ਜੇ ਬੰਗਾਲ ’ਚ ਹੱਜ ਹਾਊਸ ਹੋ ਸਕਦਾ ਹੈ ਤਾਂ ਗੁਰੂ ਨਾਨਕ ਭਵਨ ਕਿਉ ਨਹੀਂ CM ਸੁਵੇਂਦੂ
ਕੋਲਕਾਤਾ 25 ਨਵੰਬਰ (ਮਧੂਸਾਰ ਬਿਊਰੋ) ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ ਹੈ ਕਿ ਜੇ ਸੂਬੇ ’ਚ ਹੱਜ ਹਾਊਸ ਹੋ ਸਕਦਾ ਹੈ ਤਾਂ ਗੁਰੂ ਨਾਨਕ ਭਵਨ ਕਿਉ ਨਹੀਂ ਬਣਾਇਆ ਜਾ ਸਕਦਾ? ਉਨ੍ਹਾਂ ਮੰਗਲਵਾਰ ਕਿਹਾ ਕਿ ਮੇਰੀ ਸਰਕਾਰ ਸਿੱਖ ਭਾਈਚਾਰੇ ਲਈ ਇਕ ਕਮਿਊਨਿਟੀ ਹਾਲ ਬਣਾਉਣ ’ਚ ਸਹਿਯੋਗ ਦੇਵੇਗੀ।
ਹੁਗਲੀ ਜ਼ਿਲ੍ਹੇ ਦੇ ਡੰਕੁਨੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਗੁਰਦੁਆਰਾ ਕੰਪਲੈਕਸ ’ਚ ਇਕ ਕਮਿਊਨਿਟੀ ਹਾਲ ਬਣਾਉਣ ਦੇ ਪੈਂਡਿੰਗ ਪ੍ਰਸਤਾਵ ਨੂੰ ਸਰਕਾਰੀ ਮਦਦ ਨਾਲ ਅੱਗੇ ਵਧਾਇਆ ਜਾਵੇਗਾ।
ਉਨ੍ਹਾਂ ਕਿਹਾ,’’ਮੈਂ ਪਿਛਲੇ ਸਾਲ ਇਸ ਸਬੰਧੀ ਵਾਅਦਾ ਕੀਤਾ ਸੀ ਪਰ ਉਦੋਂ ਮੈਂ ਮੁੱਖ ਮੰਤਰੀ ਨਹੀਂ ਸੀ। ਉਦੋਂ ਮੈਂ ਨਿੱਜੀ ਤੌਰ ’ਤੇ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਹੁਣ ਮੈਂ ਸਰਕਾਰੀ ਤੌਰ ’ਤੇ ਮਦਦ ਕਰਾਂਗਾ।’’ ਸੁਵੇਂਦੂ ਨੇ ਕਿਹਾ ਕਿ ਮੈਂ ਗੁਰਦੁਆਰਾ ਕਮੇਟੀ ਨੂੰ ਕਮਿਊਨਿਟੀ ਹਾਲ ਦੇ ਨਿਰਮਾਣ ਲਈ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਹੈ। ਉਨ੍ਹਾਂ ਸਿੱਖ ਭਾਈਚਾਰੇ ਦੀ ਸੇਵਾ ਤੇ ਲੰਗਰ ਦੀ ਪਰੰਪਰਾ ਦੀ ਸ਼ਲਾਘਾ ਕੀਤੀ।

