ਪੰਜਾਬ

ਅਮਰਿੰਦਰ-ਅਰਵਿੰਦ ਪੰਜਾਬੀ ਨੌਜਵਾਨਾਂ ਤੋਂ ਮੁਆਫੀ ਮੰਗਣ- ਸੁਖਬੀਰ ਸਿੰਘ ਬਾਦਲ

(ਪੰਜਾਬ ਪੁਲਿਸ ਦੀ ਭਰਤੀ ਦੌਰਾਨ 3.75 ਲੱਖ ਨੌਜਵਾਨਾਂ ਦੇ ਡਰੱਗ ਟੈਸਟ ਵਿਚੋਂ ਸਿਰਫ 1.27 ਫੀਸਦੀ ਦਾ ਨਤੀਜਾ ਫੇਲ੍ਹ ਆਇਆ)
(ਡਰੱਗ ਨਤੀਜਿਆਂ ਤੋਂ ਸਾਹਮਣੇ ਆਇਆ ਕਿ ਪੰਜਾਬੀ ਨੌਜਵਾਨਾਂ ਵਿਚ ਨਸ਼ਿਆਂ ਦਾ ਰੁਝਾਨ ਕੌਮੀ ਅਤੇ ਕੌਮਾਂਤਰੀ ਪੱਧਰ ਨਾਲੋਂ ਕਿਤੇ ਘੱਟ)
ਚੰਡੀਗੜ੍ਹ, 21 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅਮਰਿੰਦਰ-ਅਰਵਿੰਦ ਨੂੰ ਪੰਜਾਬੀ ਨੌਜਵਾਨਾਂ ਨੂੰ ਬਿਨਾਂ ਤੱਥ ਨਸ਼ੱਈ ਕਹਿਣ ਲਈ ਬਿਨਾਂ ਸ਼ਰਤ ਅਤੇ ਇਮਾਨਦਾਰੀ ਨਾਲ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ‘ਸ਼ੈਤਾਨ ਬੰਦਿਆਂ’ ਨੇ ਗੁਰੂਆਂ ਦੀ ਧਰਤੀ ਦੇ ਨੌਜਵਾਨਾਂ ਨੂੰ ਨਸ਼ੱਈ ਕਹਿ ਕੇ ਉਨ੍ਹਾਂ ਦੀ ਸਾਖ ਨੂੰ ਬੁਰੀ ਤਰ੍ਹਾਂ ਖਰਾਬ ਕੀਤਾ ਹੈ ਅਤੇ ਅਜਿਹੇ ਵਿਚ ਵਿਸ਼ਵ ਪੱਧਰ ‘ਤੇ ਪੰਜਾਬੀ ਨੌਜਵਾਨਾਂ ਦਾ ਅਕਸ ਖਰਾਬ ਕਰਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਵੱਲੋਂ ਕੀਤੇ ਗਏ ਇਸ ਨਾਮੁਆਫੀਯੋਗ ਬੱਜਰ ਗੁਨਾਹ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ ਕਿਉਂ ਕਿ ਅਜਿਹਾ ਜ਼ੁਰਮ ਆਪਣੇ ਭਰਾਵਾਂ ਤੇ ਭੈਣਾਂ ਨਾਲ ਕੋਈ ਕਰ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਦਰਅਸਲ ਅਮਰਿੰਦਰ ਅਤੇ ਅਰਵਿੰਦ ਆਪਣੀ ਸਰਕਸ ਦੇ ਬੈਂਡ ਮਾਸਟਰ ਰਾਹੁਲ ਗਾਂਧੀ ਸਮੇਤ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਇਹ ਵੀ ਸਭ ਨੂੰ ਪਤਾ ਹੈ ਕਿ ਇਨ੍ਹਾਂ ਦਾ ਸਾਥ ਵੀ ਅਜਿਹੇ ਬੰਦਿਆਂ ਨਾਲ ਹੈ ਜੋ ਪੰਜਾਬ ਵਿਰੋਧੀ ਹਨ ਅਤੇ ਇਹ ਦੋਵੇਂ ਵਾਰੋ-ਵਾਰੀ ਜਾਣਬੁੱਝ ਕੇ ਪੰਜਾਬੀ-ਪੰਜਾਬੀਆਂ ਨੂੰ ਬਦਨਾਮ ਕਰਕੇ ਮਾਣਹਾਨੀ ਕਰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਸ਼ਿਆਂ ਜਿਹੀ ਸਮਾਜਿਕ ਬੁਰਾਈ ਨਾਲ ਜੰਗ ਲੜਨ ਲਈ ਅਤੇ ਨਸ਼ਿਆਂ ਦੇ ਖਾਤਮੇ ਲਈ ਬਹੁਤ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਕਿ ਸਫਲ ਨਤੀਜੇ ਸਾਹਮਣੇ ਆ ਰਹੇ ਹਨ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਸਾਜਿਸ਼ ਤਹਿਤ ਜਾਣਬੁੱਝ ਕੇ ਸਾਰੇ ਪੰਜਾਬੀ ਨੌਜਵਾਨਾਂ ਨੂੰ ਨਸ਼ੱਈ ਸਾਬਤ ਕਰਨ ‘ਤੇ ਆਪਣਾ ਜ਼ੋਰ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੇ ਮਕਸਦ ਦੀ ਪੂਰਤੀ ਲਈ ਬਾਲੀਵੁੱੱਡ ਫਿਲਮਾਂ ਵਿਚ ਵੀ ਪੈਸਾ ਲਾ ਰਹੀਆਂ ਹਨ ਤਾਂ ਜੋ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਸਿਰਫ ਕੌਮੀ ਹੀ ਨਹੀਂ ਬਲਕਿ ਵਿਸ਼ਵ ਪੱਧਰ ‘ਤੇ ਬਦਨਾਮ ਕੀਤਾ ਜਾ ਸਕੇ।
ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਪੰਜਾਬ ਵਿਰੋਧੀ ਆਗੂਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਹੜੇ ਅੰਕੜਿਆਂ ਦੇ ਆਧਾਰ ‘ਤੇ 70 ਫੀਸਦੀ ਪੰਜਾਬੀ ਨੌਜਵਾਨਾਂ ਨੂੰ ਨਸ਼ੱਈ ਦੱਸਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨੂੰ ਨਸ਼ੱਈ ਕਹਿਣ ਵਾਲੀ ਮੁਹਿੰਮ ਠੀਕ ਉਸੇ ਤਰ੍ਹਾਂ ਸ਼ੁਰੂ ਕੀਤੀ ਗਈ ਹੈ ਜਿਵੇਂ ਕਿ 80ਵੇਂ ਦੇ ਦਹਾਕੇ ਵਿਚ ਕਾਂਗਰਸ ਨੇ ਸਿੱਖਾਂ ਨੂੰ ਅੱਤਵਾਦੀ ਵੱਜੋਂ ਪ੍ਰਚਾਰਿਤ ਕਰਨ ਦੀ ਮੁਹਿੰਮ ਚਲਾਈ ਸੀ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਸੱਚਾਈ ਇਹ ਹੈ ਕਿ ਪੰਜਾਬ ਨਸ਼ਿਆਂ ਖਿਲਾਫ ਦੇਸ਼ ਵਿਆਪੀ ਜੰਗ ਲੜ ਰਿਹਾ ਹੈ ਅਤੇ ਕੌਮਾਂਤਰੀ ਸਰਹੱਦ ਤੋਂ ਨਸ਼ਿਆਂ ਦੀ ਤਸਕਰੀ ਦੀ ਰੋਕਥਾਮ ਵਿਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਖਤੀ ਨਾ ਕਰੇ ਤਾਂ ਅਫਗਾਨਿਸਤਾਨ ਤੋਂ ਆ ਰਹੇ ਨਸ਼ਿਆਂ ਦੀ ਸਪਲਾਈ ਪੂਰੇ ਦੇਸ਼ ਵਿਚ ਫੈਲ ਜਾਵੇਗੀ ਇਸ ਲਈ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵੱਲੋਂ ਚੁੱਕੇ ਜਾ ਰਹੇ ਕਦਮਾਂ ਲਈ ਸਾਨੂੰ ਵਧਾਈ ਦਿੱਤੀ ਜਾਣੀ ਚਾਹੀਦੀ ਹੈ।
ਪੰਜਾਬ ਪੁਲਿਸ ਦੀ ਭਰਤੀ ਦੌਰਾਨ ਡਰੱਗ ਟੈਸਟ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਤਾਂ ਚੁੱਕਿਆ ਗਿਆ ਸੀ ਤਾਂ ਜੋ ਦੇਸ਼ ਸਾਹਮਣੇ ਨਸ਼ਿਆਂ ਸਬੰਧੀ ਅਸਲੀ ਤੱਥ ਲਿਆਂਦੇ ਜਾ ਸਕਣ। ਉਨ੍ਹਾਂ ਕਿਹਾ ਕਿ ਸਾਡੇ ਖਿਲਾਫ ਚਲਾਈ ਜਾ ਰਹੀ ਮਾਣਹਾਨੀ ਮੁਹਿੰਮ ਉਦੋਂ ਸਿਰੇ ਦਾ ਝੂਠ ਸਾਬਿਤ ਹੋਈ ਜਦੋਂ ਭਰਤੀ ਦੌਰਾਨ 3.75 ਲੱਖ ਨੌਜਵਾਨਾਂ ਦਾ ਡਰੱਗ ਟੈਸਟ ਕੀਤਾ ਗਿਆ ਅਤੇ ਸਿਰਫ 1.27 ਫੀਸਦੀ ਨੌਜਵਾਨ ਡਰੱਗ ਟੈਸਟ ਵਿਚ ਫੇਲ੍ਹ ਹੋਏ। ਉਨ੍ਹਾਂ ਕਿਹਾ ਕਿ ਡਰੱਗ ਟੈਸਟ ਵਿਚੋਂ ਫੇਲ੍ਹ ਹੋਏ ਨੌਜਵਾਨਾਂ ਵਿਚ ਵੀ ਜਿਨ੍ਹਾਂ ਨੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕੀਤੀ ਹੋਈ ਸੀ ਉਹ ਦਰ ਕੌਮੀ ਦਰ ਦੇ ਮੁਕਾਬਲੇ ਬਹੁਤ ਘੱਟ ਹੈ।
ਉੱਪ ਮੁੱਖ ਮੰਤਰੀ ਨੇ ਇਸ ਮੌਕੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਰੋਧੀ ਇਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੋ ਕਿ ਆਪਣੇ ਸੌੜੇ ਹਿੱਤਾਂ ਖਾਤਿਰ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਨੂੰ ਬਦਨਾਮ ਕਰਨ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਕ ਵਿਸ਼ਵ ਵਿਚ ਸਭ ਤੋਂ ਉੱਤਮ ਅਤੇ ਤਾਕਤਵਰ ਹਨ ਅਤੇ ਮੀਡੀਆ ਇਨ੍ਹਾਂ ਨੌਜਵਾਨਾਂ ਦੀ ਸਹੀ ਤਸਵੀਰ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਵਿਗਿਆਨਕ ਰੂਪ ਵਿਚ ਕੀਤੇ ਗਏ ਡਰੱਗ ਟੈਸਟ ਦੇ ਸਾਹਮਣੇ ਆਏ ਨਤੀਜਿਆ ਨੂੰ ਵੀ ਸਹੀ ਰੂਪ ਵਿਚ ਦੁਨੀਆਂ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਤੱਥਾਂ ਤੋਂ ਬਾਅਦ ਵੀ ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਬਦਨਾਮ ਕਰਨ ਦੀ ਆਪਣੀ ਮੁਹਿੰਮ ਬੰਦ ਨਹੀਂ ਕਰਨਗੇ ਤਾਂ ਦੋਵਾਂ ਨੂੰ ਪੰਜਾਬ ਵਿਰੋਧੀ ਤੇ ਪੰਜਾਬੀ ਨੌਜਵਾਨ ਵਿਰੋਧੀ ਐਲਾਨ ਕੇ ਸਿਆਸਤ ਵਿਚ ਹਾਸ਼ੀਏ ‘ਤੇ ਧੱਕ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਇਹ ਦੋਵੇਂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਚੋਣਾਂ ਤੋਂ ਬਾਅਦ ਗੁੰਮਨਾਮੀ ਦੇ ਹਨ੍ਹੇਰੇ ਵਿਚ ਗੁਆਚ ਜਾਣੇ ਹਨ।
ਇਸੇ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਰਾਜ ਬਹਾਦੁਰ, ਜਿਨ੍ਹਾਂ ਦੀ ਸੰਸਥਾ ਵੱਲੋਂ ਪੁਲਿਸ ਭਰਤੀ ਦੌਰਾਨ ਡਰੱਗ ਟੈਸਟ ਕੀਤੇ ਗਏ, ਨੇ ਦੱਸਿਆ ਕਿ ਇਸ ਟੈਸਟ ਦਾ ਮਕਸਦ ਇਹ ਜਾਨਣਾ ਸੀ ਕਿ ਪੰਜਾਬ ਦੇ ਕਿੰਨੇ ਕੁ ਨੌਜਵਾਨ ਨਸ਼ਿਆਂ ਵਿਚ ਗ੍ਰਸਤ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਮਾਨਕਾ ‘ਤੇ ਖਰੀਆਂ ਉਤਰਦੀਆਂ ਕਿੱਟਾਂ ਨਾਲ ਸਾਰੇ ਸੂਬੇ ਵਿਚ 3.75 ਲੱਖ ਨੌਜਵਾਨਾਂ ਦੇ ਪੇਸ਼ਾਬ ਟੈਸਟ ਕੀਤੇ ਗਏ ਅਤੇ ਇਹ ਕਿੱਟਾਂ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਵਿਚੋਂ ਸਿਰਫ 4501 ਉਮੀਦਵਾਰ (1.27 ਫੀਸਦੀ) ਫੇਲ੍ਹ ਪਾਏ ਗਏ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਪਹਿਲੀ ਵਾਰ ਡਰੱਗ ਟੈਸਟ ਵਿਚੋਂ ਫੇਲ੍ਹ ਹੋ ਗਏ ਸਨ ਜਦੋਂ ਉਨ੍ਹਾਂ ਨੂੰ ਦੂਜਾ ਮੌਕਾ ਦਿੱਤਾ ਗਿਆ ਤਾਂ 1672 ਉਮੀਦਵਾਰ ਡਰੱਗ ਟੈਸਟ ਨੂੰ ਪਾਸ ਕਰ ਗਏ।
ਡਾ. ਰਾਜ ਬਹਾਦੁਰ ਨੇ ਕਿਹਾ ਕਿ ਇਨ੍ਹਾਂ ਟੈਸਟਾਂ ਵਿਚ ਜੋ ਗੱਲ ਪ੍ਰਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਈ ਉਹ ਇਹ ਸੀ ਕਿ ਪੰਜਾਬੀ ਨੌਜਵਾਨਾਂ ਵਿਚ ਨਸ਼ੇ ਲੈਣ ਦੀ ਪ੍ਰਵਿਰਤੀ ਅਤੇ ਦਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਬਹੁਤ ਹੀ ਘੱਟ ਪਾਈ ਗਈ ਹੈ।ਇਕ ਰਿਪੋਰਟ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ‘ਤੇ ਨਸ਼ੇ ਕਰਨ ਦੀ ਜੋ ਦਰ 0.7 ਫੀਸਦੀ ਹੈ ਉਹ ਦਰ ਪੰਜਾਬੀ ਉਮੀਦਵਾਰਾਂ ਵਿਚ ਸਿਰਫ 0.33 ਫੀਸਦੀ ਪਾਈ ਗਈ ਜਦਕਿ ਰਵਾਇਤੀ ਨਸ਼ਿਆਂ ਦੀ ਜੋ ਦਰ ਵਿਸ਼ਵ ਪੱਧਰ ‘ਤੇ 3.5 ਫੀਸਦੀ, ਏਸ਼ੀਆ ਪੱਧਰ ‘ਤੇ 1.6 ਫੀਸਦੀ ਅਤੇ ਕੌਮੀ ਪੱਧਰ ‘ਤੇ 3 ਫੀਸਦੀ ਹੈ ਉਹ ਦਰ ਭਰਤੀ ਵਿਚ ਆਏ ਨੌਜਵਾਨਾਂ ਵਿਚ ਸਿਰਫ 0.42 ਫੀਸਦੀ ਸਾਹਮਣੇ ਆਈ।
ਉੱਪ ਕੁਲਪਤੀ ਨੇ ਕਿਹਾ ਕਿ ਇਨ੍ਹਾਂ ਟੈਸਟ ਨਤੀਜਿਆਂ ਤੋਂ ਇਕ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ੱਈ ਦੱਸਣਾ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪੇਸ਼ੇਵਰ ਸਮਰੱਥਾ ਦੇ ਆਧਾਰ ‘ਤੇ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਅੰਕੜੇ ਸਪੱਸ਼ਟ ਸਿੱਧ ਕਰਦੇ ਹਨ ਕਿ ਪੰਜਾਬੀਆਂ ਵਿਚ ਨਸ਼ੇ ਕਰਨ ਦੀ ਪ੍ਰਵਿਰਤੀ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਘੱਟ ਹੈ।
ਇਸੇ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਨਸ਼ਾ ਤਸਕਰਾ ਖਿਲਾਫ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਮੋਹਰੀ ਸੂਬਿਆਂ ਵਿਚ ਅੱਵਲ ਹੈ ਜੋ ਨਸ਼ਾ ਤਸਕਰਾ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ 2014 ਵਿਚ ਨਸ਼ਾ ਤਸਕਰਾ ਖਿਲਾਫ ਪੰਜਾਬ ਵਿਚ 14483 ਮਾਮਲੇ ਦਰਜ ਕੀਤੇ ਗਏ ਜੋ ਕਿ ਕੌਮੀ ਦਰ ਦੇ ਹਿਸਾਬ ਨਾਲ 31 ਫੀਸਦੀ ਬਣਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ 2014 ਵਿਚ ਦੇਸ਼ ਵਿਚ ਜਿੰਨੀ ਹੈਰੋਇਨ ਫੜ੍ਹੀ ਗਈ ਸੀ ਉਸਦਾ 46 ਫੀਸਦੀ ਇਕੱਲਿਆ ਪੰਜਾਬ ਪੁਲਿਸ ਨੇ ਫੜ੍ਹਿਆ ਸੀ ਅਤੇ ਅਫੀਮ ਫੜ੍ਹਨ ਵਿਚ ਇਹੀ ਦਰ 31 ਫੀਸਦੀ ਰਹੀ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿਚ ਕਾਨੂੰਨ ਤਹਿਤ 195 ਨਸ਼ਾ ਤਸਕਰਾ ਦੀਆਂ 227 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਫਲਤਾ ਦੀ ਕਹਾਣੀ ਸਿੱਧ ਕਰਦੇ ਹਨ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਪੂਰੀ ਤਰ੍ਹਾਂ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਵੱਡੇ ਨਸ਼ਾ ਤਸਕਰਾ ਨਾਲ ਵੀ ਕਰੜੇ ਹੱਥੀਂ ਪੇਸ਼ ਆ ਰਹੀ ਹੈ।
ਪੁਲਿਸ ਮੁਖੀ ਨੇ ਕਿਹਾ ਕਿ ਨਸ਼ਾ ਤਸਕਰਾ ਨੂੰ ਸਜ਼ਾਵਾਂ ਦਿਵਾਉਣ ਵਿਚ ਵੀ ਪੰਜਾਬ ਦੀ ਸਫਲਤਾ ਦਰ ਬਹੁਤ ਉੱਚੀ ਹੈ। ਉਨ੍ਹਾਂ ਕਿਹਾ ਕਿ 2006 ਵਿਚ ਇਹ ਦਰ ਜਿੱਥੇ 67 ਫੀਸਦੀ ਸੀ ਉੱਥੇ ਹੀ 2014 ਵਿਚ 80 ਅਤੇ 2015 ਵਿਚ 81 ਫੀਸਦੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਇਕ ਵੱਖਰਾ ਵਿੰਗ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਸਟੇਟ ਬੋਰਡ ਆਫ ਡੀਐਡੀਕਸ਼ਨ ਐਂਡ ਰੀਹੈਬੀਲੀਏਸ਼ਨ ਸ਼ਾਮਿਲ ਹੈ ਜਿਸ ਦੇ ਮੁਖੀ ਮੁੱਖ ਮੰਤਰੀ ਹਨ ਅਤੇ ਇਸ ਤਹਿਤ ਇਕ ਵੱਖਰਾ ਫੰਡ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਹੀਆਂ ਕੁੱਤਿਆਂ ਦੀ ਟੀਮ ਵੀ ਤਿਆਰ ਕੀਤੀ ਗਈ ਹੈ ਤਾਂ ਜੋ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਜਾ ਸਕੇ।

Leave a Reply

Your email address will not be published. Required fields are marked *