ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪੰਚਕੂਲਾ 26 ਨਵੰਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ ਹੈ। ਬੀਤੇ 77 ਸਾਲਾਂ ਵਿੱਚ ਦੇਸ਼ ਦੇ ਸਾਹਮਣੇ ਜਿਹੜੀਆਂ ਵੀ ਚੁਣੌਤੀਆਂ ਆਈਆਂ ਹਨ, ਸਾਡੇ ਸੰਵਿਧਾਨ ਨੇ ਸਾਨੂੰ ਉਨ੍ਹਾਂ ਸਾਰੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਹੀ ਰਸਤਾ ਦਿਖਾਇਆ ਹੈ। ਸੰਵਿਧਾਨ ਦਾ ਸਨਮਾਨ ਕਿਸੇ ਇੱਕ ਦਲ ਜਾਂ ਸਰਕਾਰ ਦਾ ਵਿਸ਼ਾ ਨਹੀਂ ਹੈ। ਇਹ ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਜਨਤਾ ਨੇ ਜਨਤਕ ਸੇਵਾ ਦਾ ਮੌਕਾ ਦਿੱਤਾ ਹੈ। ਮੁੱਖ ਮੰਤਰੀ ਵੀਰਵਾਰ ਨੂੰ ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੀ 77ਵੀਂ ਵਰ੍ਹੇਗੰਢ ਮੌਕੇ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਆਯੋਜਿਤ ਵਿਸ਼ੇਸ਼ ਚਰਚਾ ਦੌਰਾਨ ਸਦਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਸ਼ੇਸ਼ ਸੈਸ਼ਨ ਵਿੱਚ ਭਾਗ ਲੈਣ ਲਈ ਸਾਰੇ ਮਾਣਯੋਗ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਵਾਗਤ ਅਤੇ ਅਭਿਨੰਦਨ ਕੀਤਾ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਸੀਂ ਲੋਕਤੰਤਰ ਦੇ ਇਸ ਮਹੱਤਵਪੂਰਨ ਤਿਉਹਾਰ ਨੂੰ ਯਾਦ ਕਰ ਰਹੇ ਹਾਂ। ਪਰ, ਇਸ ਸਮੇਂ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਅੱਜ ਹੀ ਦੇ ਦਿਨ ਸਾਲ 2008 ਵਿੱਚ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੀ ਬਰਸੀ ਵੀ ਹੈ। ਉਨ੍ਹਾਂ ਨੇ ਇਸ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਉਸ ਜਜ਼ਬੇ ਨੂੰ ਵੀ ਯਾਦ ਕੀਤਾ, ਜਦੋਂ ਸਮੁੱਚੇ ਦੇਸ਼ ਨੇ ਇਕਜੁੱਟ ਹੋ ਕੇ ਉਸ ਹਮਲੇ ਦਾ ਸਾਹਮਣਾ ਕੀਤਾ ਸੀ। ਇਹ ਸਾਡੇ ਲੋਕਤੰਤਰ ਦੀ ਹੀ ਤਾਕਤ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ, 1946 ਨੂੰ ਹੋਈ ਸੀ। ਲਗਭਗ 3 ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ 26 ਨਵੰਬਰ, 1949 ਨੂੰ ਸੰਵਿਧਾਨ ਅੰਗੀਕਾਰ ਕੀਤਾ ਗਿਆ। ਉਸ ਸਮੇਂ ਸੰਵਿਧਾਨ ਵਿੱਚ 395 ਧਾਰਾਵਾਂ, 22 ਭਾਗ ਅਤੇ 8 ਅਨੁਸੂਚੀਆਂ ਸਨ। ਸੰਵਿਧਾਨ ਸਭਾ ਨੇ 11 ਸੈਸ਼ਨਾਂ ਵਿੱਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਬਹਿਸ ਕੀਤੀ। ਸੰਵਿਧਾਨ ਦੇ ਖਰੜੇ ’ਤੇ ਹਜ਼ਾਰਾਂ ਸੋਧਾਂ ਦੇ ਪ੍ਰਸਤਾਵ ਰੱਖੇ ਗਏ ਅਤੇ ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾ ਭਾਰਤਵਰਸ਼ ਦੀ ਮਹਾਨ ਪਰੰਪਰਾ, ਮਹਾਨ ਸੱਭਿਆਚਾਰ, ਮਹਾਨ ਵਿਰਾਸਤ ਅਤੇ ਹਜ਼ਾਰਾਂ ਸਾਲਾਂ ਦੀ ਇਸ ਦੀ ਯਾਤਰਾ ਪ੍ਰਤੀ ਸੁਚੇਤ ਸਨ। ਭਾਰਤਵਰਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਬਹੁਤ ਪ੍ਰਾਚੀਨ ਹਨ। ਚੌਥੀ ਸਦੀ ਤੋਂ ਪਹਿਲਾਂ, 1 ਹਜ਼ਾਰ ਸਾਲਾਂ ਤੱਕ ਇਸ ਵਿਸ਼ਾਲ ਰਾਸ਼ਟਰ ਵਿੱਚ ਕਈ ਸ਼ਕਤੀਸ਼ਾਲੀ ਗਣਰਾਜ ਸਨ। ਮਾਲਵ ਗਣਰਾਜ ਨੇ ਤਾਂ ਸਿਕੰਦਰ ਦੇ ਅਜਿੱਤ ਹੋਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਇਹ ਅਮੀਰ ਇਤਿਹਾਸ ਵਿਸ਼ਵ ਲਈ ਪ੍ਰੇਰਨਾਦਾਇਕ ਰਿਹਾ ਹੈ। ਇਸੇ ਲਈ ਤਾਂ ਭਾਰਤ ਅੱਜ ਦੁਨੀਆ ਭਰ ਵਿੱਚ ‘ਮਦਰ ਆਫ ਡੈਮੋਕਰੇਸੀ’ ਵਜੋਂ ਜਾਣਿਆ ਜਾਂਦਾ ਹੈ। ਅੱਜ ਸਾਡਾ ਲੋਕਤੰਤਰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਨਾਲ ਹੀ ਸਭ ਤੋਂ ਪ੍ਰਾਚੀਨ ਲੋਕਤੰਤਰੀ ਪਰੰਪਰਾ ਦੀਆਂ ਜੜ੍ਹਾਂ ਵੀ ਸਾਡੀ ਪਵਿੱਤਰ ਧਰਤੀ ਵਿੱਚ ਹੀ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ, ਖਰੜਾ ਕਮੇਟੀ ਦੇ ਪ੍ਰਧਾਨ ਡਾ. ਭੀਮ ਰਾਓ ਅੰਬੇਡਕਰ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਕੇ.ਐਮ. ਮੁਨਸ਼ੀ, ਅੱਲਾਦੀ ਿਸ਼ਨਾਸਵਾਮੀ ਅਈਅਰ ਸਮੇਤ ਕਈ ਮੈਂਬਰਾਂ ਨੇ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਮੁੱਚੀ ਸੰਵਿਧਾਨ ਸਭਾ ਦੀ ਸਮੂਹਿਕ ਸੂਝ-ਬੂਝ ਅਤੇ ਰਾਸ਼ਟਰ ਦੀ ਸਮੂਹਿਕ ਇੱਛਾ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ 24 ਜਨਵਰੀ, 1950 ਨੂੰ 284 ਮੈਂਬਰਾਂ ਨੇ ਸੰਵਿਧਾਨ ’ਤੇ ਦਸਤਖ਼ਤ ਕੀਤੇ। ਉਹ ਦਸਤਖ਼ਤ ਭਾਰਤ ਦੀ ਲੋਕਤੰਤਰੀ ਵਚਨਬੱਧਤਾ ਦੇ ਗਵਾਹ ਬਣੇ।

Leave a Reply

Your email address will not be published. Required fields are marked *