ਕੈਪਟਨ ਚੋਣਾਂ ਮੌਕੇ ਹੀ ਲਾਉਂਦਾ ਹੈ ਬਹਿਸ ਦੀ ਤੋਤਾ ਰਟ: ਅਕਾਲੀ ਦਲ
ਕਿਹਾ ਸਵਰਗੀ ਬੇਅੰਤ ਸਿੰਘ ਵੀ ਕੈਪਟਨ ਨੂੰ ਸਦਨ ‘ਚ ਵੇਖ ਕੇ ਕਹਿ ਉੱਠੇ ਸਨ ‘ਜੋਗੀ ਉੱਤਰ ਪਹਾੜੋਂ ਆਇਆ’
ਚੰਡੀਗੜ੍ਹ, 7 ਨਵੰਬਰ (ਮਧੂਸਾਰ ਬਿਊਰੋ)
ਕੈਪਟਨ ਅਮਰਿੰਦਰ ਸਿੰਘ ਸਿਰਫ ਚੋਣਾਂ ਵੇਲੇ ਹੀ ਬਹਿਸ ਦੀ ਤੋਤਾ ਰਟ ਲਗਾਉਂਦਾ ਹੈ। ਚੋਣਾਂ ਲੰਘਦੇ ਹੀ ਉਹ ਸਾਰੇ ਮੁੱਦੇ ਭੁੱਲ ਜਾਂਦਾ ਹੈ। ਸਾਰੇ ਜਾਣਦੇ ਹਨ ਕਿ ਉਸ ਨੇ ਕਿਸੇ ਵੀ ਮੁੱਦੇ ਉੱਤੇ ਨਾ ਕਦੇ ਲੋਕ ਸਭਾ ‘ਚ ਬਹਿਸ ਕਰਨ ‘ਚ ਦਿਲਚਸਪੀ ਵਿਖਾਈ ਹੈ ਅਤੇ ਨਾ ਹੀ ਵਿਧਾਨ ਸਭਾ ਵਿਚ।
ਹਾਂ, ਜੇ ਉਸ ਨੇ ਬਹਿਸ ਦਾ ਸ਼ੌਂਕ ਪੂਰਾ ਹੀ ਕਰਨਾ ਹੈ ਤਾਂ ਉਹ ਪਹਿਲਾਂ ਚੋਣਾਂ ਜਿੱਤ ਕੇ ਵਿਖਾਏ। ਵਿਧਾਨ ਸਭਾ ‘ਚ ਉਸ ਨੂੰ ਬਹਿਸ ਕਰਨ ਦੇ ਵਾਧੂ ਮੌਕੇ ਮਿਲਣਗੇ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਸਾਂਸਦ ਸ਼ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਹੇ। ਉਹ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੁਆਰਾ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੂੰ ਬਹਿਸ ਦੀ ਖੁੱਲ੍ਹੀ ਚੁਣੌਤੀ ਦੇਣ ਸੰਬੰਧੀ ਕੀਤੀ ਟਿੱਪਣੀ ਬਾਰੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਸਨ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਅਮਰਿੰਦਰ ਸਿੰਘ ਨੂੰ ਇਸ ਉਮੀਦ ਨਾਲ ਐਮਪੀ ਵਜੋਂ ਜਿਤਾਇਆ ਸੀ ਕਿ ਉਹ ਪੰਜਾਬ ਦੇ ਮੁੱਦਿਆਂ ਉੱਤੇ ਲੋਕ ਸਭਾ ਵਿਚ ਬਹਿਸ ਕਰੇਗਾ। ਪਰ ਬਹਿਸ ਕਰਨੀ ਤਾਂ ਦੂਰ, ਕੈਪਟਨ ਨੇ ਕਦੇ ਚੱਜ ਨਾਲ ਸੰਸਦ ਦੀ ਦੇਹਲੀ ਅੰਦਰ ਪੈਰ ਨਹੀਂ ਧਰਿਆ।
ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਨੂੰ ਲੋਕ ਸਭਾ ਵਿਚ ਬਹਿਸ ਕਰਨ ਦਾ ਬਹੁਤ ਹੀ ਸੁਨਹਿਰੀ ਮੌਕਾ ਨੂੰ ਨਸੀਬ ਹੋਇਆ ਸੀ। ਦਰਅਸਲ ਉਸ ਦਾ ਬਹਿਸ ਲਈ ਉਤਾਵਾਲਪਣ ਵੇਖ ਕੇ ਕਾਂਗਰਸ ਨੇ ਕੈਪਟਨ ਨੂੰ ਲੋਕ ਸਭਾ ਵਿਚ ਆਪਣਾ ਡਿਪਟੀ ਲੀਡਰ ਨਿਯੁਕਤ ਕਰ ਦਿੱਤਾ ਸੀ। ਪਰ ਉਸ ਨੇ ਸੰਸਦ ਦੀ ਕਿਸੇ ਵੀ ਕਾਰਵਾਈ ‘ਚ ਹਿੱਸਾ ਨਹੀਂ ਲਿਆ ਅਤੇ ਬੜੀ ਮੁਸ਼ਕਿਲ ਨਾਲ ਗਿਣਤੀ ਦੇ ਮੌਕਿਆਂ ‘ਤੇ ਹੀ ਸੰਸਦ ‘ਚ ਜਾ ਕੇ ਹਾਜ਼ਰੀ ਭਰੀ।
ਅਕਾਲੀ ਆਗੂਆਂ ਨੇ ਦੱਸਿਆ ਕਿ ਅਮਰਿੰਦਰ ਦੀ ਲੋਕ ਸਭਾ ‘ਚ ਹਾਜ਼ਰੀ ਦਾ ਰਿਕਾਰਡ ਬਹੁਤ ਹੀ ਮਾੜਾ ਹੈ। ਮਿਸਾਲ ਵਜੋਂ ਉਸ ਦੀ ਸੰਸਦ ‘ਚ ਹਾਜ਼ਰੀ ਮਹਿਜ਼ 6 ਫੀਸਦੀ ਰਹੀ ਹੈ, ਜਦ ਕਿ ਇਸ ਦਾ ਰਾਸ਼ਟਰੀ ਅਨੁਪਾਤ 82 ਫੀਸਦੀ ਹੈ। ਲੋਕ ਸਭਾ ਦੇ 500 ਮੈਂਬਰਾਂ ਦੇ ਵਿਚੋਂ ਉਹ ਸਭ ਤੋਂ ਜ਼ਿਆਦਾ ਗੈਰਹਾਜ਼ਰ ਰਿਹਾ ਹੈ। ਜੇਕਰ ਰਾਜ ਸਭਾ ਦੇ ਮੈਂਬਰਾਂ ਨੂੰ ਵੀ ਵਿਚ ਜੋੜ ਲਿਆ ਜਾਵੇ ਤਾਂ 700 ਮੈਂਬਰਾਂ ਵਿਚੋਂ ਉਸ ਦਾ ਮੁਕਾਬਲਾ ਫਿਲਮੀ ਅਭਿਨੇਤਰੀ ਰੇਖਾ ਨਾਲ ਜਾਪਦਾ ਹੈ ਜੋ ਕਿ 5 ਫੀਸਦੀ ਹਾਜ਼ਰੀ ਸਦਕਾ ਕੈਪਟਨ ਤੋਂ ਥੱਲੇ ਹੈ।
ਉਹਨਾਂ ਅੱਗੇ ਦੱਸਿਆ ਕਿ ਲੋਕ ਸਭਾ ਵਿਚ ਹੋਈਆਂ ਬਹਿਸਾਂ ‘ਚ ਕੈਪਟਨ ਦੁਆਰਾ ਹਿੱਸਾ ਲੈਣ ਦੀ ਦਰ ਵੀ ਬਹੁਤ ਘੱਟ ਹੈ। ਉਸ ਨੇ 2 ਸਾਲ ਦੇ ਸਮੇਂ ਦੌਰਾਨ ਲੋਕ ਸਭਾ ‘ਚ ਚੱਲਦੀ ਬਹਿਸ ਵਿੱਚ ਸਿਰਫ 4 ਵਾਰ ਭਾਗ ਲਿਆ। ਜਦਕਿ ਇਕ ਸਾਂਸਦ ਵੱਲੋਂ ਔਸਤਨ 41ਥ4 ਵਾਰ ਬਹਿਸ ‘ਚ ਭਾਗ ਲਿਆ ਗਿਆ। ਬਤੌਰ ਸਾਂਸਦ ਅਮਰਿੰਦਰ ਨੇ ਸਿਰਫ 18 ਸਵਾਲ ਪੁੱਛੇ ਜਦਕਿ ਇੱਕ ਸਾਂਸਦ ਦੁਆਰਾ ਔਸਤਨ 150 ਸਵਾਲ ਪੁੱਛੇ ਗਏ। ਇਸ ਦੇ ਉਲਟ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਦੀ ਹਾਜ਼ਰੀ ਦਾ ਰਿਕਾਰਡ 91 ਫੀਸਦੀ ਰਿਹਾ। ਉਸ ਵੱਲੋਂ 97 ਵਾਰ ਬਹਿਸਾਂ ‘ਚ ਭਾਗ ਲਿਆ ਗਿਆ ਅਤੇ ਆਪਣੀਆਂ ਦੂਜੀਆਂ ਭਾਰੀ ਜ਼ਿੰਮੇਵਾਰੀਆਂ ਦੇ ਚੱਲਦਿਆਂ ਵੀ 150 ਸਵਾਲ ਉਠਾਏ ਗਏ।
ਅਕਾਲੀ ਆਗੂਆਂ ਨੇ ਦੱਸਿਆ ਕਿ ਵਿਧਾਨ ਸਭਾ ਵਿਚ ਵੀ ਕੈਪਟਨ ਨੇ ਕਦੇ ਵੀ ਉਸਾਰੂ ਬਹਿਸ ‘ਚ ਹਿੱਸਾ ਨਹੀਂ ਲਿਆ। ਚੱਲ ਰਹੀ ਬਹਿਸ ਦੌਰਾਨ ਉਹਨਾਂ ਵੱਲੋਂ ਜਾਂ ਤਾਂ ਬੇਤੁਕਾ ਹੰਗਾਮਾ ਕੀਤਾ ਜਾਂਦਾ ਸੀ ਜਾਂ ਫਿਰ ਆਪਣੀ ਪੂਰੀ ਟੀਮ ਸਮੇਤ ਸੈਸ਼ਨ ਦਾ ਬਾਈਕਾਟ ਕੀਤਾ ਜਾਂਦਾ ਸੀ। ਇੰਨਾ ਹੀ ਨਹੀਂ 1992 ਤੋਂ 1997 ਦੇ ਕਾਰਜਕਾਲ ਦੌਰਾਨ ਜਦੋਂ ਅਕਾਲੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ, ਉਸ ਸਮੇਂ ਵੀ ਕੈਪਟਨ ਨੇ ਬਤੌਰ ਵਿਧਾਇਕ ਸਿਰਫ 3 ਵਾਰ ਬਹਿਸ ‘ਚ ਭਾਗ ਲਿਆ ਸੀ। ਜਿਸ ਕਰਕੇ ਇੱਕ ਵਾਰ ਕੈਪਟਨ ਨੂੰ ਸਦਨ ਵਿਚ ਬੈਠਾ ਵੇਖ ਕੇ ਸਵਰਗੀ ਬੇਅੰਤ ਸਿੰਘ ਨੂੰ ਇਹ ਕਹਿਣਾ ਪਿਆ ਸੀ ‘ਜੋਗੀ ਉੱਤਰ ਪਹਾੜੋਂ ਆਇਆ’।

