ਪੰਜਾਬ

ਮਾਨਸਾ ਕਤਲ ਕਾਂਡ ਮਾਮਲੇ ਸਬੰਧੀ ਆਈ.ਜੀ. ਕਰਾਈਮ ਪੰਜਾਬ ਐਸ.ਸੀ. ਕਮਿਸ਼ਨ ਸਨਮੁੱਖ ਪੇਸ਼

ਏ.ਡੀ.ਜੀ.ਪੀ. ਕਰਾਈਮ ਅਤੇ ਐਸ.ਐਸ.ਪੀ. ਮਾਨਸਾ ਨੂੰ 19 ਅਕਤੂਬਰ ਨੂੰ ਸਮੁੱਚੀ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਪੁਲੀਸ ਵਿਭਾਗ ਨੂੰ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਵਿਸ਼ੇਸ਼ ਟੀਮਾਂ ਗਠਿਤ ਕਰਨ ਲਈ ਕਿਹਾ
ਚੰਡੀਗੜ੍ਹ 14 (ਮਧੂਸਾਰ ਬਿਊਰੋ)
ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦੇ ਇੱਕ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਅਨੁਸੂਚਿਤ ਜਾਤੀ ਨੌਜਵਾਨ ਦੇ ਕਤਲ ਸਬੰਧੀ ਆਈ.ਜੀ. ਕਰਾਈਮ, ਪੰਜਾਬ ਪੁਲੀਸ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਨਮੁੱਖ ਪੇਸ਼ ਹੋਏ।

ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਏ.ਡੀ.ਜੀ.ਪੀ. ਕਰਾਈਮ, ਪੰਜਾਬ ਅਤੇ ਐਸ.ਐਸ.ਪੀ., ਮਾਨਸਾ ਨੂੰ 19 ਅਕਤੂਬਰ ਨੂੰ ਸਮੁੱਚੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸ੍ਰੀ ਵਰਿੰਦਰ ਕੁਮਾਰ ਆਈ.ਜੀ., ਕਰਾਈਮ, ਪੰਜਾਬ ਪੁਲੀਸ ਅਤੇ ਭਲਾਈ ਵਿਭਾਗ ਦੀ ਸੰਯੁਕਤ ਡਾਇਰੈਕਟਰ ਸ੍ਰੀਮਤੀ ਅੰਜਨਾ ਸੰਧੂ ਨੇ ਕਮਿਸ਼ਨ ਸਨਮੁੱਖ ਪੇਸ਼ ਹੋ ਕੇ ਮਾਨਸਾ ਕਤਲ ਕਾਂਡ ਦੇ ਤਾਜ਼ੇ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਸਬੰਧੀ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਧਾਰਾ 302, 148, 149 ਤਹਿਤ ਅਤੇ ਐਸ.ਸੀ./ਐਸ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਰਹਿੰਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਲਾਈ ਵਿਭਾਗ ਦੀ ਸੰਯੁਕਤ ਡਾਇਰੈਕਟਰ ਸ੍ਰੀਮਤੀ ਅੰਜਨਾ ਸੰਧੂ ਨੇ ਮ੍ਰਿਤਕ ਦੇ ਪਰਿਵਾਰ ਦੀ ਵਿੱਤੀ ਮਦਦ ਲਈ 5 ਲੱਖ 62 ਹਜ਼ਾਰ ਰੁਪਏ ਦਾ ਚੈੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ।
ਸ੍ਰੀ ਬਾਘਾ ਨੇ ਦੱਸਿਆ ਕਿ ਪੁਲੀਸ ਵਿਭਾਗ ਨੂੰ ਸ਼ਰਾਬ ਮਾਫ਼ੀਆ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਵਿਸ਼ੇਸ਼ ਟੀਮਾਂ ਗਠਿਤ ਕਰਨ ਲਈ ਕਿਹਾ ਤਾਂ ਜੋ ਅਪਰਾਧੀ ਅਨਸਰਾਂ ਵਿਰੁੱਧ ਠੋਸ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਮਾਨਸਾ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਸਮੱਚੀ ਵਿੱਤੀ ਮਦਦ ਤੁਰੰਤ ਜਾਰੀ ਕਰੇ ਅਤੇ ਪਰਿਵਾਰ ਦੀ ਮੰਗ ਅਨੁਸਾਰ ਵਿੱਤੀ ਮਦਦ ਵਧਾਉਣ ਦੀ ਮੰਗ ਨੂੰ ਵੀ ਹਮਦਰਦੀ ਨਾਲ ਵਿਚਾਰੇ।
ਚੇਅਰਮੈਨ ਨੇ ਦੱਸਿਆ ਕਿ ਕਮਿਸ਼ਨ ਅਨੁਸੂਚਿਤ ਜਾਤੀ ਵਰਗ ਦੇ ਮਸਲਿਆਂ ਨੂੰ ਕਾਨੂੰਨ ਅਨੁਸਾਰ ਹੱਲ ਕੀਤੇ ਜਾਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਨਸਾ ਕਤਲ ਕਾਂਡ ਨੂੰ ਸਮੇਂ ਸਿਰ ਹੱਲ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜਾ ਦੇਣੀ ਯਕੀਨੀ ਬਣਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Leave a Reply

Your email address will not be published. Required fields are marked *