ਪੰਜਾਬ

ਨਾ ਇਕੱਠੇ ਸਨ, ਨਾ ਇਕੱਠੇ ਸੀ, ਨਾ ਹੋਣਗੇ!

ਕੋਹਲੀ ਤੇ ਜੁਨੇਜਾ ਦੇ ਸ਼ਕਤੀ ਪ੍ਰਦਰਸ਼ਨ ਦੀ ਭੇਂਟ ਚੜਿਆ ਕਾਂਗਰਸ, ਸੱਜਣ ਤੇ ਟਾਈਟਲਰ ਦਾ ਪੁਤਲਾ
ਸਰਦਾਰਾ ਸਿੰਘ ਕੋਹਲੀ ਦੀਆਂ ਅੱਖਾਂ ਸਾਹਮਣੇ ਸੁਲਘਦੀ ਰਹੀ ਧੜੇਬੰਦੀ ਦੀ ਅੱਗ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੁਤਲਾ ਫੂਕਣ ਦਾ ਸੱਦਾ ਦਿੱਤਾ ਗਿਆ, ਜਿਸ ਤਹਿਤ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਅਤੇ ਅਕਾਲੀ ਜਥਾ ਪਟਿਆਲਾ ਵੱਲੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖਿਲਾਫ਼ ਪੁਤਲਾ ਸਾੜਿਆ ਗਿਆ।
ਹਾਈਕਮਾਨ ਦੇ ਸੱਦੇ ਤੋਂ ਬਾਅਦ ਅਕਾਲੀ ਜਥਾ ਪਟਿਆਲਾ ਸ਼ਹਿਰੀ ਅਤੇ ਯੂਥ ਅਕਾਲੀ ਦਲ ਵੱਲੋਂ ਵੱਖੋ ਵੱਖ ਥਾਵਾਂ ‘ਤੇ ਪੁਤਲਾ ਸਾੜਨ ਲਈ ਪ੍ਰੋਗਰਾਮ ਉਲੀਕਿਆ ਗਿਆ ਅਤੇ ਦੋਵੇਂ ਧੜਿਆਂ ਨੇ ਆਪੋ ਆਪਣੇ ਸਮਰਥਕਾਂ ਨੂੰ ਮਿਥੀ ਥਾਂ ‘ਤੇ ਪਹੁੰਚਣ ਦਾ ਸੱਦਾ ਦਿੱਤਾ। ਅਕਾਲੀ ਜਥਾ ਪਟਿਆਲਾ ਸ਼ਹਿਰੀ ਨੇ ਅਨਾਰਦਾਨਾ ਚੌਂਕ ਵਿਚ ਪੁਤਲਾ ਸਾੜਨਾ ਸੀ ਅਤੇ ਯੂਥ ਅਕਾਲੀ ਦਲ ਨੇ ਕਿਲ੍ਹਾ ਚੌਂਕ ਵਿਚ ਪੁਤਲਾ ਸਾੜਨ ਨੂੰ ਲੈ ਕੇ ਸੱਦਾ ਦਿੱਤਾ।
ਅਕਾਲੀ ਜਥਾ ਸ਼ਹਿਰੀ ਪਟਿਆਲਾ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਅਤੇ ਯੂਥ ਅਕਾਲੀ ਦਲ ਜਥੇ ਦੀ ਅਗਵਾਈ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਕੀਤੀ ਜਾਣੀ ਸੀ, ਜਿਸ ਕਾਰਣ ਸ਼ਹਿਰੀ ਲੀਡਰਸ਼ਿਪ ਵਿਚ ਇਹ ਪ੍ਰੋਗਰਾਮ ਹਾਸੋਹੀਣਾ ਬਣ ਗਿਆ ਅਤੇ ਅਕਾਲੀ ਲੀਡਰਸ਼ਿਪ ਦੇ ਆਗੂ ਅਲੱਗ-ਥਲੱਗ ਵਿਖਾਈ ਦਿੱਤੇ। ਇਸ ਗੱਲ ਦੀ ਖੂਬ ਚਰਚਾ ਸੀ ਕਿ ਜਿਹੜੇ ਅਕਾਲੀ ਆਗੂ ਆਪਸ ਵਿਚ ਇਕੱਠੇ ਨਹੀਂ ਚੱਲ ਸਕਦੇ ਉਹ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਕਿੰਝ ਦਿਵਾਉਣਗੇ।
ਅਕਾਲੀ ਜਥਾ ਸ਼ਹਿਰ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਅਤੇ ਉਨ੍ਹਾਂ ਦੇ ਸਮਰਥਕ ਆਪਣੀ ਤਾਕਤ ਵਿਖਾਉਣਾ ਚਾਹੁੰਦੇ ਸਨ, ਜੋ ਸਮਰਥਕਾਂ ਸਮੇਤ ਅਨਾਰਦਾਨਾ ਚੌਂਕ ਵਿਚ ਪਹੁੰਚ ਗਏ ਦੂਜੇ ਪਾਸੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਵੱਡੀ ਗਿਣਤੀ ਵਿਚ ਯੂਗ ਬ੍ਰਿਗੇਡ ਕਿਲ੍ਹਾ ਚੌਂਕ ਵਿਚ ਪਹੁੰਚ ਚੁੱਕੀ ਸੀ।
ਅਖੀਰ ਵਿਚ ਯੂਥ ਅਕਾਲੀ ਦਲ ਨੇ ਕਿਲ੍ਹਾ ਚੌਂਕ ਵਿਚ ਪੁਤਲਾ ਫੂਕਣ ਦੀ ਬਜਾਏ ਸਰਦਾਰਾ ਸਿੰਘ ਕੋਹਲੀ ਚੌਂਕ ਕੋਲ ਪੁਤਲਾ ਸਾੜਨ ਦਾ ਪ੍ਰੋਗਰਾਮ ਬਣਾ ਲਿਆ ਜਿਵੇਂ ਹੀ ਇਹ ਭਿਣਕ ਅਕਾਲੀ ਜਥਾ ਸ਼ਹਿਰ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੂੰ ਪਈ ਤਾਂ ਉਨ੍ਹਾਂ ਨੇ ਸਮਰਥਕਾਂ ਨੂੰ ਅਨਾਰਦਾਨਾ ਚੌਂਕ ਵਿਚ ਪੁਤਲਾ ਫੂਕਣ ਦੀ ਬਜਾਏ ਆਪਣੇ ਸਵਰਗੀ ਪਿਤਾ ਸਰਦਾਰਾ ਸਿੰਘ ਕੋਹਲੀ ਦੇ ਬੁੱਤ ਕੋਲ ਪੁੱਜ ਕੇ ਪੁਤਲਾ ਸਾੜਨ ਲਈ ਆਖ ਦਿੱਤਾ ਕਿਉਂਕਿ ਸੁਰਜੀਤ ਸਿੰਘ ਕੋਹਲੀ ਨਹੀਂ ਚਾਹੁੰਦੇ ਸਨ ਕਿ ਸਰਦਾਰਾ ਸਿੰਘ ਕੋਹਲੀ ਚੌਂਕ ਵਿਚ ਹਰਪਾਲ ਜੁਨੇਜਾ ਪੁਤਲਾ ਸਾੜ ਕੇ ਕਿਤੇ ਲਾਹਾ ਨਾ ਖੱਟ ਲੈਣ। ਇਹ ਵੀ ਕਿਹਾ ਜਾ ਰਿਹਾ ਸੀ ਕਿ ਕੋਹਲੀ ਸਮਰਥਕਾਂ ਦਾ ਇਕੱਠ ਘੱਟ ਸੀ, ਜਿਸ ਕਾਰਨ ਅਕਾਲੀ ਜਥਾ ਪਟਿਆਲਾ ਨੇ ਹਰਪਾਲ ਜੁਨੇਜਾ ਪਲੇਟਫਾਰਮ ‘ਤੇ ਆਉਣਾ ਹੀ ਮੁਨਾਸਬ ਸਮਝਿਆ।
ਯੂਥ ਅਕਾਲੀ ਦਲ ਜਥੇ ਦੀ ਅਗਵਾਈ ਕਰ ਰਹੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਵੱਡੀ ਗਿਣਤੀ ਨਾਲ ਸਮਰਥਕਾਂ ਸਮੇਤ ਸਰਦਾਰਾ ਸਿੰਘ ਕੋਹਲੀ ਚੌਂਕ ਵਿਖੇ ਪਹੁੰਚ ਗਏ ਅਤੇ ਅਕਾਲੀ ਜਥਾ ਪਟਿਆਲਾ ਦੀ ਅਗਵਾਈ ਕਰ ਰਹੇ ਸਰਦਾਰਾ ਸਿੰਘ ਕੋਹਲੀ ਸਮਰਥਕਾਂ ਸਮੇਤ ਸਰਦਾਰਾ ਸਿੰਘ ਕੋਹਲੀ ਚੌਂਕ ਵਿਚ ਪੁੱਜੇ, ਜਿਨਾਂ ਦੇ ਸਮਰਥਕਾਂ ਵੱਲੋਂ ਹਰਪਾਲ ਜੁਨੇਜਾ ਜਿੰਦਾਬਾਦ, ਸੁਰਜੀਤ ਸਿੰਘ ਕੋਹਲੀ ਜਿੰਦਾਬਾਦ ਦੇ ਨਾਅਰੇਬਾਜ਼ੀ ਲਗਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਦੋਵੇਂ ਧੜਿਆਂ ਵੱਲੋਂ ਤਿਆਰ ਕੀਤੇ ਕਾਂਗਰਸ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਪੁਤਲੇ ਸਾੜੇ ਗਏ ਅਤੇ ਗਾਂਧੀ ਪਰਿਵਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਜਥਾ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਕੇਂਦਰ ਦੀ ਮੋਦੀ ਸਰਕਾਰ ਤੱਕ ਆਵਾਜ਼ ਪਹੁੰਚਾਉਂਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ, ਜਿਨਾਂ ਨੂੰ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਹਮੇਸ਼ਾ ਬਚਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਜ਼ਖ਼ਮ ਅੱਜ ਵੀ ਅੱਲ੍ਹੇ ਪਏ ਹਨ ਅਤੇ ਪੀੜਤ ਪਰਿਵਾਰਾਂ ਨੂੰ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਨਸਾਫ ਨਹੀਂ ਮਿਲਿਆ।
ਆਗੂਆਂ ਨੇ ਕਿਹਾ ਕਿ ਸਿੱਖ ਕਤਲੇਆਮ ਦੀ ਮੁੱਖ ਦੋਸ਼ੀ ਕਾਂਗਰਸ ਤੇ ਇੰਦਰਾ ਗਾਂਧੀ ਰਹੀ ਹੈ, ਜਿਨਾਂ ਨੇ ਕਦੇ ਵੀ ਸਿੱਖਾਂ ਨੂੰ ਇਨਸਾਫ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਾਰਾ ਸਮਾਂ ਅਯਾਸ਼ੀ ਵਿਚ ਬਿਤਾਇਆ ਅਤੇ ਕਦੇ ਵੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖਿਲਾਫ਼ ਕਾਰਵਾਈ ਨੂੰ ਲੈ ਕੇ ਆਵਜ਼ ਬੁਲੰਦ ਤੱਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹਰ ਫਰੰਟ ‘ਤੇ ਆ ਕੇ ਕੁਰਬਾਨੀਆਂ ਕੀਤੀਆਂ ਅਤੇ ਜੇਲ੍ਹਾਂ ਤੱਕ ਕੱਟੀਆਂ ਹਨ, ਜਿਸ ਦਾ ਇਤਿਹਾਸ ਗਵਾਹ ਹੈ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਵੇ। ਸ਼ਹਿਰ ਦੇ ਲੋਕਾਂ ‘ਚ ਚਰਚਾ ਸੀ ਕਿ ਸੁਰਜੀਤ ਸਿੰਘ ਕੋਹਲੀ ਅਤੇ ਹਰਪਾਲ ਜੁਨੇਜਾ ਦਾ ਸ਼ਕਤੀ ਪ੍ਰਦਰਸ਼ਨ ਭਾਰਤ-ਪਾਕਿ ਸਬੰਧਾਂ ਵਰਗਾ ਸੀ, ਜੋ ਨਾ ਇਕੱਠੇ ਸਨ, ਨਾ ਇਕੱਠੇ ਸੀ, ਨਾ ਹੋਣਗੇ। ਦੋਵਾਂ ਧੜਿਆਂ ਵੱਲੋਂ ਇਕ ਪਲੇਟਫਾਰਮ ‘ਤੇ ਵਿਖਾਇਆ ਸ਼ਕਤੀ ਪ੍ਰਦਰਸ਼ਨ ਕਾਰਨ ਸੱਜਣ ਤੇ ਟਾਈਟਲਰ ਇਸ ਕਸ਼ਮਕਸ਼ ਦੀ ਭੇਂਟ ਚੜ ਗਿਆ।
ਸਿਆਸਤ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਸੀ ਕਿ ਟਕਸਾਲੀ ਅਕਾਲੀ ਆਗੂ ਸਰਦਾਰਾ ਸਿੰਘ ਕੋਹਲੀ ਦੇ ਸਮੇਂ ਸ਼ਹਿਰ ਵਿਚ ਅਕਾਲੀ ਪਰਿਵਾਰਾਂ ਦੀ ਕਦਰ ਸੀ, ਵਿਰੋਧੀ ‘ਚ ਭੈਅ ਸੀ ਤੇ ਹੁਣ ਸਿਰਫ ਤੇ ਸਿਰਫ ਸਰਦਾਰਾ ਸਿੰਘ ਕੋਹਲੀ ਚੌਂਕ ‘ਚ ਸ਼ਹਿਰੀ ਲੀਡਰਸ਼ਿਪ ਵਿਚ ਧੜੇਬੰਦੀ ਦੀ ਅੱਗ ਸੁਲੰਘਦੀ ਵਿਖਾਈ ਦਿੱਤੀ ਹੈ, ਜਿਸ ‘ਚ ਵੱਡਾ ਨੁਕਸਾਨ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਵੇਗਾ।

Leave a Reply

Your email address will not be published. Required fields are marked *