ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਦੀ ਸਮੀਖਿਆ
ਸੰਧੂ ਵਲੋਂ ਬੈਂਕ ਦੇ ਸਮੂਹ ਕਰਮਚਾਰੀਆਂ ਨੂੰ ਨਵੀਨ ਤਕਨਾਲੌਜੀ ਦਾ ਹਾਣੀ ਹੋਣ ਦੀ ਪ੍ਰੇਰਣਾ
ਚੰਡੀਗੜ੍ਹ, 8 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਵਿੱਤੀ ਕਮਿਸ਼ਨਰ ਸਹਿਕਾਰਤਾ ਐਸ ਕੇ ਸੰਧੂ ਦੀ ਪ੍ਰਧਾਨਗੀ ਹੇਠ ਇਥੇ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਚ ਹੋਈ। ਮੀਟਿੰਗ ਵਿਚ ਰਜਿਸਟਰਾਰ ਕੋਆਪਰੇਟਿਵ ਸੋਸਾਈਟੀਜ਼ ਅਰੁਨਜੀਤ ਸਿੰਘ ਮਿਗਲਾਨੀ, ਸਪੈਸ਼ਲ ਸਕੱਤਰ ਸਹਿਕਾਰਤਾ ਸ੍ਰੀਮਤੀ ਗੁਰਨੀਤ ਤੇਜ, ਵਧੀਕ ਰਜਿਸਟਰਾਰ (ਕਰੈਡਿਟ) ਮੁਨੀਸ਼ਵਰ ਚੰਦਰ ਸ਼ਾਮਲ ਸਨ।
ਮੀਟਿੰਗ ਦੀ ਸ਼ੁਰੂਆਤ ਵਿਚ ਬੈਂਕ ਦੇ ਉੱਚ ਅਧਿਕਾਰੀਆਂ ਵਲੋਂ ਵਿੱਤੀ ਕਮਿਸ਼ਨਰ ਸਹਿਕਾਰਤਾ ਸ੍ਰੀ ਐਸ ਕੇ ਸੰਧੂ ਨੂੰ ਬੈਂਕ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੀ ਗਈ ਸਮੁੱਚੀ ਕਾਰਗੁਜਾਰੀ ਦੀ ਵਿਸਥਾਰਤ ਪੇਸ਼ਕਾਰੀ ਦਿੱਤੀ ਗਈ। ਸ੍ਰੀ ਸੰਧੂ ਵਲੋਂ ਬੈਂਕ ਦੇ ਵੱਖ-ਵੱਖ ਪ੍ਰੋਗਰਾਮਾਂ ਵਿਸ਼ੇਸ਼ ਤੌਰ ‘ਤੇ ਲੋਨ ਦੇਣ ਦੀਆਂ ਸਕੀਮਾਂ, ਪ੍ਰਾਈਮਰੀ ਬੈਂਕਾਂ ਵਲੋਂ ਲੋਨ ਰਿਕਵਰੀ ਲਈ ਵਰਤੇਂ ਜਾਣਦੇ ਸਾਧਨ ਅਤੇ ਤਰੀਕੇ, ਨਾਨ ਪਰਫਾਰਮਿੰਗ ਐਸੇਟਸ ਦਾ ਲੇਖਾ-ਜੋਖਾ ਅਤੇ ਬੈਂਕ ਦੀ ਅਕਾਉਂਟਿੰਗ ਪ੍ਰਣਾਲੀ ਦਾ ਜਾਇਜਾ ਲਿਆ ਗਿਆ।
ਵਿੱਤੀ ਕਮਿਸ਼ਨਰ ਨੇ ਬੈਂਕ ਦੇ ਖੇਤਰੀ ਅਤੇ ਫੀਲਡ ਅਫਸਰਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਕੰਮ ਦੌਰਾਨ ਉੱਚ ਦਰਜੇ ਦੀ ਪੇਸ਼ੇਵਾਰਾਨਾ ਪਹੁੰਚ ਅਪਣਾਉਣ ਜਿਸ ਨਾਲ ਲੋਨਾਂ ਦੀ ਰਿਕਵਰੀ ਦੇ ਨਾਲ-ਨਾਲ ਬੈਂਕ ਦਾ ਮੁਨਾਵਾ ਵੀ ਵੱਧੇਗਾ। ਸ੍ਰੀ ਸੰਧੂ ਨੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਇਹ ਵਿਸ਼ੇਸ਼ ਹਦਾਇਤ ਦਿੱਤੀ ਕਿ ਉਨ੍ਹਾਂ ਬਰਾਂਚਾਂ ਜਿਥੇ ਲੋਨਾਂ ਦੀ ਰਿਕਵਰੀ ਮੁਕਾਬਲਤਨ ਘੱਟ ਹੈ, ਵਿਚ ਵਿਸ਼ੇਸ਼ ਧਿਆਨ ਦੇ ਕੇ ਇਨ੍ਹਾਂ ਦੀ ਕਾਰਗੁਜਾਰੀ ਨੂੰ ਉੱਤਮ ਬਣਾਇਆ ਜਾਵੇ।
ਸ੍ਰੀ ਸੰਧੂ ਨੇ ਕਿਹਾ ਕਿ ਅਜੋਕੇ ਉੱਚ ਤੱਕਨਾਲੌਜੀ ਦੇ ਯੁਗ ਵਿਚ ਕੋਈ ਵੀ ਬੈਂਕਿੰਗ ਸਿਸਟਮ ਆਪਣੀ ਕਾਰਗੁਜਾਰੀ ਵਿਚ ਚੋਖਾ ਸੁਧਾਰ ਨਹੀ ਕਰ ਸਕਦਾ ਜਦੋਂ ਤੱਕ ਇਨ੍ਹਾਂ ਬੈਂਕਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਆਰੀਆਂ ਨੂੰ ਨਵੀਨ ਸਾਫਟਵੇਅਰ ਅਤੇ ਉੱਚ ਤਕਨਾਲੌਜੀ ਦਾ ਹਾਣੀ ਨਾ ਬਣਾਇਆ ਜਾਵੇ। ਉਨ੍ਹਾਂ ਬੈਂਕ ਦੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ ਬੈਂਕ ਦੇ ਕਰਮਚਾਰੀਆਂ ਦੀ ਟ੍ਰੇਨਿੰਗ ਰੈਗੂਲਰ ਆਧਾਰ ‘ਤੇ ਦੇਸ਼ ਦੇ ਉੱਚ ਕੋਟੀ ਦੇ ਬੈਂਕਿੰਗ ਇੰਸਟੀਚਿਉਟਾਂ ਵਿਚ ਕਰਵਾਈ ਜਾਵੇ। ਸ੍ਰੀ ਸੰਧੂ ਨੇ ਆਡਿਟ ਵਿਭਾਗ ਨੂੰ ਵੀ ਇਹ ਨਿਰਦੇਸ਼ ਦਿੱਤੇ ਕਿ ਬੈਕ ਦੀ ਆਡਿਟ ਰਿਪੋਰਟ ਮਿੱਥੇ ਸਮੇਂ ਵਿਚ ਤਿਆਰ ਕਰਕੇ ਬੈਂਕ ਨੂੰ ਸੌਂਪਣ।
ਮੀਟਿੰਗ ਦੇ ਅੰਤ ਵਿਚ ਵਿੱਤੀ ਕਮਿਸ਼ਨਰ ਸਹਿਕਾਰਤਾ ਨੇ ਬੈਂਕ ਦੇ ਖੇਤਰੀ ਅਤੇ ਫੀਲਡ ਅਫਸਰਾਂ ਕੋਲੋਂ ਬੈਂਕ ਦੀ ਕਾਰਗੁਜਾਰੀ ਨੂੰ ਉੱਚਾ ਚੁਕੱਣ ਲਈ ਕੀਤੇ ਜਾ ਸਕÎਣ ਵਾਲੇ ਸੁਝਾਵਾਂ ਅਤੇ ਪਰੇਸ਼ਾਨੀਆਂ ਬਾਰੇ ਵੀ ਸਵਾਲ ਪੁੱਛੇ।
ਮੀਟਿੰਗ ਵਿਚ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਸਮੂਹ ਖੇਤਰੀ ਅਤੇ ਫੀਲਡ ਮੈਨੇਜਰ ਵੀ ਹਾਜ਼ਰ ਸਨ।

