ਬਿਦਰ ਦੀ ਧਰਤੀ ’ਤੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨੇ ਖਾਲਸਈ ਜਾਹੋ-ਜਲਾਲ ਨਾਲ ਸਜਾਇਆ ਮਹੱਲਾ
ਸ੍ਰੀ ਅਨੰਦਪੁਰ ਸਾਹਿਬ:- 1 ਨਵੰਬਰ (ਮਧੂਸਾਰ ਬਿਊਰੋੋ) ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼?ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਬਿਦਰ ਵਿਖੇ ਆਮਦ ’ਤੇ ਕਰਨਾਟਕ ਦੀ ਸਰਹੱਦ ’ਤੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ ਜੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਭਰਵੇਂ ਉਤਸ਼ਾਹ ਅਤੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਾਈਡ?ਰੌਲਿਕ ਮਸ਼ੀਨ ਰਾਹੀਂ ਪੰਜ ਕੁਇੰਟਲ ਫੁੱਲਾਂ ਦਾ ਵਿਸ਼ਾਲ ਹਾਰ ਭੇਟ ਕਰਕੇ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ।
ਉਪਰੰਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਗਵਾਈ ਹੇਠ ਖਾਲਸਈ ਜਾਹੋ-ਜਲਾਲ ਨਾਲ ਮਹੱਲਾ ਸਜਾਇਆ ਗਿਆ। ਇਹ ਮਹੱਲਾ ਬਿਦਰ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਵਿਸ਼ਾਲ ਮੈਦਾਨ ਵਿਖੇ ਪਹੁੰਚਿਆ, ਜਿੱਥੇ ਘੋੜ ਦੌੜਾਂ, ਨੇਜ਼ਾਬਾਜ਼ੀ ਅਤੇ ਸ਼ਸਤਰ ਵਿੱਦਿਆ ਦੇ ਜੰਗਜੂ ਅਭਿਆਸਾਂ ਰਾਹੀਂ ਸਿੱਖ ਪੰਥ ਦੀਆਂ ਪੁਰਾਤਨ ਜੰਗਜੂ ਰਵਾਇਤਾਂ ਅਤੇ ਖਾਲਸਈ ਵਿਰਸੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਜੰਗਜੂ ਕਰਤੱਬਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੋੜਿਆ।
ਇਸ ਉਪਰੰਤ ਮਹੱਲਾ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿਖੇ ਸੰਪੰਨ ਹੋਇਆ, ਜਿੱਥੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਸੁਖਜੀਤ ਸਿੰਘ ਕਨ੍ਹਈਆ ਨੇ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਜੀਵਨ, ਉਪਦੇਸ਼ਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਉਪਰੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਸੰਗਤਾਂ ਨੂੰ ਸਿੱਖਾਂ ਦੀ ਅਮੀਰ ਸ਼ਸਤਰ ਪਰੰਪਰਾ ਨਾਲ ਜੋੜਦਿਆਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ ਜੀ, ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ, ਸ. ਪਵਿੱਤਰ ਸਿੰਘ, ਸ. ਪ੍ਰਦੀਪ ਸਿੰਘ ਰੰਜਨ, ਸ. ਹਰਪਾਲ ਸਿੰਘ ਰੰਜਨ, ਸ. ਮਨਪ੍ਰੀਤ ਸਿੰਘ, ਸ. ਦਿਲਜੀਤ ਸਿੰਘ, ਸ. ਜਗਜੀਤ ਸਿੰਘ, ਸ. ਗੁਰਚਰਨ ਸਿੰਘ ਗੜ੍ਹੀ ਸਾਜ, ਸ. ਇੰਦਰ ਸਿੰਘ ਸ਼ਾਹੂ, ਸ. ਬਲਵੰਤ ਸਿੰਘ ਗੜ੍ਹੀਵਾਲੇ, ਸ. ਇੰਦਰਪਾਲ ਸਿੰਘ ਫੌਜੀ, ਸ. ਲੱਡੂ ਸਿੰਘ, ਸ. ਸਾਗਰ ਸਿੰਘ, ਬਾਬਾ ਮਝੈਲ ਜੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਗਗਨ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ ਅਤੇ ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਸਮੇਤ ਹੋਰ ਸੰਤ-ਮਹਾਂਪੁਰਸ਼, ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸੰਗਤਾਂ ਦੇ ਭਰਵੇਂ ਸਹਿਯੋਗ ਅਤੇ ਨਿਹੰਗ ਸਿੰਘਾਂ ਦੇ ਜੰਗਜੂ ਪ੍ਰਦਰਸ਼ਨਾਂ ਨਾਲ ਸਜਾਇਆ ਗਿਆ ਇਹ ਮਹੱਲਾ ਬਿਦਰ ਦੀ ਧਰਤੀ ’ਤੇ ਖਾਲਸਈ ਸ਼ਾਨ, ਸਿੱਖਾਂ ਦੀ ਪੁਰਾਤਨ ਸ਼ਸਤਰ ਵਿੱਦਿਆ, ਘੋੜਸਵਾਰੀ ਦੀ ਪਰੰਪਰਾ ਅਤੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿੱਖੀ ਵਿਰਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋ ਨਿਬੜਿਆ।

