ਸਿੰਗਾਪੁਰ ਤੋਂ ਹਰਿਆਣਾ ਲਈ 5,500 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ, ਵਿਕਾਸ ਅਤੇ ਰੁਜ਼ਗਾਰ ਨੂੰ ਮਿਲੇਗੀ ਨਵੀਂ ਰਫ਼ਤਾਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਿੰਗਾਪੁਰ ਦੌਰੇ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ d ਹੈਲਥ ਅਤੇ ਵੈਲਨੈਸ ਵਿੱਚ 3,000 ਕਰੋੜ, ਜਲ ਉਪਚਾਰ ਅਤੇ ਪ੍ਰਬੰਧਨ ਵਿੱਚ 1,500 ਕਰੋੜ ਅਤੇ ਸਿੱਖਿਆ ਖੇਤਰ ਵਿੱਚ 1,000 ਕਰੋੜ ਰੁਪਏ ਦੇ ਐਮ.ਓ.ਯੂ. ਹੋਏ
ਪੰਚਕੂਲਾ 6 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਨੂੰ ਗਲੋਬਲ ਨਿਵੇਸ਼ ਨਕਸ਼ੇ ’ਤੇ ਹੋਰ ਮਜ਼ਬੂਤ ਪਛਾਣ ਦਿਵਾਉਣ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦਾ ਸਿੰਗਾਪੁਰ ਦੌਰਾ ਮਹੱਤਵਪੂਰਨ ਉਪਲਬਧੀ ਨਾਲ ਸਮਾਪਤ ਹੋਇਆ। ਦੌਰੇ ਦੌਰਾਨ ਵੱਖ-ਵੱਖ ਕੰਪਨੀਆਂ ਅਤੇ ਸੰਸਥਾਵਾਂ ਨੇ ਹਰਿਆਣਾ ਵਿੱਚ ਲਗਭਗ 5,500 ਕਰੋੜ ਰੁਪਏ ਦੇ ਨਿਵੇਸ਼ ਲਈ ਸਮਝੌਤਾ ਪੱਤਰਾਂ (ਐਮ.ਓ.ਯੂ.) ’ਤੇ ਸਹਿਮਤੀ ਪ੍ਰਗਟਾਈ। ਇਹਨਾਂ ਨਿਵੇਸ਼ ਪ੍ਰਸਤਾਵਾਂ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਦੇ ਨਾਲ-ਨਾਲ ਆਧੁਨਿਕ ਸਿਹਤ ਸੇਵਾਵਾਂ, ਜਲ ਪ੍ਰਬੰਧਨ, ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਨੂੰ ਗਤੀ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿੰਗਾਪੁਰ ਦੌਰਾ ‘ਵਿਕਸਿਤ ਹਰਿਆਣਾ-ਵਿਕਸਿਤ ਭਾਰਤ’ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਾਲਾ ਸਾਬਤ ਹੋਵੇਗਾ। ਹਰਿਆਣਾ ਪ੍ਰਤੀ ਗਲੋਬਲ ਨਿਵੇਸ਼ਕਾਂ ਦੀ ਵਧਦੀ ਰੁਚੀ ਇਹ ਦਰਸਾਉਂਦੀ ਹੈ ਕਿ ਸੂਬਾ ਅੱਜ ਨਿਵੇਸ਼, ਇਨੋਵੇਸ਼ਨ ਅਤੇ ਉਦਯੋਗ ਲਈ ਇੱਕ ਭਰੋਸੇਮੰਦ ਅਤੇ ਆਕਰਸ਼ਕ ਮੰਜ਼ਿਲ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨਿਵੇਸ਼ਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ, ਬਿਹਤਰ ਕਨੈਕਟੀਵਿਟੀ, ਮਜ਼ਬੂਤ ਬੁਨਿਆਦੀ ਢਾਂਚਾ, ਕੁਸ਼ਲ ਮਨੁੱਖੀ ਸਰੋਤ ਅਤੇ ਅਨੁਕੂਲ ਕਾਰੋਬਾਰੀ ਮਾਹੌਲ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਸਰਕਾਰ ਦਾ ਟੀਚਾ ਸਿਰਫ ਨਿਵੇਸ਼ ਆਕਰਸ਼ਿਤ ਕਰਨਾ ਹੀ ਨਹੀਂ, ਸਗੋਂ ਨਿਵੇਸ਼ ਨੂੰ ਸਮੇਂ ਸਿਰ ਧਰਾਤਲ ’ਤੇ ਉਤਾਰ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੇ ਸਿੰਗਾਪੁਰ ਦੌਰੇ ਦੌਰਾਨ ਹੈਲਥ ਅਤੇ ਵੈਲਨੈਸ ਸੈਕਟਰ ਵਿੱਚ ਲਗਭਗ 3,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ’ਤੇ ਸਹਿਮਤੀ ਬਣੀ। ਪ੍ਰਸਤਾਵਿਤ ਨਿਵੇਸ਼ ਨਾਲ ਹਰਿਆਣਾ ਵਿੱਚ ਅਤਿ-ਆਧੁਨਿਕ ਹਸਪਤਾਲਾਂ, ਸਿਹਤ ਸੇਵਾ ਕੇਂਦਰਾਂ, ਵੈਲਨੈਸ ਸਹੂਲਤਾਂ, ਮੈਡੀਕਲ ਖੋਜ ਅਤੇ ਸਿਹਤ ਖੇਤਰ ਵਿੱਚ ਆਧੁਨਿਕ ਤਕਨਾਲੋਜੀ ਦੇ ਵਿਸਥਾਰ ਨੂੰ ਬਲ ਮਿਲਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿਹਤਮੰਦ ਸਮਾਜ ਹੀ ਵਿਕਸਿਤ ਸਮਾਜ ਦੀ ਨੀਂਹ ਹੈ। ਰਾਜ ਸਰਕਾਰ ਹਰ ਨਾਗਰਿਕ ਤੱਕ ਗੁਣਵੱਤਾਪੂਰਨ, ਪਹੁੰਚਯੋਗ ਅਤੇ ਆਧੁਨਿਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਹੈਲਥ ਅਤੇ ਵੈਲਨੈਸ ਖੇਤਰ ਵਿੱਚ ਹੋਣ ਵਾਲਾ ਨਿਵੇਸ਼ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮੈਡੀਕਲ ਖੇਤਰ ਵਿੱਚ ਰੁਜ਼ਗਾਰ, ਹੁਨਰ ਵਿਕਾਸ ਅਤੇ ਨਵੀਂਆਂ ਤਕਨਾਲੋਜੀਆਂ ਦੇ ਮੌਕੇ ਵੀ ਪੈਦਾ ਕਰੇਗਾ। ਸਿੰਗਾਪੁਰ ਦੀ ਉੱਨਤ ਜਲ ਪ੍ਰਬੰਧਨ ਤਕਨਾਲੋਜੀ ਨੂੰ ਦੇਖਦੇ ਹੋਏ ਜਲ ਉਪਚਾਰ ਅਤੇ ਪ੍ਰਬੰਧਨ ਖੇਤਰ ਵਿੱਚ ਵੀ ਹਰਿਆਣਾ ਪ੍ਰਤੀ ਨਿਵੇਸ਼ਕਾਂ ਨੇ ਵਿਸ਼ੇਸ਼ ਰੁਚੀ ਦਿਖਾਈ। ਇਸ ਖੇਤਰ ਵਿੱਚ ਲਗਭਗ 1,500 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ’ਤੇ ਸਹਿਮਤੀ ਬਣੀ ਹੈ। ਇਹਨਾਂ ਨਿਵੇਸ਼ਾਂ ਨਾਲ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟਾਂ, ਸੀਵਰੇਜ ਟ੍ਰੀਟਮੈਂਟ, ਉਦਯੋਗਿਕ ਜਲ ਪ੍ਰਬੰਧਨ, ਪਾਣੀ ਦੇ ਮੁੜ-ਵਰਤੋਂ (ਰੀ-ਯੂਜ਼) ਅਤੇ ਸਮਾਰਟ ਜਲ ਪ੍ਰਬੰਧਨ ਪ੍ਰਣਾਲੀਆਂ ਦੇ ਵਿਕਾਸ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ। ਇਸ ਨਾਲ ਸ਼ਹਿਰੀ ਅਤੇ ਉਦਯੋਗਿਕ ਖੇਤਰਾਂ ਵਿੱਚ ਜਲ ਸਰੋਤਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਉਣ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ।ਮੁੱਖ ਮੰਤਰੀ ਨੇ ਕਿਹਾ ਕਿ ਜਲ ਸੁਰੱਖਿਆ ਭਵਿੱਖ ਦੀਆਂ ਸਭ ਤੋਂ ਵੱਡੀਆਂ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਹਰਿਆਣਾ ਸਰਕਾਰ ਜਲ ਸੰਭਾਲ, ਸੰਵਰਧਨ ਅਤੇ ਵਿਗਿਆਨਕ ਪ੍ਰਬੰਧਨ ਲਈ ਆਧੁਨਿਕ ਤਕਨਾਲੋਜੀਆਂ ਨੂੰ ਅਪਨਾਉਣ ’ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਸਿੰਗਾਪੁਰ ਦੀ ਮਹਾਰਤ ਅਤੇ ਹਰਿਆਣਾ ਦੀਆਂ ਲੋੜਾਂ ਵਿਚਕਾਰ ਸਹਿਯੋਗ ਨਾਲ ਜਲ ਪ੍ਰਬੰਧਨ ਦੇ ਖੇਤਰ ਵਿੱਚ ਨਵੀਂਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਸਿੱਖਿਆ ਖੇਤਰ ਵਿੱਚ ਵੀ ਲਗਭਗ 1,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ’ਤੇ ਸਹਿਮਤੀ ਬਣੀ ਹੈ। ਇਸ ਨਾਲ ਆਧੁਨਿਕ ਵਿੱਦਿਅਕ ਅਦਾਰਿਆਂ, ਹੁਨਰ ਵਿਕਾਸ ਕੇਂਦਰਾਂ, ਤਕਨੀਕੀ ਸਿੱਖਿਆ, ਡਿਜੀਟਲ ਲਰਨਿੰਗ ਅਤੇ ਰੁਜ਼ਗਾਰਮੁਖੀ ਸਿਖਲਾਈ ਸਹੂਲਤਾਂ ਦੇ ਵਿਸਥਾਰ ਨੂੰ ਗਤੀ ਮਿਲਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਕਸਿਤ ਹਰਿਆਣਾ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਨੌਜਵਾਨ ਅਤੇ ਕੁਸ਼ਲ ਮਨੁੱਖੀ ਸਰੋਤ ਹੋਵੇਗਾ। ਸਿੰਗਾਪੁਰ ਦੀ ਉੱਨਤ ਸਿੱਖਿਆ ਪ੍ਰਣਾਲੀ, ਤਕਨੀਕੀ ਮਹਾਰਤ ਅਤੇ ਹੁਨਰ-ਆਧਾਰਿਤ ਸਿਖਲਾਈ ਤੋਂ ਹਰਿਆਣਾ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵਿਆਪਕ ਲਾਭ ਮਿਲ ਸਕਦਾ ਹੈ। ਮੁੱਖ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਿੰਗਾਪੁਰ ਤੋਂ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ਦੇ ਧਰਾਤਲ ’ਤੇ ਉਤਰਨ ਨਾਲ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ, ਆਧੁਨਿਕ ਤਕਨਾਲੋਜੀ ਦਾ ਵਿਸਥਾਰ, ਬਿਹਤਰ ਸਿਹਤ ਸੇਵਾਵਾਂ, ਜਲ ਪ੍ਰਬੰਧਨ ਵਿੱਚ ਨਵੀਂਆਂ ਤਕਨਾਲੋਜੀਆਂ ਦੀ ਵਰਤੋਂ ਅਤੇ ਸਿੱਖਿਆ ਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਨਵੀਂਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਉਹਨਾਂ ਕਿਹਾ ਕਿ ਇਹਨਾਂ ਨਿਵੇਸ਼ ਪ੍ਰਸਤਾਵਾਂ ਨੂੰ ਅਸਲ ਪ੍ਰੋਜੈਕਟਾਂ ਵਿੱਚ ਬਦਲਣ ਲਈ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਸਥਾਪਿਤ ਕਰਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ ਨਿਵੇਸ਼ ਕੇਵਲ ਕਾਗਜ਼ਾਂ ਤੱਕ ਸੀਮਤ ਨਾ ਰਹੇ, ਸਗੋਂ ਹਰਿਆਣਾ ਦੇ ਨੌਜਵਾਨਾਂ, ਉਦਯੋਗਾਂ ਅਤੇ ਆਮ ਨਾਗਰਿਕਾਂ ਤੱਕ ਇਸ ਦਾ ਪ੍ਰਤੱਖ ਲਾਭ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਨਾਲ ਵਧਦਾ ਸਹਿਯੋਗ ਹਰਿਆਣਾ ਨੂੰ ਗਲੋਬਲ ਨਿਵੇਸ਼ ਅਤੇ ਤਕਨੀਕੀ ਸਹਿਯੋਗ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਿੱਚ ਮਦਦ ਕਰੇਗਾ। ਹੈਲਥ ਅਤੇ ਵੈਲਨੈਸ, ਜਲ ਉਪਚਾਰ ਅਤੇ ਪ੍ਰਬੰਧਨ ਅਤੇ ਸਿੱਖਿਆ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਪ੍ਰਸਤਾਵਿਤ ਨਿਵੇਸ਼ ਸੂਬੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਇੱਕ ਨਾਲ ਨਵੀਂ ਗਤੀ ਦੇਣਗੇ ਅਤੇ ਹਰਿਆਣਾ ਨੂੰ ਦੇਸ਼ ਲਈ ਵਿਕਾਸ ਦੇ ਇੱਕ ਆਧੁਨਿਕ ਮਾਡਲ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

