ਪੰਜਾਬ

ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਾਰਾਣਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ 50 ਫੀਸਦੀ ਛੋਟ ਦੇਣ ਲਈ ਸਹਿਮਤ

ਅੰਬਾਲਾ, ਜਲੰਧਰ, ਬਠਿੰਡਾ, ਪੂਣੇ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਸੈਕੰਡ/ਸਲੀਪਰ ਕਲਾਸ ਦੇ ਕਿਰਾਏ ਵਿਚ 25 ਜਨਵਰੀ ਤੋਂ 25 ਫਰਵਰੀ 2017 ਤੱਕ ਮਿਲੇਗੀ ਛੋਟ
ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਦਾ ਇਸ ਉਪਰਾਲੇ ਲਈ ਕੀਤਾ ਧੰਨਵਾਦ
ਚੰਡੀਗੜ੍ਹ, 25 ਅਕਤੂਬਰ (ਮਧੂਸਾਰ ਬਿਊਰੋ)
ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਰੇਲਵੇ ਮੰਤਰਾਲਾ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਾਰਾਣਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਰਾਏ ਵਿਚ 50 ਫੀਸਦੀ ਛੋਟ ਦੇਣ ਲਈ ਸਹਿਮਤ ਹੋ ਗਿਆ ਹੈ। ਰੇਲਵੇ ਵੱਲੋਂ ਇਹ ਫੈਸਲਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਲਗਾਤਾਰ ਰੇਲਵੇ ਮੰਤਰਾਲੇ ਨਾਲ ਰਾਬਤਾ ਰੱਖਣ ਅਤੇ ਰੇਲਵੇ ਮੰਤਰੀ ਨਾਲ ਮੀਟਿੰਗਾਂ ਕਰਕੇ ਕੀਤੇ ਉਪਰਾਲਿਆਂ ਨਾਲ ਸੰਭਵ ਹੋਇਆ ਹੈ।

ਕੇਂਦਰੀ ਰੇਲਵੇ ਮੰਤਰੀ ਦਾ ਇਸ ਫੈਸਲੇ ਲਈ ਧੰਨਵਾਦ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਦੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਲਾਭ ਹੋਵੇਗਾ ਜੋ ਸ੍ਰੀ ਗੁਰੂ ਰਵੀਦਾਰ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਵਾਰਾਣਸੀ ਜਾਣਾ ਚਾਹੁੰਦੇ ਹਨ।
ਚੀਫ ਕਮਰਸ਼ੀਲ ਮੈਨੇਜਰ, ਉੱਤਰੀ ਰੇਲਵੇ, ਨਵੀਂ ਦਿੱਲੀ ਅਤੇ ਸੈਂਟਰਲ ਰੇਲਵੇ, ਮੁੰਬਈ ਤੋਂ ਪ੍ਰਾਪਤ ਪੱਤਰ ਅਨੁਸਾਰ ਰੇਲਵੇ ਵੱਲੋਂ ਉਨ੍ਹਾਂ ਲੋਕਾਂ ਨੂੰ ਸੈਕੰਡ/ਸਲੀਪਰ ਕਲਾਸ ਦੇ ਬੇਸਿਕ ਕਿਰਾਏ ਵਿਚ 50 ਫੀਸਦੀ ਦੀ ਛੋਟ ਦੇਣ ਦੀ ਸਹਿਮਤੀ ਦਿੱਤੀ ਗਈ ਹੈ ਜਿੰਨ੍ਹਾਂ ਦੀ ਪ੍ਰਤੀ ਮਹੀਨਾ ਆਮਦਨ 5000 ਰੁਪਏ ਤੋਂ ਘੱਟ ਹੈ ਅਤੇ ਜੋ 25 ਜਨਵਰੀ 2017 ਤੋਂ 25 ਫਰਵਰੀ 2017 ਦੇ ਵਿਚਕਾਰ ਅੰਬਾਲਾ, ਜਲੰਧਰ, ਬਠਿੰਡਾ ਅਤੇ ਪੂਣੇ ਤੋਂ ਵਾਰਾਣਸੀ ਵਿਖੇ ਸ੍ਰੀ ਗੁਰੂ ਰਵੀਦਾਰ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸੱਟ ਜਲੰਧਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਵਿਚ ਸ਼ਾਮਲ ਹੋਣ ਲਈ ਜਾਣਗੇ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ‑ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਐਨ.ਡੀ.ਏ. ਸਰਕਾਰ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਹਰ ਸੰਭਵ ਸਹਿਯੋਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸੂਬੇ ਦੇ ਵੱਖ ਵੱਖ ਭਾਗਾਂ ਤੋਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ।

Leave a Reply

Your email address will not be published. Required fields are marked *