ਪੰਜਾਬ

ਆਮ ਆਦਮੀ ਪਾਰਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚੋਂ ਬਾਹਰ ਕੱਢਣ ਦੀ ਮੰਗ

ਸਿਰਸਾ ਪਰਿਵਾਰ ਵੱਲੋਂ ਕੀਤੀ ਧੋਖਾਧੜੀ ਬਾਰੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ
ਚੰਡੀਗੜ੍ਹ6 ਅਕਤੂਬਰ (ਮਧੂਸਾਰ ਬਿਊਰੋ) ਮਨਜਿੰਦਰ ਸਿੰਘ ਸਿਰਸਾ, ਜੋ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸਲਾਹਕਾਰ ਵੀ ਹਨ, ਦੇ ਧੋਖਾਧੜੀ ਵਿੱਚ ਸ਼ਾਮਲ ਹੋਣ ਕਾਰਨ ਉਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਤੁਰੰਤ ਬਾਹਰ ਕੱਢਣ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਭੂ-ਮਾਫ਼ੀਆ ਨੂੰ ਸਰਪ੍ਰਸਤੀ ਦੇ ਰਿਹਾ ਹੈ।

ਅੱਜ ਇੱਥੇ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪਾਰਟੀ ਦੇ ਯੂਥ ਵਿੰਗ ਦੇ ਮੁਖੀ ਹਰਜੋਤ ਬੈਂਸ ਨੇ ਕਿਹਾ ਕਿ ਸਿਰਸਾ ਪਰਿਵਾਰ ਕਿਉਂਕਿ ਪਹਿਲਾਂ ਹੀ ਅਦਾਲਤ ਵਿੱਚ ‘ਦਾਗ਼ੀ’ ਸਿੱਧ ਹੋ ਚੁੱਕਾ ਹੈ, ਕਿਉਕਿ ਅਦਾਲਤ ਨੇ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ; ਇਸ ਲਈ ਹੁਣ ਉਨਾਂ (ਸਿਰਸਾ) ਦਾ ਧਾਰਮਿਕ ਸੰਸਥਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਦੇ ਅਹੁਦੇ ‘ਤੇ ਕਾਇਮ ਰਹਿਣ ਦਾ ਕੋਈ ਨੈਤਿਕ ਆਧਾਰ ਨਹੀਂ ਰਹਿ ਜਾਂਦਾ।
ਇਹ ਬੇਹੱਦ ਨਿੰਦਣਯੋਗ ਗੱਲ ਹੈ ਕਿ ਨੈਤਿਕ ਆਧਾਰ ‘ਤੇ ਆਪਣਾ ਅਸਤੀਫ਼ਾ ਦੇਣ ਦੀ ਥਾਂ ਮਨਜਿੰਦਰ ਸਿੰਘ ਸਿਰਸਾ ਇਸ ਵੇਲੇ ‘ਮੀਡੀਆ ਨੂੰ ਰੋਕਣ’ ਵਿੱਚ ਵਧੇਰੇ ਰੁੱਝੇ ਹੋਏ ਹਨ ਕਿ ਤਾਂ ਜੋ ਕਿਤੇ ਉਨਾਂ ਦੇ ਪਿਤਾ ਦੇ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਨਾਲ ਸਬੰਧਤ ਖ਼ਬਰ ਕਿਤੇ ਵੀ ਪ੍ਰਕਾਸ਼ਿਤ ਤੇ ਪ੍ਰਸਾਰਿਤ ਨਾ ਹੋ ਸਕੇ।
ਸਿਰਸਾ ਪਰਿਵਾਰ ਵੱਲੋਂ ਕੀਤੀ ਗਈ ਧੋਖਾਧੜੀ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਬੈਂਸ ਨੇ ਦੱਸਿਆ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਇਸ ਪਰਿਵਾਰ ਨੇ ਜਾਅਲੀ ਮੁਖ਼ਤਿਆਰਨਾਮੇ ਦੇ ਆਧਾਰ ‘ਤੇ ਇੱਕ ਐਨ.ਆਰ.ਆਈ. ਮੱਖਣ ਸਿੰਘ ਦੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ‘ਚ ਪ੍ਰਮੁੱਖ ਥਾਂ ‘ਤੇ ਸਥਿਤ ਜ਼ਮੀਨ ਹੜੱਪਣ ਲਈ ਧੋਖਾਧੜੀ ਕੀਤੀ ਸੀ ਪਰ ਅਖ਼ੀਰ ਇਨਸਾਫ਼ ਹੋਇਆ ਅਤੇ ਅਦਾਲਤ ਨੇ ਜਸਬੀਰ ਸਿੰਘ ਸਿਰਸਾ ਨੂੰ ਦੋ ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ।
ਬੈਂਸ ਨੇ ਸਿਰਸਾ ਨੂੰ ਦਿੱਲੀ ‘ਚ ਭੂ-ਮਾਫ਼ੀਆ ਦਾ ‘ਬੌਸ’ ਕਰਾਰ ਦਿੰਦਿਆਂ ਮੰਗ ਕੀਤੀ ਕਿ ਇੱਕ ਅਦਾਲਤ ਵੱਲੋਂ ਸਿਰਸਾ ਪਰਿਵਾਰ ਦੀਆਂ ਸਾਰੀਆਂ ਜਾਇਦਾਦਾਂ ਦੀ ਇੱਕ ਨਿਸ਼ਚਤ ਸਮਾਂ-ਸੀਮਾ ਅੰਦਰ ਮੁਕੰਮਲ ਜਾਂਚ ਕੀਤੀ ਜਾਵੇ ਕਿਉਕਿ ਜਿਹੜੇ ਮਕਾਨ ਵਿੱਚ ਇਸ ਵੇਲੇ ਸਿਰਸਾ ਪਰਿਵਾਰ ਰਹਿ ਰਿਹਾ ਹੈ, ਉਹ ਵੀ ਵਿਵਾਦਾਂ ‘ਚ ਘਿਰਿਆ ਹੋਇਆ ਹੈ।
ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਸੁਖਬੀਰ ਬਾਦਲ, ਜੋ ਸਿਰਸਾ ਦਾ ਸਿਆਸੀ ਉਸਤਾਦ ਹੈ, ਨੂੰ ਇਸ ਸਿਰਸਾ ਪਰਿਵਾਰ ਵੱਲੋਂ ਕੀਤੀ ਧੋਖਾਧੜੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰ ਕੇ ਤੁਰੰਤ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇੱਥੇ ਵਰਣਨਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਹਾਲੇ ਪਿੱਛੇ ਜਿਹੇ ਹੀ ਉੱਪ-ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *