ਸੂਚਨਾ ਨਾ ਮੁਹੱਈਆ ਕਰਵਾਉਣ ਵਾਲੇ ਨਗਰ ਕੌਸਲ ਖੰਨਾਂ ਦੇ ਈ. ਉ. ਨੂੰ 25 ਹਜ਼ਾਰ ਦਾ ਜ਼ੁਰਮਾਨਾ
ਦੋਸ਼ੀ ਅਧਿਕਾਰੀ ਦੀ ਤਨਖਾਹ ਵਿਚੋਂ ਕਿਸ਼ਤਾਂ ਵਿੱਚ ਕੱਟੀ ਜਾਵੇਗੀ ਜ਼ੁਰਮਾਨੇ ਦੀ ਰਾਸ਼ੀ
ਚੰਡੀਗੜ੍ਹ6 ਅਕਤੂਬਰ (ਮਧੂਸਾਰ ਬਿਊਰੋ) ਰਾਜ ਸੂਚਨਾ ਕਮਿਸ਼ਨ ਵੱਲੋਂ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਨਗਰ ਕੌਸਲ ਖੰਨਾਂ ਦੇ ਈ. ਉ. ਨੂੰ ਸੂਚਨਾ ਅਧਿਕਾਰ ਐਕਟ 2005 ਅਧੀਨ ਬਿਨੇਕਾਰ ਵੱਲੋਂ ਮੰਗੀ ਗਈ ਸੂਚਨਾ ਬੇਲੋੜੀ ਦੇਰੀ ਕਰਨ ਸਦਕਾ 25 ਹਜਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਜੁਰਮਾਨਾ ਸ਼੍ਰੀ ਐਸ ਐਸ ਚੰਨੀ ਮੁੱਖ ਸੂਚਨਾ ਕਮਿਸ਼ਨਰ ਪੰਜਾਬ ‘ਤੇ ਅਧਾਰਿਤ ਸਿੰਗਲ ਬੈਂਚ ਵਲੋਂ ਕੀਤਾ ਗਿਆ। ਤੱਥਾਂ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਕਿ ਘਨਵਿੰਦਰ ਸਿੰਘ ਪੁਤਰ ਬਲਬੀਰ ਸਿੰਘ ਨੇ 22 ਜਨਵਰੀ 2015 ਨੂੰ ਆਰ.ਟੀ.ਆਈ.ਐਕਟ ਤਹਿਤ ਈ.ਉ.ਨਗਰ ਕੌਸਲ ਖੰਨਾ ਤੋਂ ਜਾਣਕਾਰੀ ਮੰਗੀ ਗਈ ਸੀ ਕਿ ਰੁਪੇਸ ਰੂਪਾ ਠੇਕੇਦਾਰ ਨਗਰ ਕੋਸਲ ਖੰਨਾ ਵਲੋ 1 ਜਨਵਰੀ 2012 ਤੋ ਅੱਜ ਤੱਕ ਗਲੀਆਂ ਨਾਲੀਆਂ ਬਣਾਉਣ ਸਬੰਧੀ ਨਗਰ ਕੋਸਲ ਖੰਨਾ ਵਲੋਂ ਰੁਪੇਸ਼ ਰੂਪਾ ਠੇਕੇਦਾਰ ਨੂੰ ਰਕਮ ਦੀ ਅਦਾਇਗੀ ਕੀਤੀ ਗਈ ਹੈ। ਇਸਦੇ ਨਾਲ ਹੀ ਇਹ ਜਾਣਕਾਰੀ ਵੀ ਮੰਗੀ ਗਈ ਸੀ ਕਿ ਗਲੀ ਨੰਬਰ 9, ਕ੍ਰਿਸ਼ਨਾ ਨਗਰ, ਵਾਰਡ ਨੰਬਰ 19, ਖੰਨਾ ਨੂੰ ਬਣਾਉਣ ਲਈ ਪਾਸ ਹੋਏ ਟੈਂਡਰ ਦੀ ਤਸਦੀਕਸੁਦਾ ਕਾਪੀ ਅਤੇ ਇਸ ਸਬੰਧੀ ਨਗਰ ਕੋਸਲ ਖੰਨਾ ਵਲੋਂ ਕੀਤੀ ਗਈ ਅਦਾਇਗੀ ਦੀ ਤਸਦੀਕਸੁਦਾ ਕਾਪੀ ਵੀ ਮੰਗੀ ਗਈ ਸੀ। ਇਹ ਜਾਣਕਾਰੀ ਆਰ.ਟੀ.ਆਈ. ਐਕਟ 2005 ਦੀ ਧਾਰਾ 7(1) ਅਧੀਨ ਇਕ ਮਹੀਨੇ ਦੇ ਅੰਦਰ ਨਾ ਮਿਲਣ ਤੋਂ ਬਾਦ ਅਪੀਲਕਰਤਾ ਨੇ ਰਾਜ ਸੂਚਨਾ ਕਮਿਸਨ ਕੋਲ ਅਪੀਲ ਕੀਤੀ ।
ਸ਼੍ਰੀ ਐਸ ਐਸ ਚੰਨੀ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਨੇ ਇਸ ਕੇਸ ਸਬੰਧੀ ਸੁਣਾਏ ਫੈਸਲੇ ਵਿੱਚ ਕਿਹਾ ਕਿ ‘ ਕੇਸ ਸਬੰਧੀ ਪੇਸ਼ ਕੀਤੇ ਗਏ ਰਿਕਾਰਡ ਅਤੇ ਤੱਥਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੰਗੀ ਗਈ ਸੂਚਨਾ ਦੇਣ ਵਿੱਚ ਲਾਪਰਵਾਹੀ ਅਤੇ ਬੇਲੋੜੀ ਦੇਰੀ ਕੀਤੀ ਗਈ । ਇਹ ਵੀ ਕਿਹਾ ਗਿਆ ਕਿ ਈ.ਉ. ਚਰਨਜੀਤ ਸਿੰਘ ਨੇ ਉਸ ਨੂੰ ਕਮਿਸ਼ਨ ਵੱਲੋਂ ਸੂਚਨਾ ਦੇਣ ਵਿੱਚ ਦੇਰੀ ਕੀਤੇ ਜਾਣ ਦਾ ਕਾਰਨ ਦਸਣ ਸਬੰਧੀ ਜਾਰੀ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਅਧਿਕਾਰੀ ਕੋਲ ਆਪਣੇ ਬਚਾਅ ਲਈ ਲਈ ਕੋਈ ਜਵਾਬ ਨਹੀਂ ਹੈ ਅਤੇ ਇਸ ਨੇ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਵਿੱਚ ਕੋਤਾਹੀ ਕੀਤੀ ਹੈ । ਜਿਸ ਕਾਰਨ ਇਹ ਸਜਾ ਦਾ ਭਾਗੀਦਾਰ ਹੈ ।ਸਜਾ ਸੁਣਾਉਦਿਆਂ ਈ.ਉ.ਨਗਰ ਕੋਸ਼ਲ ਖੰਨਾ ਚਰਨਜੀਤ ਸਿੰਘ ਤੇ ਸੂਚਨਾ ਵਿੱਚ ਦੇਰੀ ਕੀਤੇ ਜਾਣ ਦੇ ਦੋਸ਼ ਹੇਠ 25 ਹਜਾਰ ਰੁਪਏ ਜ਼ੁਰਮਾਨਾਂ ਲਗਾਇਆ। ਜੁਰਮਾਨੇ ਦੀ ਰਕਮ ਦੋਸ਼ੀ ਈ.ਉ. ਦੀ ਅਕਤੂਬਰ ਅਤੇ ਨਵੰਬਰ ਮਹੀਨੇ ਦੀ ਤਨਖਾਹ ਵਿਚੋਂ ਕੱਟੀ ਜਾਵੇਗੀ ਅਤੇ ਮਗਰੋਂ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਜਾਵੇਗੀ।

