ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਵਿੱਚ ਨਸ਼ਿਆਂ ਨੂੰ ਜੜੋਂ ਖਤਮ ਕਰਨ ਵਿੱਚ ਸਾਰੀਆਂ ਸਰਕਾਰਾਂ ਫੇਲ ਹੀ ਸਾਬਿਤ ਹੋਈਆਂ—ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਮਾਜ ਸੇਵੀ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਮੌਜ਼ੂਦਾ ਹਲਾਤਾ ਨੂੰ ਅਤੀ ਚਿੰਤਾਯੋਗ ਦੱਸਦਿਆਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਗਾਲ ਕੇ ਰੱਖ ਦਿੱਤਾ। ਇਸ ਦੇ ਬਾਵਜੂਦ ਵੀ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਸੁਦਾਗਰਾਂ ਖਿਲਾਫ ਉਹਨਾਂ ਨੂੰ ਫੜਨ ਤੇ ਸਖਤ ਸਜਾਵਾਂ ਦੇਣ ਦੇ ਫੈਸਲੇ ਨਹੀਂ ਲਏ ਗਏ। ਸਿਰਫ ਰਾਜਨੀਤੀ ਹੀ ਹੋਈ ਹੈ ਭਾਵੇਂ ਪੂਰਾ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਖਤਮ ਕਿਉਂ ਨਾ ਹੋ ਜਾਵੇ ਮਾਨ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਵਿਧਾਨ ਸਭਾ ਚੋਣਾਂ ਦੋਰਾਨ ਲੋਕਾਂ ਨੇ ਹੱਦੋ ਵੱਧ ਭਰੋਸਾ ਕਰਕੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਸਰਕਾਰ ਨਸ਼ਿਆਂ ਨੂੰ ਪੰਜਾਬ ਵਿੱਚ ਪਹਿਲ ਦੇ ਆਧਾਰ ਤੇ ਖਤਮ ਕਰੇਗੀ ਪਰ ਇਹ ਸਰਕਾਰ ਬਣੀ ਨੂੰ 26 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਨਸ਼ੇ ਪਹਿਲਾਂ ਵਾਂਗ ਚਲ ਰਹੇ ਹਨ ਕਿਸੇ ਸੂਬਾ ਸਰਕਾਰ ਨੇ 4 ਹਫਤਿਆਂ ਵਿੱਚ ਨਸ਼ੇ ਖਤਮ ਕਰਨ ਦੀ ਕਸਮ ਖਾਦੀ ਅਤੇ ਕਿਸੇ ਸਰਕਾਰ ਨੇ 3 ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ,
ਨਸ਼ਿਆਂ ਨੂੰ ਰੋਕਣ ਵਿੱਚ ਅਕਾਲੀ ਅਤੇ ਕਾਂਗਰਸ ਦੋਵੇਂ ਸਰਕਾਰਾਂ ਫੇਲ ਹੀ ਸਾਬਿਤ ਹੋਈਆਂ। ਹੁਣ ਮੌਜੂਦਾ ਆਪ ਸਰਕਾਰ ਦੀ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀ ਪੱਕੀ ਗਾਰੰਟੀ ਵੀ ਨਸ਼ਿਆਂ ਨੂੰ ਖਤਮ ਕਰਨ ਵਿੱਚ ਫੇਲ ਹੀ ਸਾਬਿਤ ਹੋਈ ਹੈ। ਪੰਜਾਬ ਦਾ ਹਰੇਕ ਹਿੱਸਾ ਨਸ਼ਿਆਂ ਪ੍ਰਭਾਵਿਤ ਹੈ। ਜਿਹੜਾ ਕਿ ਆਉਣ ਵਾਲੀ ਪੀੜੀ ਲਈ ਭਿਆਨਕ ਤੇ ਖਤਰਨਾਕ ਸਾਬਿਤ ਹੋਵੇਗਾ। ਸੰਨ 1980 ਤੋਂ ਲੈ ਕੇ 1995 ਤੱਕ ਅੱਤਵਾਦ ਦਾ ਦੌਰ ਰਿਹਾ ਜਦੋਂ ਉਸ ਸਮੇਂ ਦੀ ਸਰਕਾਰ ਨੇ ਚਾਹਿਆ ਤਾਂ ਅੱਤਵਾਦ ਨੂੰ ਕੁੱਝ ਸਮੇਂ ਵਿੱਚ ਖਤਮ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਦੌਰ ਚਲ ਰਿਹਾ ਹੈ ਪਰ ਸਰਕਾਰ ਦਾ ਇਸ ਵਲ ਕੋਈ ਧਿਆਨ ਨਹੀਂ ਦੇ ਰਹੀ ਜੇਕਰ ਸਰਕਾਰ ਦਿਲੋ ਚਾਹੇ ਤਾਂ ਅੱਤਵਾਦ ਵਾਂਗ ਨਸ਼ਿਆਂ ਨੂੰ ਵੀ ਕੁੱਝ ਸਮੇਂ ਵਿੱਚ ਖਤਮ ਕਰ ਸਕਦੀ ਹੈ, ਕਿਉਂਕਿ ਨਸ਼ੇ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਚਲ ਸਕਦੇ। ਅਰਵਿੰਦਰ ਕੁਮਾਰ ਕਾਕਾ ਨੇ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਪ੍ਰਸ਼ਾਸ਼ਨਿਕ ਅਫਸਰਾਂ ਦੇ ਬੱਚੇ ਵੀ ਨਸ਼ਿਆਂ ਦੀ ਦਲ—ਦਲ ਵਿੱਚ ਬੁਰੀ ਤਰ੍ਹ੍ਹਾਂ ਫਸ ਚੁੱਕੇ ਹਨ। ਜਿਹੜੇ ਅਫਸਰ ਇਸ ਧੰਦੇ ਦੇ ਕੰਮ ਕਰ ਰਹੇ ਹਨ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਪੁੱਤਰ ਪੋਤਿਆਂ ਲਈ ਨਸ਼ਾਂ ਕਾਲ ਬਣ ਰਿਹਾ ਹੈ। ਐਸੇ ਪੈਸੇ ਜੋੜ ਕੇ ਕਰੋਗੇ ਕੀ ਜੇਕਰ ਔਲਾਦਾਂ ਹੀ ਚੰਗੀਆਂ ਨਾ ਰਹੀਆਂ ਖਾਲੀ ਪੈਸਿਆਂ ਨਾਲ ਕਦਰਾਂ ਕੀਮਤਾਂ ਨਹੀਂ ਬਣਦੀਆਂ ਕਦਰਾਂ ਕੀਮਤਾਂ ਅਸੂਲਾਂ ਤੇ ਇਮਾਨਦਾਰੀ ਨਾਲ ਬਣਦੀਆਂ ਹਨ। ਅੱਜ ਪੰਜਾਬ ਵਿੱਚ ਗੈਗਸਟਰਾਂ ਤੇ ਲੁਟੇਰਿਆਂ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ਹੈ। ਇਸ ਮੌਕੇ ਮਾਨ ਸਿੰਘ, ਪਰਮਜੀਤ ਸਿੰਘ, ਲਾਲ ਖਾਨ, ਮੋਨੂੰ, ਬਾਬੂ ਸਿੰਘ, ਹਰਬੰਸ ਸਿੰਘ, ਯਸ਼ ਕੁਮਾਰ, ਹਰਦੀਪ ਸਿੰਘ, ਸੰਤ ਸਿੰਘ, ਜਗਤਾਰ ਸਿੰਘ, ਸਰਵਨ ਕੁਮਾਰ, ਬਲਜਿੰਦਰ ਸਿੰਘ ਬਿੱਟੂ, ਧਰਮਪਾਲ ਸਿੰਘ, ਨਰੇਸ਼ ਕੁਮਾਰ, ਰਾਮ ਪਾਲ, ਨਰਿੰਦਰ ਪਾਲ ਸਿੰਘ, ਰੱਪੀ ਆਦਿ ਹਾਜਰ ਸਨ।

