36 ਕਿੱਲੋ ਭਾਰ ਵਰਗ ਵਿੱਚ ਆਸਥਾ ਯਾਦਵ, -44 ਕਿੱਲੋ ਭਾਰ ਵਰਗ ਵਿੱਚ ਮਮਤਾ ਕੁਮਾਰੀ ਅਵਸਥੀ ਅਤੇ -52 ਕਿੱਲੋ ਭਾਰ ਵਰਗ ਵਿੱਚ ਸਨੇਹਾ ਨੇ ਸਖ਼ਤ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਦਿਆਂ ਕ੍ਰਮਵਾਰ ਬਰੌਂਜ਼ ਮੈਡਲ ਪ੍ਰਾਪਤ ਕੀਤੇ। ਮੁਕਾਬਲਿਆਂ ਦੌਰਾਨ ਵੱਖ-ਵੱਖ ਖੇਡ ਹਸਤੀਆਂ ਅਤੇ ਕੋਚ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸ੍ਰੀ ਜੈ ਗੋਪਾਲ ਸ਼ਰਮਾ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਕਿਸ਼ੋਰ ਕੁਮਾਰ, ਸ੍ਰੀ ਹਰਬੰਸ ਲਾਲ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀ ਮਨਪ੍ਰੀਤ ਸਿੰਘ ਮਲੱਣ, ਸ੍ਰੀ ਅਰੁਣ ਕੁਮਾਰ, ਸ੍ਰੀ ਮੋਂਟੀ, ਸ੍ਰੀ ਮਨਦੀਪ ਕੁਮਾਰ, ਸ੍ਰੀ ਸ਼ਿਵਾ, ਸ੍ਰੀ ਸੁਰਜੀਤ ਸਿੰਘ ਵਾਲੀਆ, ਸ੍ਰੀ ਮਲਕੀਤ ਸਿੰਘ, ਸ੍ਰੀ ਪਵਨ ਕੁਮਾਰ ਸਮੇਤ ਹੋਰ ਕੋਚ ਸਾਹਿਬਾਨ ਮੌਜੂਦ ਸਨ। ਖੇਡ ਅਧਿਕਾਰੀਆਂ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਪੁਲਾਂਘਾਂ ਪੁੱਟਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *