ਘਨੌਰ ‘ਚ ਹੋਵੇਗਾ ਗਹਿਗੱਚ ਮੁਕਾਬਲਾ : ਤੇਜਿੰਦਰਪਾਲ ਸਿੰਘ ਸੰਧੂ ਲੜਨਗੇ ਚੋਣ !
ਟੌਹੜਾ ਪਰਿਵਾਰ ਦੇ ਆਪ ‘ਚ ਜਾਣ ਨਾਲ ਮੁਖਮੈਲਪੁਰ ਪਰਿਵਾਰ ਦੀ ਕੱਟੀ ਜਾ ਸਕਦੀ ਟਿਕਟ !
ਹਲਕਾ ਘਨੌਰ ‘ਚ ਪੰਜ ਵਾਰ ਜੇਤੂ ਰਹੇ ਸੰਧੂ ਪਰਿਵਾਰ ਦੀ ਦੇਣ ਨੂੰ ਲੋਕ ਅਜੇ ਵੀ ਨਹੀਂ ਭੁੱਲੇ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੂਬੇ ‘ਚ ਤੀਜੀ ਵਾਰ ਸਰਕਾਰ ਬਣਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਸੀਟਾਂ ‘ਤੇ ਵੱਡਾ ਫੇਰਬਦਲ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪਟਿਆਲਾ ਜ਼ਿਲ੍ਹੇ ਦੇ ਅੱਠ ਹਲਕਿਆਂ ‘ਚ ਫੇਰਬਦਲ ਦੇ ਸੰਕੇਤ ਮਿਲੇ ਹਨ। ਅਗਾਮੀ ਚੋਣਾਂ ਵਿਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਦੇ ਹੱਥ ਵਾਗਢੋਰ ਦਿੰਦਿਆਂ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਤਾਂ ਜੋ ਕੁਝ ਸੀਟਾਂ ‘ਤੇ ਜਿੱਤ ਯਕੀਨੀ ਬਣਾਈ ਜਾ ਸਕੇ।
ਬੇਸ਼ੱਕ ਪਾਰਟੀ ਪ੍ਰਧਾਨ ਨੇ ਪਟਿਆਲਾ ਹਲਕਾ ਦਿਹਾਤੀ ਵਿਚ ਨੌਜਵਾਨ ਆਗੂ ਸਤਬੀਰ ਸਿੰਘ ਖੱਟੜਾ ਅਤੇ ਹਲਕਾ ਸਨੌਰ ‘ਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਇੰਚਾਰਜ ਲਗਾ ਕੇ ਚੋਣ ਲੜਨ ਲਈ ਤਿਆਰੀਆਂ ਤਾਂ ਆਰੰਭ ਕਰਵਾ ਦਿੱਤੀਆਂ ਹਨ। ਦੂਜੇ ਪਾਸੇ ਤੇਜਿੰਦਰਪਾਲ ਸਿੰਘ ਸੰਧੂ ਨੇ ਹਲਕਾ ਘਨੌਰ ‘ਚ ਰਾਜਨੀਤਕ ਸਰਗਰਮੀਆਂ ਤੇਜ਼ ਕਰਕੇ ਸੀਟ ‘ਤੇ ਦਾਅਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਹਲਕਾ ਘਨੌਰ ਦੀ ਸੀਟ ਤੋਂ ਤੇਜਿੰਦਰਪਾਲ ਸਿੰਘ ਸੰਧੂ ਚੋਣ ਲੜਨਗੇ।
ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਦਰਜਨ ਤੋਂ ਵੱਧ ਪਿੰਡਾਂ ‘ਚ ਜਾ ਕੇ ਮੀਟਿੰਗਾਂ ਰਾਹੀਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਘਰ ਘਰ ਇਹ ਸੁਨੇਹਾ ਲਗਾਇਆ ਜਾ ਰਿਹਾ ਹੈ ਕਿ ਉੁਨ੍ਹਾਂ ਦੇ ਟਕਸਾਲੀ ਪਰਿਵਾਰ ਅਤੇ ਸਵ. ਪਿਤਾ ਜਸਦੇਵ ਸਿੰਘ ਸੰਧੂ ਦੀ ਹਲਕੇ ਨੂੰ ਵੱਡੀ ਦੇਣ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਇਸ ਵਾਰ ਘਨੌਰ ਦੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਹੈ। 2012 ਦੀਆਂ ਚੋਣਾਂ ‘ਚ ਸੰਧੂ ਪਰਿਵਾਰ ਵੱਲੋਂ ਘਨੌਰ ਸੀਟ ‘ਤੇ ਦਾਅਵੇਦਾਰੀ ਜਿਤਾਈ ਸੀ, ਪ੍ਰੰਤੂ ਪਾਰਟੀ ਪ੍ਰਧਾਨ ਦੇ ਆਦੇਸ਼ਾਂ ਨੂੰ ਮੰਨਦਿਆਂ ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੀ ਜ਼ਿੱਦ ਛੱਡ ਦਿੱਤੀ ਸੀ ਅਤੇ ਹਲਕਾ ਸਨੌਰ ‘ਚ ਜਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫੇਰਬਦਲ ਦੇ ਚੱਲਦਿਆਂ ਇਸ ਵਾਰ ਹਲਕਾ ਘਨੌਰ ‘ਚ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਸਰਗਰਮੀਆਂ ਕਾਰਨ ਅਕਾਲੀ ਦਲ ਦੀ ਸੀਟ ਤੋਂ ਚੋਣ ਲੜਦੀ ਆ ਰਹੀ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਅਗਾਮੀ ਚੋਣਾਂ ‘ਚ ਇਸ ਵਾਰ ਗਹਿਖੱਚ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ।
2012 ਦੀਆਂ ਚੋਣਾਂ ‘ਚ ਭਾਵੇਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਨੂੰ ਵੋਟਾਂ ਦੇ ਘੱਟ ਫਰਕ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਸੀ, ਪ੍ਰੰਤੂ ਇਸ ਵਾਰ ਹਲਕੇ ਦੇ ਲੋਕਾਂ ‘ਚ ਬੀਬੀ ਹਰਪ੍ਰੀਤ ਕੌਰ ਮੁਖਮੈਲਪਰ ਦਾ ਆਧਾਰ ਘਟਿਆ, ਜਿਸ ਦਾ ਖਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਇਸ ਵਾਰ ਹਲਕਾ ਘਨੌਰ ‘ਚ ਆਦਮੀ ਪਾਰਟੀ ਵੱਲੋਂ ਬੀਬੀ ਅੰਨੂ ਰੰਧਾਵਾ ਨੂੰ ਉਮੀਦਵਾਰ ਵਜੋਂ ਲਿਆਂਦਾ ਗਿਆ, ਜੋ ਆਪਣੇ ਸਵ. ਪਿਤਾ ਜਸਜੀਤ ਸਿੰਘ ਰੰਧਾਵਾ ਦੇ ਰਸੂਖ ਦੀ ਵਰਤੋਂ ਕਰਦੇ ਹੋਏ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰ ਨੂੰ ਚਿੱਤ ਕਰਨ ਦਾ ਦਾਅਵਾ ਕਰ ਰਹੇ ਹਨ।
ਸੂਤਰਾਂ ਮੁਤਾਬਕ ਇਸ ਵਾਰ ਵੀ ਗੱਲ ਸਾਹਮਣੇ ਆਈ ਹੈ ਕਿ ਟਕਸਾਲੀ ਟੌਹੜਾ ਪਰਿਵਾਰ ਦੇ ਆਮ ਆਦਮੀ ਪਾਰਟੀ ਵਿਚ ਚਲੇ ਜਾਣ ਨਾਲ ਹਲਕਾ ਘਨੌਰ ਦੀ ਸੀਟ ‘ਤੇ ਚੋੜ ਲੜਦੇ ਆ ਰਹੇ ਮੁਖਮੈਲਪੁਰ ਪਰਿਵਾਰ ਨੂੰ ਘਨੌਰ ਸੀਟ ਤੋਂ ਹੱਥ ਧੋਣੇ ਪੈ ਸਕਦੇ ਹਨ, ਕਿਉਂਕਿ ਮੁਖਮੈਲਪੁਰ ਪਰਿਵਾਰ ਅਤੇ ਟੌਹੜਾ ਪਰਿਵਾਰ ਦੀ ਰਿਸ਼ਤੇਦਾਰੀ ਜੱਗ ਜ਼ਾਹਿਰ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਮਖਮੈਲਪੁਰ ਪਰਿਵਾਰ ਬੀਬੀ ਸੁਰਿੰਦਰ ਕੌਰ ਨਾਲ ਚੰਗੇ ਸਬੰਧਾਂ ਕਾਰਨ ਹਲਕਾ ਘਨੌਰ ਤੋਂ ਟਿਕਟ ਹਾਸਲ ਕਰਨ ‘ਚ ਕਾਮਯਾਬ ਰਿਹਾ, ਪ੍ਰੰਤੂ ਇਸ ਵਾਰ ਟੌਹੜਾ ਪਰਿਵਾਰ ਦੇ ਆਪ ਪਾਰਟੀ ਵਿਚ ਜਾਣ ਨਾਲ ਅਕਾਲੀ ਦਲ ਘਨੌਰ ਸੀਟ ‘ਤੇ ਵੱਡਾ ਫੇਰਬਦਲ ਕਰਦੇ ਹੋਏ ਟਕਸਾਲੀ ਸੰਧੂ ਪਰਿਵਾਰ ‘ਤੇ ਵੀ ਮੇਹਰਬਾਨ ਹੋ ਸਕਦਾ ਹੈ। ਹਲਕਾ ਘਨੌਰ ‘ਚ ਕਰਵਾਏ ਸਰਵੇਖਣ ‘ਚ ਇਹ ਵੀ ਸਪੱਸ਼ਟ ਹੋਇਆ ਹੈ ਬੀਬੀ ਹਰਪ੍ਰੀਤ ਕੌਰ ਮਖਮੈਲਪੁਰ ਨੇ ਇਲਾਕੇ ਦੇ ਲੋਕਾਂ ਤੋਂ ਦੂਰੀ ਬਣਾਕੇ ਰੱਖੀ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪਾਰਟੀ ਪ੍ਰਧਾਨ ਨੂੰ ਮਜ਼ਬੂਰੀਵਸ ਸੀਟ ਬਦਲਣੀ ਪੈ ਸਕਦੀ ਹੈ।
ਹਲਕਾ ਘਨੌਰ ‘ਚ ਤੇਜਿੰਦਰਪਾਲ ਸਿੰਘ ਸੰਧੂ ਵਲੋਂ ਚੋਣ ਲੜਨ ਦੇ ਮਨਸੂਬੇ ਨਾਲ ਵਧਾਈਆਂ ਗਈਆਂ ਸਿਆਸੀਆਂ ਸਰਗਰਮੀਆਂ ਨੂੰ ਵੇਖਿਆ ਜਾਵੇ ਤਾਂ ਸ਼ੋਮਣੀ ਅਕਾਲੀ ਦਲ ਨੂੰ ਅਗਾਮੀ ਚੋਣਾਂ 2017 ‘ਚ ਕਾਫੀ ਲਾਹਾ ਮਿਲ ਸਕਦਾ ਕਿਉਂਕਿ ਸੰਨ 1962 ਤੋਂ ਹਲਕਾ ਘਨੌਰ ‘ਚ ਵਿਚਰਦਾ ਆ ਰਿਹਾ, ਜਿਨਾਂ ਦੀ ਰਾਜਨੀਤਕ ਪੈਂਠ ਪੂਰੀ ਤਰ੍ਹਾਂ ਮਜ਼ਬੂਤ ਰਹੀ ਹੈ। ਹਲਕਾ ਘਨੌਰ ‘ਚ ਸਵ. ਸਰਦਾਰ ਜਸਦੇਵ ਸਿੰਘ ਸੰਧੂ ਅਤੇ ਬੀਬੀ ਜਸਦੇਵ ਕੌਰ ਸੰਧੂ ਨੇ ਲਗਾਤਾਰ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਜਿੱਤ ਪਾਈ। ਟਕਸਾਲੀ ਸੰਧੂ ਪਰਿਵਾਰ ਦੀ ਦੇਣ ਨੂੰ ਹਲਕਾ ਘਨੌਰ ਦੇ ਲੋਕ ਅਜੇ ਵੀ ਨਹੀਂ ਭੁੱਲੇ, ਜਿਸ ਕਾਰਨ ਲੋਕਾਂ ਨੇ ਤੇਜਿੰਦਰਪਾਲ ਸਿੰਘ ਸੰਧੂ ਨੂੰ ਅੱਗੇ ਲਿਆਉਣ ਦਾ ਮਨ ਬਣਾਇਆ ਹੈ। ਹਲਕੇ ਦੇ ਲੋਕਾਂ ਨੂੰ ਰੁਜ਼ਗਾਰ, ਬੁਨਿਆਦੀ ਸਹੂਲਤਾਂ ਤੋਂ ਇਲਾਵਾ ਅਹਿਮ ਮਸਲੇ ਹੱਲ ਕਰਨ ‘ਚ ਸੰਧੂ ਪਰਿਵਾਰ ਦੀ ਅਹਿਮ ਭੂਮਿਕਾ ਰਹੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਲਕਾ ਘਨੌਰ ‘ਚ ਬਦਲਦੇ ਜਾ ਰਹੇ ਸਮੀਕਰਣਾਂ ਕਾਰਨ ਊਠ ਕਿਸ ਕਰਵਟ ਬੈਠੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪ੍ਰੰਤੂ ਜੇ ਤੇਜਿੰਦਰਪਾਲ ਸਿੰਘ ਸੰਧੂ ਨੂੰ ਅੱਖੋਂ ਪਰੋਖੇ ਕੀਤੇ ਜਾਣ ਨਾਲ ਹਲਕਾ ਸਨੌਰ ਤੇ ਘਨੌਰ ਦੀਆਂ ਸੀਟਾਂ ‘ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ।

