ਸੱਤਾ ‘ਚ ਰਹਿ ਕੇ ਬਾਦਲ ਪਰਿਵਾਰ ਨੇ ਰਾਜ ਅਤੇ ਲੋਕਾਂ ਨੇ ਸੰਤਾਪ ਭੋਗਿਆ : ਅਰੁਣਾ ਚੌਧਰੀ
ਲੋਕ ਮਸਲੇ ਹੱਲ ਕਰਨ ‘ਚ ਫੇਲ੍ਹ ਰਹੀ ਬਾਦਲ ਸਰਕਾਰ ਨੂੰ ਸੱਤਾ ‘ਚ ਰਹਿਣ ਦਾ ਹੱਕ ਨਹੀਂ
‘ਕਾਂਗਰਸ ਲਿਆਓ ਪੰਜਾਬ ਬਚਾਓ ਯਾਤਰਾ’ ਤਹਿਤ ਪਿੰਡਾਂ ‘ਚ ਕੀਤੀਆਂ ਮੀਟਿੰਗਾਂ
ਪੰਜਾਬ ਦੇ ਭਲੇ ਲਈ ਕਾਂਗਰਸ ਦੀ ਸਰਕਾਰ ਲਿਆਉਣ ਦਾ ਦਿੱਤਾ ਹੋਕਾ
ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਾਗਰ)
ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ‘ਕਾਂਗਰਸ ਲਿਆਓ ਪੰਜਾਬ ਬਚਾਓ ਯਾਤਰਾ’ ਦੇ ਤਹਿਤ ਅੱਜ ਪਾਰਟੀ ਦੀ ਐਕਸਪ੍ਰੈਸ ਵੈਨ ਵੱਲੋਂ ਦੀਨਾਨਗਰ ਹਲਕੇ ਦੇ ਪਿੰਡ ਧਮਰਾਈ, ਜੰਡੀ, ਤਾਲਿਬਪੁਰ ਅਤੇ ਪੁਰਾਣਾਸ਼ਾਲਾ ਦਾ ਦੌਰਾ ਕੀਤਾ ਗਿਆ। ਜਿੱਥੇ ਲੋਕਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕਾ ਅਰੁਣਾ ਚੌਧਰੀ, ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਮਨ ਬਹਿਲ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵੱਲੋਂ ਪੰਜਾਬ ਦੇ ਭਲੇ ਲਈ ਸੂਬੇ ‘ਚ ਕਾਂਗਰਸ ਦੀ ਸਰਕਾਰ ਲਿਆਉਣ ਦਾ ਹੋਕਾ ਦਿੱਤਾ ਗਿਆ।
ਇਨ੍ਹਾਂ ਪਿੰਡਾਂ ‘ਚ ਵਿਧਾਇਕਾ ਅਰੁਣਾ ਅਰੁਣਾ ਚੌਧਰੀ ਨੇ ਕਿਹਾ ਕਿ ਲਗਾਤਾਰ ਦੋ ਵਾਰ ਸੱਤਾ ‘ਚ ਆਣ ਦੇ ਬਾਵਜੂਦ ਗੱਠਜੋੜ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਤੇ ਨਿਕੰਮੀ ਸਾਬਤ ਹੋਈ ਹੈ। ਜਿਸਨੂੰ ਚਲਦਾ ਕਰਨ ਲਈ ਲੋਕਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਤੇ ਸਮੱਸਿਆਵਾਂ ਦਾ ਹੱਲ ਨਾ ਕਰ ਸਕਦੀ ਹੋਵੇ ਉਸਨੂੰ ਸੱਤਾ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਬਾਦਲ ਪਰਿਵਾਰ ਤੇ ਉਸਦੇ ਨਜ਼ਦੀਕੀਆਂ ਨੇ ਰਾਜ ਭੋਗਿਆ ਹੈ ਜਦਕਿ ਪੰਜਾਬ ਦੀ ਜਨਤਾ ਨੇ ਸੰਤਾਪ ਹੰਢਾਇਆ ਹੈ। ਜਿਸਦਾ ਬਦਲਾ ਲੋਕ 2017 ਦੀਆਂ ਚੋਣਾਂ ‘ਚ ਜ਼ਰੂਰ ਲੈਣਗੇ।
ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੂਬਾ ਜਨਰਲ ਸਕੱਤਰ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਨੂੰ ਲੁੱਟਣਾ ਤੇ ਬੇਕਸੂਰ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾਉਣੇ ਅਕਾਲੀ ਲੀਡਰਾਂ ਦੇ ਮੁੱਖ ਨਿਸ਼ਾਨੇ ਹਨ। ਜਿਨ੍ਹਾਂ ਨੂੰ ਰੋਕਣ ਲਈ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਿਆਉਣਾ ਸਮੇਂ ਦੀ ਮੰਗ ਹੈ। ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਚਰਮ ਸੀਮਾ ‘ਤੇ ਪਹੁੰਚ ਚੁੱਕੇ ਨਸ਼ੇ ਦੇ ਕਾਰੋਬਾਰ ਨੂੰ ਦੇਖਦਿਆਂ ਸਾਨੂੰ ਆਪਣੀਆਂ ਧੀਆਂ ਦੇ ਮੁਕਾਬਲੇ ਪੁੱਤਰਾਂ ਦੀ ਰਾਖੀ ਕਰਨ ਨੂੰ ਵਧੇਰੇ ਤਰਜ਼ੀਹ ਦੇਣੀ ਚਾਹੀਦੀ ਹੈ। ਕਿਉਂਕਿ ਨਸ਼ਾ ਸਾਡੇ ਵੰਸ਼ ਨੂੰ ਖ਼ਤਮ ਕਰਦਾ ਜਾ ਰਿਹਾ ਹੈ ਅਤੇ ਘਰਾਂ ‘ਚੋਂ ਨੌਜਵਾਨਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਬਾਦਲ ਸਰਕਾਰ ਦੇ ਰਾਜ ਵਿੱਚ ਹੀ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਸਿਵਾਏ ਖ਼ੁਦਕੁਸ਼ੀਆਂ ਦੇ ਹੋਰ ਕੁਝ ਨਹੀਂ ਸੁੱਝ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਣ ‘ਤੇ ਵਿਤਕਰੇਬਾਜ਼ੀ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਹਰੇਕ ਗਰੀਬ ਪਰਿਵਾਰ ਦੇ ਨੀਲੇ ਕਾਰਡ ਬਣਾਏ ਜਾਣਗੇ ਅਤੇ ਅਜਿਹੀਆਂ ਸੁਵਿਧਾਵਾਂ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਹਰੇਕ ਲੋੜਵੰਦ ਪਰਿਵਾਰ ਲਈ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਆਪ’ ਦਾ ਝਾੜੂ ਹੁਣ ਖਿੱਲਰ ਗਿਆ ਹੈ ਅਤੇ ਦੀਨਾਨਗਰ ਤੋਂ ਐਲਾਨੇ ਗਏ ਉਮੀਦਵਾਰ ਦਾ ਹਲਕੇ ਅੰਦਰ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿਰਫ਼ ਵੋਟਾਂ ਖ਼ਰਾਬ ਕਰਨ ਹੀ ਆਉਂਦੇ ਹਨ। ਜੋ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੇ।
ਇਸ ਮੌਕੇ ਪਿੰਡਾਂ ਦੀਆਂ ਔਰਤਾਂ ਤੇ ਮਰਦਾਂ ਵੱਲੋਂ ਵਿਧਾਇਕਾ ਅਰੁਣਾ ਚੌਧਰੀ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਜਿਨ੍ਹਾਂ ਦਾ ਵਿਧਾਇਕਾ ਨੇ ਆਪਣੀ ਸਰਕਾਰ ਬਣਦਿਆਂ ਹੀ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਕੈਪਟਨ ਸ਼ੇਰ ਸਿੰਘ, ਸਰਪੰਚ ਦੇਸ ਰਾਜ, ਚੇਅਰਮੈਨ ਦੀਪਕ ਭੱਲਾ, ਸਰਪੰਚ ਦਲਬੀਰ ਸਿੰਘ ਬਿੱਟੂ, ਸੁਰਿੰਦਰ ਸਕੋਹਲਾ, ਅਮਰਜੀਤ ਅੰਬੀ, ਵਿਜੇ ਸ਼ਰਮਾ, ਪ੍ਰਦੀਪ ਜੰਡੀ, ਸਰਪੰਚ ਕੁਲਦੀਪ ਸਿੰਘ ਦੋਆਬਾ, ਬਲਜਿੰਦਰ ਸਿੰਘ ਲੋਹਗੜ੍ਹ, ਐਨਪੀ ਸਿੰਘ ਸੈਣੀ, ਰਘਵੀਰ ਸਿੰਘ ਢਾਕੀ, ਖਜੂਰ ਸਿੰਘ, ਪ੍ਰੇਮ ਸਿੰਘ, ਰਕਸ਼ਾ ਦੇਵੀ, ਬਿਮਲਾ ਦੇਵੀ, ਵੀਨਾ ਦੇਵੀ, ਬਲਕਾਰ ਸਿੰਘ ਸਿੱਧਪੁਰ, ਸਮਸ਼ੇਰ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਪ੍ਰਧਾਨ, ਪ੍ਰਸ਼ੋਤਮ ਪੱਪਾ, ਤਰਵੇਜ਼ ਢਾਕੀ, ਚੂੰਨੀ ਲਾਲ, ਸਰਪੰਚ ਪ੍ਰੇਮ ਚੰਦ ਚੌਂਤਾ, ਸਰਪੰਚ ਰਤਨ ਸਿੰਘ ਮੀਰਪੁਰ, ਵਿਕੇਸ਼ ਬਹਿਰਾਮਪੁਰ, ਸੁਭਾਸ਼ ਮੇਘੀਆਂ, ਡਾ. ਸ਼ਸ਼ੀ ਦੱਤ, ਭੁਪਿੰਦਰ ਸੇਖਵਾਂ, ਮੱਸਾ ਸਿੰਘ ਅਤੇ ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

