ਪੰਜਾਬ

2017 ਚੋਣਾਂ ਵਿਚ ਕਾਂਗਰਸ ਦੀ ਹੋਂਦ ਖਤਮ ਹੋ ਜਾਵੇਗੀ- ਸੁਖਬੀਰ ਸਿੰਘ ਬਾਦਲ

ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਖਿਲਾਫ ਕੀਤੇ ਜਾ ਰਹੇ ਦੁਰਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣ ਦਾ ਸੱਦਾ
ਸਿਆਸੀ ਰੋਟੀਆਂ ਸੇਕਣ ਖਾਤਰ ਕਾਂਗਰਸ ਅਤੇ ‘ਆਪ’ ਕੌਮੀ ਸੁਰੱਖਿਆ ਖਤਰੇ ਵਿਚ ਨਾ ਪਾਉਣ- ਹਰਸਿਮਰਤ ਕੌਰ ਬਾਦਲ
225.29 ਕਰੋੜ ਰੁਪਏ ਦੇ ਸਿੰਚਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ, ਮਾਲਵਾ ਖੇਤਰ ਦੀ ਕਿਰਸਾਨੀ ਦੀ ਹੋਵੇਗੀ ਕਾਇਆ ਕਲਪ
ਬਰੇਟਾ/ਭੀਖੀ (ਮਾਨਸਾ), 8 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ ਅਤੇ ਉਸ ਦੀ ਸਿਆਸੀ ਹੋਂਦ ਖਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਪੰਜਾਬ ਦੀ ਤਰੱਕੀ ਲਈ ਕੁਝ ਨਹੀਂ ਕੀਤਾ ਅਤੇ ਕਾਂਗਰਸ ਦੇ ਰਾਜ ਦੌਰਾਨ ਸੂਬੇ ਵਿਚ ਕੋਈ ਵੀ ਅਜਿਹਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ ਜਿਸ ਨੂੰ ਯਾਦ ਕੀਤਾ ਜਾ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਨਹੀਂ ਲਾਉਣਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਕਰੜੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਆਗੂ ਜਾਣ ਬੁੱਝ ਕੇ ਪੰਜਾਬ ਅਤੇ ਪੰਜਾਬੀਆਂ ਦਾ ਅਕਸ ਵਿਗਾੜ ਕੇ ਪੇਸ਼ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਪਾਰਟੀ ਦੇ ਦੁਰਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ।
ਮਾਲਵਾ ਖੇਤਰ ਲਈ 225.29 ਕਰੋੜ ਰੁਪਏ ਦੇ ਸਿੰਚਾਈ ਦੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਵਿਕਾਸਮੁਖੀ ਲੀਹ ‘ਤੇ ਪਾਇਆ ਹੈ ਅਤੇ ਤਰੱਕੀ ਪੱਖੋਂ ਇਸ ਵੇਲੇ ਸੂਬਾ ਅੱਵਲ ਸੂਬਿਆਂ ਵਿਚ ਸ਼ੁਮਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਚਹੁੰਮੁਖੀ ਵਿਕਾਸ ਅਕਾਲੀ-ਭਾਜਪਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਭਲਾਈ ਸਕੀਮਾਂ ਜਿਵੇਂ ਸ਼ਗਨ ਸਕੀਮ, ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਸਕੂਲੀ ਲੜਕੀਆਂ ਲਈ ਮੁਫਤ ਸਾਈਕਲ, ਮੁਫਤ ਸਿਹਤ ਬੀਮਾ ਯੋਜਨਾ, ਕਿਸਾਨਾਂ ਨੂੰ ਮੁਫਤ ਬਿਜਲੀ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ, ਨੌਜਵਾਨਾਂ ਨੂੰ ਖੇਡ ਕਿੱਟਾਂ, ਸੇਵਾ ਕੇਂਦਰਾਂ ਦੀ ਸ਼ੁਰੂਆਤ, ਸਕਿੱਲ ਸੈਂਟਰਾਂ ਦੀ ਸਥਾਪਤੀ, 2000 ਮੁਫਤ ਦਵਾਈ ਕੇਂਦਰ, ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ, ਯਾਦਗਾਰਾਂ ਦੀ ਸਥਾਪਤੀ, ਕਿਸਾਨਾਂ ਲਈ ਨਵਾਂ ਕਰਜ਼ਾ ਕਾਨੂੰਨ ਜਿਸ ਤਹਿਤ ਮੂਲ ਰਕਮ ਤੋਂ ਜ਼ਿਆਦਾ ਵਿਆਜ਼ ਨਹੀਂ ਲਿਆ ਜਾ ਸਕਦਾ, ਕੋ-ਆਪ੍ਰੇਟਿਵ ਬੈਕਾਂ ਰਾਹੀਂ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਵਿਆਜ ਰਹਿਤ ਕਰਜ਼ਾ, ਜਿੰਮਾਂ ਦੀ ਵੰਡ, ਪਿੰਡਾਂ ਵਿਚ ਧਰਮਸ਼ਾਲਾਵਾਂ ਬਣਾਉਣ ਤੋਂ ਇਲਾਵਾ ਸੂਬੇ ਨੂੰ ਵਾਧੂ ਬਿਜਲੀ ਅਤੇ ਸੜਕੀ ਨੈੱਟਵਰਕ ਵਿਚ ਨੰਬਰ ਇਕ ਬਣਾਉਣਾ ਅਕਾਲੀ-ਭਾਜਪਾ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਹਨ।
ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 209.09 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਖ਼ਸ਼ੀਵਾਲਾ ਵਿਖੇ ਘੱਗਰ ਬਰਾਂਚ ਦੇ ਨਹਿਰੀ ਖਾਲਿਆਂ ਨੂੰ ਪੱਕਾ ਕਰਨ ਅਤੇ 16.20 ਕਰੋੜ ਦੀ ਲਾਗਤ ਨਾਲ ਭੀਖੀ ਰਜਬਾਹੇ ਦੀ 13 ਕਿਲੋਮੀਟਰ ਦੀ ਨਵ-ਉਸਾਰੀ ਦਾ ਨੀਂਹ ਪੱਥਰ ਰੱਖਿਆ। ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਸ਼ੁਰੂ ਹੋ ਜਾਣ ਨਾਲ ਬੁਢਲਾਡਾ ਅਤੇ ਸਰਦੂਲਗੜ੍ਹ ਹਲਕੇ ਦੇ 147 ਪਿੰਡਾਂ ਨੂੰ ਸਿੱਧੇ ਰੂਪ ਵਿਚ ਲਾਭ ਪੁੱਜੇਗਾ ਅਤੇ ਮਾਲਵਾ ਖੇਤਰ ਦੀ ਕਿਰਸਾਨੀ ਦੀ ਕਾਇਆ ਕਲਪ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖਾਲਿਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਸਨ ਅਤੇ ਲੋਕ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਉਨ੍ਹਾਂ ਦੋ ਸਾਲਾਂ ਵਿਚ ਪੂਰਾ ਕਰ ਦਿੱਤਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿਚ ਸਹਿਯੋਗ ਦੇਣ ਲਈ ਸ੍ਰੀਮਤੀ ਬਾਦਲ ਨੇ ਕੇਂਦਰੀ ਜਲ ਸਰੋਤ ਮੰਤਰੀ ਸ੍ਰੀਮਤੀ ਓਮਾ ਭਾਰਤੀ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਵਿਚ ਬਹੁਤ ਵੱਡੇ ਪ੍ਰੋਜੈਕਟ ਜਿਵੇਂ ਕਿ ਆਈਆਈਐਮ, ਏਮਜ਼ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਮਿਲਣ ਵਰਗੇ ਕੰਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿਚ ਪੰਜਾਬ ਦੇ 5-6 ਮੰਤਰੀ ਹੋਣ ਦੇ ਬਾਵਜੂਦ ਹਮੇਸ਼ਾਂ ਹੀ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ਸੜਕ ਨੂੰ ਹਰੀ ਝੰਡੀ ਮਿਲ ਜਾਣ ਨਾਲ ਸੂਬੇ ਦੀ ਤਰੱਕੀ ਵਿਚ ਨਵਾਂ ਅਧਿਆਏ ਲਿਖਿਆ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਕੰਡਿਆਲੀ ਤਾਰ ਨਜ਼ਦੀਕ ਖਿੱਚੀਆਂ ਸੰਵੇਦਨਸ਼ੀਲ ਪੱਧਰ ਦੀਆਂ ਕੁਝ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਸਾਂਝੀਆਂ ਕਰਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਵੱਲੋਂ ਸੰਸਦ ਭਵਨ ਦੀ ਵੀਡੀਓ ਨੂੰ ਜਨਤਕ ਕਰਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿਆਸੀ ਰੋਟੀਆਂ ਸੇਕਣ ਖਾਤਰ ਕਾਂਗਰਸ ਅਤੇ ‘ਆਪ’ ਨੂੰ ਕੌਮੀ ਸੁਰੱਖਿਆ ਖਤਰੇ ਵਿਚ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਆਗੂ ਇਨ੍ਹਾਂ ਤਸਵੀਰਾਂ ਤੇ ਵੀਡਿਓ ਰਾਹੀਂ ਕੌਮੀ ਸੁਰੱਖਿਆ ਦੇ ਭੇਦ ਜੱਗ-ਜਾਹਰ ਕਰ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਅਪੀਲ ਕੀਤੀ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਦੇਸ਼ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾਵੇ ਅਤੇ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕਾਰਜ ਕਰ ਰਹੇ ਅਕਾਲੀ-ਭਾਜਪਾ ਗੱਠਜੋੜ ਨੂੰ ਮੁੜ ਸੇਵਾ ਦਾ ਮੌਕਾ ਦੇ ਕੇ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਰਾਹਾਂ ‘ਤੇ ਤੋਰਿਆ ਜਾਵੇ।
ਇਸ ਮੌਕੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਮਾਲਵਾ ਖੇਤਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਲਈ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਸਮਾਂ ਦੀ ਜਦੋਂ ਮਾਨਸਾ ਇਲਾਕਾ ਪੰਜਾਬ ਦੇ ਪੱਛੜੇ ਖੇਤਰਾਂ ਵਿਚ ਗਿਣਿਆਂ ਜਾਂਦਾ ਸੀ ਪਰ ਹੁਣ ਇਸ ਇਲਾਕੇ ਵਿਚ ਵਿਕਾਸ ਦੀ ਚੱਲ ਰਹੀ ਹਨੇਰੀ ਨੇ ਇਸ ਨੂੰ ਪੰਜਾਬ ਦੇ ਮੋਹਰੀ ਇਲਾਕਿਆਂ ਦੀ ਕਤਾਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਪ੍ਰੇਮ ਮਿੱਤਲ ਤੇ ਚਤਿੰਨ ਸਿੰਘ ਸਮਾਓ, ਸੀਨੀਅਰ ਅਕਾਲੀ ਆਗੂ ਬਲਰਾਜ ਸਿੰਘ ਭੂੰਦੜ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਪ੍ਰੇਮ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਜਗਦੀਪ ਸਿੰਘ ਨਕੱਈ, ਉਪ ਚੇਅਰਮੈਨ ਪੀਆਰਟੀਸੀ ਵਿਨਰਜੀਤ ਸਿੰਘ ਗੋਲਡੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੁਖਦੇਵ ਸਿੰਘ ਚੈਨੇਵਾਲਾ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਤੇ ਹਰਬੰਤ ਸਿੰਘ ਦਾਤੇਵਾਸ, ਬੱਲਮ ਕਲੀਪੁਰ ਚੇਅਰਮੈਨ ਮਾਰਕਿਟ ਕਮੇਟੀ ਬੋਹਾ, ਗੁਰਮੇਲ ਸਿੰਘ ਫੱਫੜਾ ਭਾਈਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ, ਅਵਤਾਰ ਸਿੰਘ ਰਾੜਾ ਯੂਥ ਪ੍ਰਧਾਨ ਅਕਾਲੀ ਦਲ ਸ਼ਹਿਰੀ, ਜੋਗਾ ਸਿੰਘ ਪ੍ਰਧਾਨ ਨਗਰ ਪੰਚਾਇਤ ਬੋਹਾ, ਸਵਰਨ ਸਿੰਘ ਹੀਰੇਵਾਲਾ ਪ੍ਰਧਾਨ ਐਸ.ਸੀ. ਵਿੰਗ, ਸੁਖਚੈਨ ਸਿੰਘ ਤੇ ਗੁਰਪ੍ਰੀਤ ਝੱਬਰ ਐਸਜੀਪੀਸੀ ਮੈਂਬਰ, ਸਿਮਰਜੀਤ ਕੌਰ ਸਿੰਮੀ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ, ਭਾਜਪਾ ਪ੍ਰਧਾਨ ਸਤੀਸ਼ ਗੋਇਲ, ਮਲਕੀਤ ਸਿੰਘ ਸਮਾਓ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਵੀਰ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ ਬੁਢਲਾਡਾ ਅਤੇ ਕੁਲਵੰਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੋਹਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *