ਪੰਜਾਬ

ਕੇਂਦਰ ਨੇ ਸਰਹੱਦ ਤੋਂ ਲੋਕਾਂ ਨੂੰ ਉਠਾਉਣ ਦਾ ਦਿੱਤਾ ਗਿਆ ਹੁਕਮ ਵਾਪਸ ਲਿਆ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਣਕਾਰੀ
ਨਵੇਂ ਹੁਕਮ ਤੋਂ ਬਾਅਦ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਸਕਣਗੇ
ਸਰਜੀਕਲ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਪ੍ਰਤੀਕ੍ਰਿਆ ਕਰਨ ਦੀਆਂ ਸ਼ੰਕਾਵਾਂ ਦੇ ਮੱਦੇਨਜ਼ਰ ਦਿੱਤੇ ਸਨ ਲੋਕਾਂ ਨੂੰ ਉਠਾਉਣ ਦੇ ਹੁਕਮ
ਜੈਸਲਮੇਰ 7 ਅਕਤੂਬਰ (ਮਧੂਸਾਰ ਬਿਊਰੋ)
ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਉੱਤੇ 10 ਕਿਲੋਮੀਟਰ ਦੀ ਪੱਟੀ ਵਿਚੋਂ ਲੋਕਾਂ ਨੂੰ ਉਠਾਉਣ ਦੇ ਦਿੱਤੇ ਪਹਿਲੇ ਹੁਕਮਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਇਸ ਫੈਸਲੇ ਸਬੰਧੀ ਜਾਣਕਾਰੀ ਅੱਜ ਦੁਪਿਹਰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜੈਸਲਮੇਰ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਦਿੱਤੀ। ਇਸ ਫੈਸਲੇ ਨਾਲ ਹੁਣ ਭਾਰਤ ਸਰਕਾਰ ਦੇ ਪਹਿਲੇ ਹੁਕਮਾਂ ਤੋਂ ਬਾਅਦ ਆਪਣਾ ਘਰ ਛੱਡ ਕੇ ਪਿੱਛੇ ਆਉਣ ਵਾਲੇ ਲੋਕ ਹੁਣ ਆਪਣੇ ਘਰਾਂ ਨੂੰ ਵਾਪਸ ਜਾ ਸਕਣਗੇ।
ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿਚ ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ਦੀ 10 ਕਿਲੋਮੀਟਰ ਦੀ ਪੱਟੀ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਸਨ। ਇਹ ਹੁਕਮ ਸਰਜੀਕਲ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਪ੍ਰਤੀਕ੍ਰਿਆ ਕਰਨ ਦੀਆਂ ਸ਼ੰਕਾਵਾਂ ਦੇ ਮੱਦੇਨਜ਼ਰ ਕੀਤੇ ਗਏ ਸਨ। ਪਾਕਿਸਤਾਨ ਵੱਲੋਂ ਇਸ ਸਰਜੀਕਲ ਹਮਲੇ ਨੂੰ ਨਾ ਮੰਨਣ ਦੇ ਕਾਰਨ ਪਾਕਿਸਤਾਨ ਫੌਜ ਵੱਲੋਂ ਪ੍ਰਤੀਕ੍ਰਿਆ ਕਰਨ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ।
ਇਨ੍ਹਾਂ ਗਤੀਵਿਧੀਆਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਆਪਣੇ ਘਰਾਂ ‘ਚ ਪਰਤਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *