ਹੱਦਬੰਦੀ ਬਿੱਲ ਪਾਸ ਕਰਾਉਣ ਲਈ ਸਰਕਾਰ ਕੋਲ 371 ਸੰਸਦ ਮੈਂਬਰਾਂ ਦਾ ਸਮਰਥਨ: ਸਰਕਾਰੀ ਅਧਿਕਾਰੀ
ਨਵੀਂ ਦਿੱਲੀ 29 ਨਵੰਬਰ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਨੂੰ ਹੱਦਬੰਦੀ ਨਾਲ ਸਬੰਧਤ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਾਉਣ ਲਈ ਲੋਕ ਸਭਾ ਦੇ 371 ਮੈਂਬਰਾਂ ਦਾ ਸਮਰਥਨ ਹਾਸਲ ਹੈ। ਇਹ ਗਿਣਤੀ 543 ਮੈਂਬਰੀ ਲੋਕ ਸਭਾ ਵਿੱਚ ਬਿੱਲ ਪਾਸ ਕਰਾਉਣ ਲਈ ਲੋੜੀਂਦੇ ਦੋ-ਤਿਹਾਈ ਬਹੁਮਤ ਤੋਂ ਵੱਧ ਹੈ। ਇਹ ਜਾਣਕਾਰੀ ਐਤਵਾਰ ਨੂੰ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਿੱਤੀ। ਮੋਦੀ ਸਰਕਾਰ ਸੋਮਵਾਰ ਨੂੰ ਲੋਕ ਸਭਾ ਵਿੱਚ ਨਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਲੋਕ ਸਭਾ ਦੀਆਂ ਸੀਟਾਂ ਦੀ ਹੱਦਬੰਦੀ ਕਰਕੇ ਇਨ੍ਹਾਂ ਦੀ ਵੱਧ ਤੋਂ ਵੱਧ ਗਿਣਤੀ 850 ਕਰਨ ਅਤੇ ਮਹਿਲਾਵਾਂ ਲਈ 33 ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਵਾਲਾ ਬਿੱਲ ਅਮਲ ਵਿੱਚ ਆਵੇਗਾ ਤਾਂ ਅਨੁਸੂਚਿਤ ਜਾਤੀਆਂ (ਐੱਸਸੀ) ਅਤੇ ਅਨੁਸੂਚਿਤ ਕਬੀਲਿਆਂ (ਐੱਸਟੀ) ਲਈ ਰਾਖਵੀਆਂ ਸੀਟਾਂ ਵੀ 50 ਫ਼ੀਸਦੀ ਵਧਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐੱਸਸੀ ਅਤੇ ਐੱਸਟੀ ਵਰਗਾਂ ਲਈ ਰਾਖਵੇਂ ਚੋਣ ਹਲਕਿਆਂ ਵਿੱਚ ਵੀ ਮਹਿਲਾਵਾਂ ਲਈ ਰਾਖਵਾਂਕਰਨ ਲਾਗੂ ਹੋਵੇਗਾ। ਸਰਕਾਰੀ ਅਧਿਕਾਰੀ ਨੇ ਕਿਹਾ, ÷ਸਾਡੇ ਕੋਲ ਬਿੱਲ ਪਾਸ ਕਰਾਉਣ ਲਈ ਲੋਕ ਸਭਾ ਦੇ 371 ਮੈਂਬਰਾਂ ਦਾ ਸਮਰਥਨ ਹੈ।÷ ਹਾਲਾਂਕਿ ਉਨ੍ਹਾਂ ਨੇ ਸੱਤਾਧਾਰੀ ਐੱਨਡੀਏ ਦੇ ਭਾਈਵਾਲਾਂ ਤੋਂ ਇਲਾਵਾ ਬਿੱਲ ਦਾ ਸਮਰਥਨ ਕਰਨ ਵਾਲੀਆਂ ਹੋਰ ਪਾਰਟੀਆਂ ਜਾਂ ਸੰਸਦ ਮੈਂਬਰਾਂ ਦੇ ਨਾਂ ਨਹੀਂ ਦੱਸੇ।
ਬਿੱਲ ਪਾਸ ਨਾ ਹੋਇਆ ਤਾਂ 2034 ਤੱਕ ਕਰਨੀ ਪਵੇਗੀ ਉਡੀਕ
ਅਧਿਕਾਰੀ ਨੇ ਕਿਹਾ ਕਿ ਹੱਦਬੰਦੀ ਬਿੱਲ 1957 ਦੇ ਕਾਨੂੰਨ ਵਰਗਾ ਹੀ ਹੈ ਅਤੇ ਇਸ ਵਿੱਚ ਮੁੱਖ ਫ਼ਰਕ ਮਹਿਲਾ ਰਾਖਵਾਂਕਰਨ ਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹੱਦਬੰਦੀ ਦੀ ਲੋੜ ਹੈ। ਜੇ ਬਿੱਲ ਹੁਣ ਪਾਸ ਹੋ ਜਾਂਦਾ ਹੈ ਤਾਂ ਨਵੇਂ ਚੋਣ ਹਲਕਿਆਂ ਦੇ ਆਧਾਰ ’ਤੇ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਿਲਾ ਰਾਖਵਾਂਕਰਨ ਲਾਗੂ ਕੀਤਾ ਜਾ ਸਕਦਾ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ 2034 ਤੱਕ ਉਡੀਕ ਕਰਨੀ ਪਵੇਗੀ।
ਹੱਦਬੰਦੀ ਕਮਿਸ਼ਨ ਵਿੱਚ ਜੱਜ, ਚੋਣ ਕਮਿਸ਼ਨਰ ਤੇ ਸੰਸਦ ਮੈਂਬਰ ਹੋਣਗੇ ਸ਼ਾਮਲ
ਪ੍ਰਸਤਾਵਿਤ ਬਿੱਲ ਅਨੁਸਾਰ ਹੱਦਬੰਦੀ ਕਮਿਸ਼ਨ ਦਾ ਇੱਕ ਚੇਅਰਮੈਨ ਹੋਵੇਗਾ ਜੋ ਸੁਪਰੀਮ ਕੋਰਟ ਦਾ ਮੌਜੂਦਾ ਜਾਂ ਸੇਵਾਮੁਕਤ ਜੱਜ ਹੋਵੇਗਾ। ਉਸ ਦੀ ਨਿਯੁਕਤੀ ਕੇਂਦਰ ਸਰਕਾਰ ਕਰੇਗੀ। ਮੁੱਖ ਚੋਣ ਕਮਿਸ਼ਨਰ ਜਾਂ ਕੋਈ ਚੋਣ ਕਮਿਸ਼ਨਰ ਵੀ ਇਸ ਕਮਿਸ਼ਨ ਦਾ ਮੈਂਬਰ ਹੋਵੇਗਾ, ਜਿਸ ਨੂੰ ਮੁੱਖ ਚੋਣ ਕਮਿਸ਼ਨਰ ਨਾਮਜ਼ਦ ਕਰੇਗਾ। ਸਬੰਧਤ ਸੂਬੇ ਦਾ ਰਾਜ ਚੋਣ ਕਮਿਸ਼ਨਰ ਵੀ ਕਮਿਸ਼ਨ ਵਿੱਚ ਮੈਂਬਰ ਹੋਵੇਗਾ। ਇਸ ਤੋਂ ਇਲਾਵਾ ਲੋਕ ਸਭਾ ਦੇ ਪੰਜ ਸੰਸਦ ਮੈਂਬਰ ਅਤੇ ਸਬੰਧਤ ਸੂਬੇ ਦੀ ਵਿਧਾਨ ਸਭਾ ਦੇ ਪੰਜ ਵਿਧਾਇਕ ਸਹਿਯੋਗੀ ਮੈਂਬਰ ਹੋਣਗੇ। ਸੰਸਦ ਮੈਂਬਰਾਂ ਨੂੰ ਲੋਕ ਸਭਾ ਸਪੀਕਰ ਸਬੰਧਤ ਸੂਬੇ ਵਿੱਚ ਵੱਖ-ਵੱਖ ਪਾਰਟੀਆਂ ਦੀ ਗਿਣਤੀ ਦੇ ਆਧਾਰ ’ਤੇ ਨਾਮਜ਼ਦ ਕਰਨਗੇ। ਇਸੇ ਤਰ੍ਹਾਂ ਵਿਧਾਨ ਸਭਾ ਦੇ ਸਪੀਕਰ ਪਾਰਟੀਆਂ ਦੀ ਸਥਿਤੀ ਦੇ ਆਧਾਰ ’ਤੇ ਪੰਜ ਵਿਧਾਇਕ ਨਾਮਜ਼ਦ ਕਰਨਗੇ। ਅਧਿਕਾਰੀ ਅਨੁਸਾਰ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਜਾਵੇਗੀ। ਸੰਸਦ ਨੂੰ ਇਸ ਰਿਪੋਰਟ ਵਿੱਚ ਸੋਧ ਕਰਨ ਜਾਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਅਧਿਕਾਰ ਵੀ ਹੋਵੇਗਾ।

