ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਰਾਜ ਮੰਤਰੀ ਰੂਡੀ ਨੇ ਸਲਾਣੀ ਵਿਖੇ ਨੰਨੀ ਛਾਂ ਦਿਹਾਤੀ ਸਕਿੱਲ ਸੈਂਟਰ ਦਾ ਉਦਘਾਟਨ ਕੀਤਾ
ਪੰਜਾਬ ਵਿੱਚ 200 ਦਿਹਾਤੀ ਸਕਿੱਲ ਸੈਂਟਰਾਂ ਦੀ ਹੋਈ ਸ਼ੁਰੂਆਤ
ਪੰਜਾਬੀ ਯੁਵਕਾਂ ਵਿੱਚ ਵਿਸ਼ਵ ਦੇ ਸਭ ਤੋਂ ਉਤਮ ਹੁਨਰਮੰਦ ਬਣਨ ਦੀ ਸਮਰੱਥਾ –ਰਾਜੀਵ ਪ੍ਰਤਾਪ ਰੂਡੀ
ਅਮਲੋਹ/ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ, 13 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਉਸ ਸਮੇਂ ਅੱਜ ਇੱਕ ਹੋਰ ਇਤਿਹਾਸਕ ਪਲ ਦਾ ਗਵਾਹ ਬਣ ਗਿਆ ਜਦੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਮਲੋਹ ਬਲਾਕ ਦੇ ਪਿੰਡ ਸਲਾਣੀ ਵਿਖੇ ਇੰਡਸ ਐਜੂ ਟਰੇਨ ਕੰਪਨੀ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਲੜਕੀਆਂ ਦੇ ਕੌਸ਼ਲ ਵਿਕਾਸ ਵਾਸਤੇ ਨੰਨੀ ਛਾਂ ਦਿਹਾਤੀ ਸਕਿੱਲ ਸੈਂਟਰ ਦਾ ਉਦਘਾਟਨ ਕੀਤਾ, ਜਿਥੇ ਉਨ੍ਹਾਂ ਨੂੰ ਮਾਹਰ ਟਰੇਨਰਾਂ ਵੱਲੋਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਲੜਕੀਆਂ ਨੂੰ ਬਿਉਟੀ ਐਂਡ ਵੈਲਨੈਸ ਅਧੀਨ ਸੀਨੀਅਰ ਮੇਕਅੱਪ ਆਰਟਿਸਟ ਤੇ ਹੇਅਰ ਥੈਰਾਪਿਸਟ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਤੋਂ 4 ਮਹੀਨੇ ਦੇ ਕੋਰਸ ਦੀ ਸਿਖਲਾਈ ਹਾਸਲ ਕਰਨ ਉਪਰੰਤ ਲੜਕੀਆਂ ਨੂੰ ਦੇਸ਼ ਦੇ ਉਘੇ ਹੇਅਰ ਆਰਟਿਸਟ ਜਾਵੇਦ ਹਬੀਬ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਵਿੱਚ ਅਜਿਹੇ 200 ਸੈਂਟਰ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹਰੇਕ ਬਲਾਕ ਵਿੱਚ ਅਜਿਹੇ ਸਕਿੱਲ ਡਿਵੈਲਪਮੈਂਟ ਸੈਂਟਰ ਖੋਲੇ ਜਾਣਗੇ ਅਤੇ ਬਾਅਦ ਵਿੱਚ ਹਰੇਕ 10 ਪਿੰਡਾਂ ਪਿੱਛੇ ਇੱਕ ਸੈਂਟਰ ਖੋਲਿਆ ਜਾਵੇਗਾ ਤਾਂ ਜੋ ਪਿੰਡਾਂ ਦੇ ਨੌਜਵਾਨ ਲੜਕੇ ਤੇ ਲੜਕੀਆਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਯੋਗ ਬਣਾਇਆ ਜਾ ਸਕੇ।
ਉਪ ਮੁੱਖ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਸ੍ਰੀ ਰਾਜੀਵ ਪ੍ਰਤਾਪ ਰੂਡੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਪੰਜਾਬ ਸਰਕਾਰ ਸੂਬੇ ਨੂੰ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਅਜਿਹੇ 1000 ਸਕਿੱਲ ਡਿਵੈਲਪਮੈਂਟ ਸੈਂਟਰ ਖੋਲਣ ਨੂੰ ਮਨਜੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਮਕੈਨਿਕ, ਇਲੈਕਟ੍ਰੀਸ਼ੀਅਨ ਅਤੇ ਪਲੰਬਰ ਵਰਗੇ ਕਿੱਤਾ ਮੁਖੀ ਕੋਰਸਾਂ ਦੀ ਵੀ ਸਿਖਲਾਈ ਦਿੱਤੀ ਜਾਵੇਗੀ।
ਸ. ਬਾਦਲ ਨੇ ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜੋ ਰਿਕਾਰਡ ਵਿਕਾਸ ਕਰਵਾਇਆ ਗਿਆ ਹੈ ਉਹ ਦੇਸ਼ ਦੇ ਹੋਰ ਕਿਸੇ ਸੂਬੇ ਦੀ ਸਰਕਾਰ ਨੇ ਨਹੀਂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਗਭਗ 2000 ਮੁਫਤ ਦਵਾਈਆਂ ਤੇ ਲੈਬ ਟੈਸਟ ਕੇਂਦਰ ਖੋਲਣ ਤੋਂ ਇਲਾਵਾ ਕਿਸਾਨਾਂ, ਛੋਟੇ ਵਪਾਰੀਆਂ, ਗਰੀਬਾਂ ਤੇ ਉਸਾਰੀ ਕਿਰਤੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਰੀਬ ਤੇ ਪੱਛੜੇ ਵਰਗ ਦੇ ਲੋਕਾਂ ਨੂੰ 200 ਯੁਨਿਟ ਮੁਫਤ ਬਿਜਲੀ ਦੇ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਰਾਜ ਦੇ 12000 ਪਿੰਡਾਂ ਵਿੱਚ 35000 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ, ਸੋਲਰ ਸਟਰੀਟ ਲਾਈਟਾਂ ਤੇ ਸੀਮਿੰਟ ਦੀਆਂ ਗਲੀਆਂ ਬਣਾਈਆਂ ਜਾਣਗੀਆਂ ਜਿਸ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚਲਾ ਫਰਕ ਖਤਮ ਹੋ ਜਾਵੇਗਾ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀ ਰਾਜੀਵ ਪ੍ਰਤਾਪ ਰੂਡੀ ਨੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਜਿਹੀ ਦੂਰ ਅੰਦੇਸ਼ੀ ਸੋਚ ਵਾਲੇ ਆਗੂ ਹਨ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆਂ ਦੇ ਸਭ ਤੋਂ ਉਤਮ ਹੁਨਰਮੰਦ ਬਣਾਉਣ ਦਾ ਬੀੜਾ ਚੁੱਕਿਆ ਹੈ।
ਇਸ ਮੌਕੇ ਅਮਲੋਹ ਦੇ ਹਲਕਾ ਇੰਚਾਰਜ ਸ੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਵੱਲੋਂ ਅਮਲੋਹ ਹਲਕੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਸਕੀਮ ਹੁਨਰ ਵਿਕਾਸ ਦੇ ਖੇਤਰ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਣਜੀਤ ਸਿੰਘ ਲਿਬੜਾ, ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਸ੍ਰੀ ਦੀਦਾਰ ਸਿੰਘ ਭੱਟੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਪ੍ਰਦੀਪ ਗਰਗ, ਸਾਬਕਾ ਮੰਤਰੀ ਸ਼੍ਰੀ ਦਲੀਪ ਸਿੰਘ ਪਾਂਧੀ, ਉਪ ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੁੱਖ ਸਕੱਤਰ ਸ੍ਰੀ ਮਨਵੇਸ਼ ਸਿੰਘ ਸਿੱਧੂ, ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਕੇਸ਼ ਵਰਮਾ, ਡਿਪਟੀ ਕਮਿਸ਼ਨਰ ਸ੍ਰੀ ਕਮਲਦੀਪ ਸਿੰਘ ਸੰਘਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਚਰਨ ਸਿੰਘ ਭੁੱਲਰ, ਐਸ.ਜੀ.ਪੀ.ਸੀ. ਮੈਂਬਰ ਸ੍ਰੀ ਅਵਤਾਰ ਸਿੰਘ ਰਿਆ ਤੇ ਸ. ਰਵਿੰਦਰ ਸਿੰਘ ਖਾਲਸਾ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਦਫ਼ਤਰ ਇੰਚਾਰਜ ਸ੍ਰੀ ਅਜੇ ਸਿੰਘ ਲਿਬੜਾ, ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਸ੍ਰੀ ਅਮਿਤ ਰਾਠੀ, ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਰਨਜੀਤ ਸਿੰਘ ਚਨਾਰਥਲ, ਯੂਥ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕਮਲਜੀਤ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਭਾਰਤ ਭੂਸ਼ਣ ਜਿੰਦਲ, ਸ੍ਰੀ ਅਮਰਿੰਦਰ ਸਿੰਘ ਲਿਬੜਾ, ਐਸ.ਓ.ਆਈ. ਮਾਲਵਾ ਜੋਨ-2 ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਝਿੰਜਰ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸ੍ਰੀ ਵਿੱਕੀ ਮਿੱਤਲ, ਇੰਡਸ ਐਜੂ ਟਰੇਨਿੰਗ ਦੇ ਡਾਇਰੈਕਟਰ ਸ੍ਰੀ ਸ਼ਰਨ ਝਾਅ, ਵਿਨੋਦ ਮਿੱਤਲ, ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਸ੍ਰੀ ਜਤਿੰਦਰ ਸਿੰਘ ਚੈਰੀ ਭਾਂਬਰੀ, ਪੰਜਾਬ ਕਰਮਚਾਰੀ ਦਲ ਦੇ ਪ੍ਰਧਾਨ ਸ. ਕਰਮਜੀਤ ਸਿੰਘ ਭਗੜਾਣਾ, ਕੈਪਟਨ ਜਸਵੰਤ ਸਿੰਘ ਬਾਜਵਾ,ਅਮੋਲਕ ਸਿੰਘ ਵਿਰਕ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਬਲਤੇਜ ਸਿੰਘ ਮਹਿਮੂਦਪੁਰ, ਕਾਹਨ ਸਿੰਘ ਝੰਬਾਲਾ, ਸੁਭਾਸ਼ ਵਰਮਾ, ਬਾਬਾ ਦਰਸ਼ਨ ਸਿੰਘ, ਰਣਧੀਰ ਸਿੰਘ ਭਾਂਬਰੀ, ਜੱਸਾ ਸਿੰਘ ਆਹਲੂਵਾਲੀਆ, ਇਕਬਾਲ ਸਿੰਘ ਰਾਏ, ਮਲਕੀਤ ਸਿੰਘ ਮਾਨਗੜ੍ਹ, ਰਘਬੀਰ ਸ਼ੁਕਲਾ, ਸਿਮਰਨਜੀਤ ਸਿੰਘ ਸਮੀ, ਬਲਜੀਤ ਸਿੰਘ ਅੰਨੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਤੇ ਅਧਿਕਾਰੀ ਹਾਜਰ ਸਨ।

