ਪੰਜਾਬ

ਅਮਰਿੰਦਰ ਸਿੰਘ ਨੇ ਸਰਹੱਦ ਦੇ ਦੌਰੇ ਦੌਰਾਨ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ : ਅਕਾਲੀ ਦਲ

ਸੋਸ਼ਲ ਮੀਡੀਆ ‘ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਵਾਲੀ ਵੀਡੀਓ ਪਾਉਣਾ ਮੰਦਭਾਗਾ : ਡਾ. ਚੀਮਾ
ਚੰਡੀਗੜ੍ਹ, 7 ਅਕਤੂਬਰ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਰਹੱਦ ਦੌਰੇ ਦੀ ਵੀਡੀਓ ਕਲੀਪਿੰਗ ਸੋਸ਼ਲ ਮੀਡੀਆ ‘ਤੇ ਪਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਉਹਨਾਂ ਦੀ ਕਾਰਵਾਈ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਅਸ਼ਲੀਲ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਾਲੀ ਕਰਾਰ ਦਿੱਤਾ ਹੈ।
ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਲਿਪ ਵਿਚ ਔਖੇ ਸਾਹ ਲੈ ਰਹੇ ਕੈਪਟਨ ਅਮਰਿੰਦਰ ਸਿੰਘ ਸਰਹੱਦ ਦੇ ਭਾਰਤੀ ਪਾਸੇ ਫੌਜ ਦੀ ਗੈਰ ਹਾਜ਼ਰੀ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ। ਇਸੇ ਬਿਆਨ ਵਿਚ ਉਹਨਾਂ ਨੇ ਪਿਛਲੀਆਂ ਜੰਗਾਂ ਦੌਰਾਨ ਭਾਰਤੀ ਫੌਜ ਦੇ ਗੁਪਤ ਭੇਦਾਂ ਨੂੰ ਉਜਾਗਰ ਵੀ ਕੀਤਾ ਹੈ ਤੇ ਖਾਸ ਤੌਰ ‘ਤੇ ਵਿਛਾਈਆਂ ਜ਼ਮੀਨਦੋਜ਼ ਸੁਰੰਗਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਉਹ ਮੂਰਖਤਾ ਭਰੀਆਂ ਹਰਕਤਾਂ ਚੇਤੇ ਕਰਵਾ ਦਿੱਤੀਆਂ ਸਨ ਜਿਸ ਵਿਚ ਉਹਨਾਂ ਨੇ ਦੇਸ਼ ਦੀ ਸੰਸਦ ਦੇ ਅੰਦਰਲੇ ਸੁਰੱਖਿਆ ਪ੍ਰਬੰਧਾਂ ਬਾਰੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ।
ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦ ‘ਤੇ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਭੜਕਾਉਣ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਉਕਸਾਉਣ ਦਾ ਵੀ ਗੰਭੀਰ ਨੋਟਿਸ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਵੀਡੀਓ ਵਿਚ ਉਹਨਾਂ ਨੂੰ ਹਦਾਇਤਾਂ ਦੀ ਪਰਵਾਹ ਨਾ ਕਰਦਿਆਂ ਘਰਾਂ ਵਿਚ ਹੀ ਰਹਿਣ ਦਾ ਸੱਦਾ ਦਿੰਦੇ ਵਿਖਾਈ ਦੇ ਰਹੇ ਹਨ।
ਅਕਾਲੀ ਆਗੂ ਨੇ ਇਸ ਵੀਡੀਓ ਨੂੰ ਬਿਨਾਂ ਕਿਸੇ ਸੰਪਾਦਨਾ ਦੇ ਹੀ ਸੋਸ਼ਲ ਮੀਡੀਆ ‘ਤੇ ਪਾਉਣ ‘ਤੇ ਕਾਂਗਰਸੀ ਆਗੂ ਦੀ ਨਿਖੇਧੀ ਕਰਦਿਆਂ ਕਿਹਾ ਕਿ ਵੀਡੀਓ ਵਿਚ ਇਕ ਵਿਅਕਤੀ ਬੇਹੱਦ ਅਸ਼ਲੀਲ, ਮਾੜੀ ਤੇ ਅਸਭਿਅਕ ਭਾਸ਼ਾ ਬੋਲਦਾ ਨਜ਼ਰ ਆ ਰਿਹਾ ਹੈ। ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨੂੰ ਸਵਾਲ ਕੀਤਾ ਕਿ ਉਹ ਅਜਿਹੀ ਅਸ਼ਲੀਲ ਵੀਡੀਓ ਪਾ ਕੇ ਜਨਤਕ ਜੀਵਨ ਵਿਚ ਸਨਮਾਨ ਜਨਤਕ ਤਰੀਕੇ ਅਪਣਾਉਣ ਬਾਰੇ ਨੌਜਵਾਨ ਪੀੜੀ ਨੂੰ ਕੀ ਸਿਖਲਾਈ ਦੇਣਾ ਚਾਹੁੰਦੇ ਹਨ ?
ਡਾ. ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਪੇਸ਼ ਆਉਣ ਅਤੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਚਾਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਕਿਉਂਕਿ ਲੋਕ ਉਹਨਾਂ ਤੋਂ ਚੰਗੇ ਮਿਆਰ ਦੇ ਸਿਸ਼ਟਾਚਾਰ ਦੀ ਤਵੱਕੋ ਰੱਖਦੇ ਹਨ ਕਿਉਂਕਿ ਉਹ ਨਾ ਸਿਰਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ ਬਲਕਿ ਇਕ ਸੇਵਾ ਮੁਕਤ ਫੌਜੀ ਸੈਨਿਕ ਵੀ ਹਨ।

Leave a Reply

Your email address will not be published. Required fields are marked *