ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਭਾਰਤ ਨੂੰ ਭਵਿੱਖ ’ਚ ਮਸ਼ੀਨਾਂ ਤੇ ਤਕਨਾਲੋਜੀ ’ਤੇ ਵਧੇਰੇ ਨਿਰਭਰ ਕਰਨਾ ਹੋਵੇਗਾ : ਰਾਜਨਾਥ

ਪੁਣੇ 29 ਨਵੰਬਰ (ਮਧੂਸਾਰ ਬਿਊਰੋ) ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਭਵਿੱਖ ’ਚ ਮਸ਼ੀਨਾਂ ਤੇ ਤਕਨਾਲੋਜੀ ’ਤੇ ਵਧੇਰੇ ਨਿਰਭਰ ਕਰਨਾ ਹੋਵੇਗਾ। ਐਤਵਾਰ ਖੜਕਵਾਸਲਾ ’ਚ ਰਾਸ਼ਟਰੀ ਰੱਖਿਆ ਅਕੈਡਮੀ (ਐੱਨ. ਡੀ. ਏ.) ਤੋਂ ਗ੍ਰੈਜੂਏਟ ਹੋਣ ਵਾਲੇ ਸਾਰੇ ਕੈਡਿਟਾਂ ਦੇ 151ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਭਾਰਤ ਇਸ ਸਮੇਂ ਇਕ ਨੌਜਵਾਨ ਦੇਸ਼ ਹੈ ਤੇ ਕੁਝ ਸਮੇਂ ਲਈ ਅਜਿਹਾ ਹੀ ਰਹੇਗਾ। ਇਸ ਦੀ ਆਬਾਦੀ ’ਚ ਵਾਧੇ ਦੀ ਦਰ ਲਗਾਤਾਰ ਘਟ ਰਹੀ ਹੈ। ਵਿਕਸਤ ਦੇਸ਼ਾਂ ਨੇ ਮਨੁੱਖੀ ਸ਼ਕਤੀ ’ਤੇ ਆਪਣੀ ਨਿਰਭਰਤਾ ਘਟਾ ਕੇ ਤੇ ਮਸ਼ੀਨਾਂ ਤੇ ਤਕਨਾਲੋਜੀ ਦੀ ਵਰਤੋਂ ਵਧਾ ਕੇ ਆਪਣੇ ਆਪ ਨੂੰ ਇਸ ਮੁਤਾਬਕ ਢਾਲਿਆ ਹੈ। ਸਾਨੂੰ ਵੀ ਇਸ ਸਬੰਧੀ ਤਿਆਰੀ ਕਰਨੀ ਚਾਹੀਦੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ ’ਚ ਭਾਰਤ ਦੀ ਨੌਜਵਾਨ ਆਬਾਦੀ ਘਟਣੀ ਸ਼ੁਰੂ ਹੋ ਜਾਵੇਗੀ। ਅਜਿਹਾ ਹੋਣ ਤੋਂ ਪਹਿਲਾਂ ਦੇਸ਼ ਨੂੰ ਆਪਣੀਆਂ ਸਮਰੱਥਾਵਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਬਦਲਦੀ ਆਬਾਦੀ ਦੀ ਦਰ ਇਸ ਦੀ ਤਰੱਕੀ ’ਚ ਰੁਕਾਵਟ ਨਾ ਬਣੇ। ਰੱਖਿਆ ਮੰਤਰੀ ਨੇ ਕੈਡਿਟਾਂ ਨੂੰ ਯਾਦ ਦੁਅਆਇਆ ਕਿ ਉਹ ਬਹਾਦਰ ਯੋਧਿਆਂ ਦੀ ਸ਼ਾਨਦਾਰ ਵਿਰਾਸਤ ਦੇ ਵਾਰਿਸ ਹਨ। ਉਨ੍ਹਾਂ ਆਜ਼ਾਦੀ ਘੁਲਾਟੀਏ ਜਤਿੰਦਰ ਨਾਥ ਦਾਸ ਦਾ ਜ਼ਿਕਰ ਕੀਤਾ ਜਿਨ੍ਹਾਂ ਦੇਸ਼ ਦੇ ਸਨਮਾਨ ਦੀ ਰੱਖਿਆ ਲਈ 63 ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ।

Leave a Reply

Your email address will not be published. Required fields are marked *