ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ17 ਅਕਤੂਬਰ ਨੂੰ ਮਨਾਉਣ -ਬੇਦੀ
ਅੰਮ੍ਰਿਤਸਰ 10 ਅਕਤੂਬਰ (ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਨੂੰ ਆਪਣੇ ਹੱਥੀਂ ਵਸਾਉਣ ਵਾਲੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 17 ਅਕਤੂਬਰ 2016 ਦਿਨ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸਕੱਤਰ ਸ. ਦਿਲਜੀਤ ਸਿੰਘ ‘ਬੇਦੀ’ ਨੇ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 17 ਅਕਤੂਬਰ 2016 ਦਿਨ ਸੋਮਵਾਰ ਨੂੰ ਮਨਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਿਤੀ 15 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12:00 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਵੇਗਾ ਜਿਸ ਵਿਚ ਧਾਰਮਿਕ ਸਭਾ ਸੁਸਾਇਟੀਆਂ, ਗੁਰੂ ਘਰ ਦੇ ਪ੍ਰੇਮੀ, ਸ਼ਬਦੀ ਜਥੇ, ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਹੋਣਗੇ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਇਤਿਹਾਸਕ ਸਮੇਂ ‘ਤੇ 16 ਅਕਤੂਬਰ ਦਿਨ ਐਤਵਾਰ ਰਾਤ 7:00 ਵਜੇ ਤੋਂ ਅੰਮ੍ਰਿਤ ਵੇਲੇ 1:00 ਵਜੇ ਤੀਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਹੋਵੇਗਾ ਜਿਸ ਵਿਚ ਭਾਈ ਰਵਿੰਦਰ ਸਿੰਘ, ਭਾਈ ਰਾਇ ਸਿੰਘ, ਭਾਈ ਰਣਧੀਰ ਸਿੰਘ, ਭਾਈ ਇੰਦਰਜੀਤ ਸਿੰਘ ਤੇ ਭਾਈ ਇਕਬਾਲ ਸਿੰਘ ਹਜ਼ੂਰੀ ਰਾਗੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਡਾ. ਗੁਰਿੰਦਰ ਸਿੰਘ ਬਟਾਲਾ, ਭਾਈ ਦਵਿੰਦਰ ਸਿੰਘ ਜਲੰਧਰ, ਭਾਈ ਕੰਵਰਪਾਲ ਸਿੰਘ ਦੇਹਰਾਦੂਨ ਤੇ ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ ਵਾਲਿਆਂ ਦੇ ਜਥੇ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 17 ਅਕਤੂਬਰ ਨੂੰ ਸਵੇਰੇ ਕਥਾ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜਣਗੇ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ, ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜ਼ੀ ਚਲਾਈ ਜਾਵੇਗੀ ਤੇ ਰਾਤ 08:00 ਵਜੇ ਵਿਸ਼ੇਸ਼ ਕਵੀ ਸਮਾਗਮ ਵੀ ਕਰਵਾਇਆ ਜਾਵੇਗਾ। ਸਮੂਹ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਸ ਪਾਵਨ ਦਿਹਾੜੇ ‘ਤੇ ਗੁਰੂ ਘਰ ਵਿਚ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾਉਣ।

