ਮਾਨ ਸਰਕਾਰ ਅਤੇ ਸਿਹਤ ਵਿਭਾਗ ਤੇ ਮਿਲਾਵਟ ਖੋਰਾਂ ਖਿਲਾਫ ਕੀਤਾ ਪ੍ਰਦਰਸ਼ਨ
ਮਿਲਾਵਟ ਕਰ ਵੇਚਣਾ ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ ਜਿਸ ਦੀ ਸਜ਼ਾ ਫਾਂਸੀ ਹੋਵੇ—ਕਾਕਾ
ਪਟਿਆਲਾ :(ਮਧੂਸਾਰ ਬਿਊਰੋ) ਹਰ ਕਿਸਮ ਦੇ ਖਾਣ ਪੀਣ ਵਾਲੇ ਜ਼ਹਿਰ ਰੂਪੀ ਪਦਾਰਥਾਂ *ਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਵੇਚਣੇ ਬੰਦ ਕਰਵਾਉਣ ਸਬੰਧੀ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰਕੇ ਮਾਨ ਸਰਕਾਰ ਅਤੇ ਸਿਹਤ ਵਿਭਾਗ ਤੇ ਮਿਲਾਵਟ ਖੋਰਾਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੌਜੂਦਾ ਗਰਕ ਚੁੱਕੇ ਸਿਸਟਮ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੋ ਚਾਰ ਦਿਨ ਸਖਤੀ ਕਰਕੇ ਵਿਖਾਵੇ ਲਈ ਛਾਪੇਮਾਰੀ ਕਰ ਚੈਕਿੰਗ ਕਰਦਾ ਹੈ ਫਿਰ ਖਾਨਾ ਪੂਰਤੀ ਲਈ ਸੈਂਪਲ ਭਰੇ ਜਾਂਦੇ ਹਨ ਪਰ ਬਾਅਦ ਵਿੱਚ ਕਲੀਨ ਚਿੱਟ ਦਿੱਤੀ ਜਾਂਦੀ ਹੈ। ਪਰ ਇਹ ਵਰਤਾਵਾ ਸਾਰਾ ਸਾਲ ਜਿਉਂ ਦਾ ਤਿਉਂ ਚਲਦਾ ਰਹਿੰਦਾ ਹੈ। ਪਰ ਮਾਨ ਸਰਕਾਰ ਕੁੱਝ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹਿੰਦੀ ਹੈ। ਮਿਲਾਵਟ ਖੋਰਾਂ ਤੇ ਮਾਨ ਸਰਕਾਰ ਨੂੰ ਵੱਡਾ ਐਕਸ਼ਨ ਲੈਣ ਦੀ ਸਖਤ ਲੋੜ ਹੈ ਕਿਉਂਕਿ ਮਿਲਾਵਟ ਖੋਰੀ ਦਾ ਧੰਦਾ ਸਿਹਤ ਵਿਭਾਗ ਦੀ ਮਿਲੀਭੁਗਤ ਤੇ ਬਿਨਾਂ ਨਹੀਂ ਚਲ ਸਕਦਾ, ਪ੍ਰਧਾਨ ਅਰਵਿੰਦਰ ਕੁਮਾਰਾ ਕਾਕਾ ਨੇ ਮਿਲਾਵਟ ਖੋਰਾਂ ਨੂੰ ਬਿਮਾਰੀਆਂ ਵੰਡਣ ਵਾਲੇ ਪੰਜਾਬ ਦੇ ਦੁਸ਼ਮਨ ਤੇ ਵੱਡੇ ਪਾਪੀ ਗੁਨੇਗਾਰ ਦੱਸਦਿਆਂ ਕਿਹਾ ਕਿ ਇਹੋ ਜਿਹੀ ਨਜਾਇਜ ਕਮਾਈ ਕਦੇ ਸੁੱਖਾਂ ਦੀ ਪ੍ਰਾਪਤੀ ਨਹੀਂ ਕਰਵਾ ਸਕਦੀ ਜਿਹੜੀ ਲੋਕਾਂ ਨੂੰ ਬਿਮਾਰੀਆਂ ਵੰਡਕੇ ਕੀਤੀ ਜਾਵੇ। ਮਿਲਾਵਟ ਖੋਰ ਆਪਣੇ ਵੱਧ ਮੁਨਾਫੇ ਦੀ ਖਾਤਰ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧਕੇਲ ਰਹੇ ਹਨ ਜਦੋਂ ਕਿ ਮਿਲਾਵਟ ਕਰ ਵੇਚਣਾ ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ ਹੈ। ਜਿਸ ਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ। ਮਿਲਾਵਟ ਖੋਰਾਂ ਦੇ ਬਰਾਬਰ ਸਿਹਤ ਵਿਭਾਗ ਦੇ ਅਨੇਕਾਂ ਅਧਿਕਾਰੀ, ਕਰਮਚਾਰੀ ਘੱਟ ਕਸੂਰਵਾਰ ਹਨ ਜਿਨ੍ਹਾਂ ਦੇ ਲਾਲਚ ਕਾਰਨ ਪੰਜਾਬ ਵਿੱਚ ਮਿਲਾਵਟ ਖੋਰੀ ਦਾ ਧੰਦਾ ਵੱਧ ਫੁੱਲ ਰਿਹਾ ਹੈ। ਜਿਸ ਦੇ ਲਈ ਸਿਹਤ ਵਿਭਾਗ ਦੇ ਅਨੇਕਾਂ ਅਧਿਕਾਰੀ ਕਰਮਚਾਰੀ ਪੂਰੀ ਤਰ੍ਹਾਂ ਜਿੰਮੇਵਾਰ ਹਨ। ਮਿਲਾਵਟ ਖੋਰ ਲੋਕਾਂ ਦੀਆਂ ਜਿੰਦਗੀਆਂ ਨਾਲ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਸਿਹਤ ਵਿਭਾਗ ਦੀ ਕੋਈ ਲੋੜ ਨਹੀਂ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਿਲਾਵਟ ਖੋਰ ਅਤੇ ਸਿਹਤ ਵਿਭਾਗ ਦੇ ਖਿਲਾਫ ਅੱਜ ਵੀ ਨਾ ਅਵਾਜ ਚੁੱਕੀ ਤਾਂ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜਾਂ ਵਿੱਚ ਬਰਬਾਦ ਹੁੰਦੀ ਜਾਵੇਗੀ ਅਤੇ ਕੈਂਸਰ ਵਰਗੇ ਰੋਗਾਂ ਦੇ ਦੁੱਖ ਵੀ ਭੋਗਣੇ ਪੈਣਗੇ। ਮਿਠਾਈਆਂ, ਘਿਓ, ਦੁੱਧ, ਪਨੀਰ ਅਤੇ ਕਰਿਆਨਾ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥ ਮਿਲਾਵਟ ਦੇ ਸਿਕਾਰ ਹਨ ਲੱਖਾਂ ਲੀਟਰ ਦੁੱਧ ਕੈਮੀਕਲ ਤੋਂ ਤਿਆਰ ਕਰਕੇ ਪੰਜਾਬ ਭਰ ਵਿੱਚ ਸਪਲਾਈ ਹੋ ਰਿਹਾ ਹੈ। ਮਿਲਾਵਟ ਖਿਲਾਫ ਜਲਦ ਵੱਡੇ ਪੱਧਰ ਤੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਕਰਮ ਸਿੰਘ, ਸਰਵਨ ਕੁਮਾਰ, ਗੁਰਦੀਪ ਸਿੰਘ, ਧਰਮਪਾਲ, ਕੰਵਲਜੀਤ ਸਿੰਘ, ਮਾਨ ਸਿੰਘ, ਧਰਮਿੰਦਰ ਸਿੰਘ, ਸੰਤ ਸਿੰਘ, ਸੂਰਜ ਕੁਮਾਰ, ਪ੍ਰਕਾਸ਼ ਸਿੰਘ, ਚਰਨਜੀਤ ਚੌਹਾਨ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਕ੍ਰਿਸ਼ਨ ਕੁਮਾਰ, ਪ੍ਰੀਤਮ ਪਾਲ ਸਿੰਘ, ਬਲਜਿੰਦਰ ਸਿੰਘ, ਨਰੇਸ਼ ਕੁਮਾਰ ਆਦਿ ਹਾਜਰ ਸਨ।

