ਪੰਜਾਬ

ਖ਼ਾਲਸਾ ਯੂਨੀਵਰਸਿਟੀ ਵਿਖੇ ਉੱਚੇਰੀ ਸਿੱਖਿਆ ਅੱਗੇ ਚੁਣੌਤੀਆਂ ਵਿਸ਼ੇ ‘ਤੇ ਅਹਿਮ ਸੈਮੀਨਾਰ

ਵਿਸ਼ਾ ਮਾਹਿਰਾਂ ਵੱਲੋਂ ਪਾਠਕ੍ਰਮ ਤ੍ਰਾਸ਼ਣ ‘ਚ ਵਿਦਿਆਰਥੀਆਂ ਦੀ ਹਿੱਸੇਦਾਰੀ ‘ਤੇ ਜ਼ੋਰ
ਅੰਮ੍ਰਿਤਸਰ 16 ਨਵੰਬਰ ਰਾਜਨ ਮਾਨ
ਖ਼ਾਲਸਾ ਯੂਨੀਵਰਸਿਟੀ ਅਧੀਨ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਉੱਚੇਰੀ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ‘ਤੇ ਇਕ ਉੱਚ ਪੱਧਰੀ ਸੈਮੀਨਾਰ ਕਰਵਾਇਆ ਗਿਆ। ਜਿਸ ‘ਚ ਵਿਸ਼ਾ ਮਾਹਿਰਾਂ ਨੇ ਪਾਠਕ੍ਰਮ ਤ੍ਰਾਸ਼ਣ ‘ਚ ਵਿਦਿਆਰਥੀਆਂ ਦੀ ਹਿੱਸੇਦਾਰੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਬਜਟ ਗ੍ਰਾਂਟਾਂ ‘ਚ ਵਾਧਾ, ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਮੁੱਢਲੀਆਂ ਸਹੂਲਤਾਂ ਦੀ ਮਜ਼ਬੂਤੀ ਅਤੇ ਸਿੱਖਿਆ ਪ੍ਰਣਾਲੀ ਦੇ ਵਿਕੇਂਦਰੀਕਰਨ ‘ਤੇ ਚਾਨਣਾ ਪਾਇਆ।
ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ. ਸੀ. ਏ. ਆਰ.) ਦੇ ਐਡੀਸ਼ਨਲ ਜਨਰਲ ਡਾਇਰੈਕਟਰ ਡਾ. ਜੀ. ਵੈਨਕੇਂਟਸ਼ਵਰਲੂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਵਿਦਿਆਰਥੀ ਸਿੱਖਿਆ ਪ੍ਰਣਾਲੀ ਦਾ ਅਹਿਮ ਹਿੱਸਾ ਹੁੰਦੇ ਹਨ ਅਤੇ ਉਨ੍ਹਾਂ ਦੀ ਸਿਲੇਬਸ ਬਣਾਉਣ ‘ਚ ਭਾਗੀਦਾਰੀ ਨਿਸ਼ਚਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪਾਠਕ੍ਰਮਾਂ ਨੂੰ ਮੌਜ਼ੂਦਾ ਸਮੇਂ ਦੀ ਜਰੂਰਤਾਂ ਅਨੁਸਾਰ ਢਾਲਣ ਅਤੇ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ‘ਤੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਬੀ. ਐੱਸ. ਘੁੰਮਣ ਨੇ ਆਪਣੇ ਵਿਸ਼ੇਸ਼ ਭਾਸ਼ਣ ਮੌਕੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ‘ਚ ਐਕਸੀਲੈਂਸ ਨੂੰ ਬੜ੍ਹਾਵਾ ਦੇਣ ‘ਤੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਆਪਣੀ ਪਾਵਰ ਪੁਆਇੰਟ ਪ੍ਰੈਜੀਟੇਸ਼ਨ ‘ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਉਚੇਰੀਆਂ ਸਿੱਖਿਆ ਸਬੰਧੀ ਨੀਤੀਆਂ ਅਤੇ ਨਿਯਮਾਂ ਨੂੰ ਦੇਸ਼ ਦੀ ਸਿੱਖਿਆ ਪ੍ਰਣਾਲੀ ਨਾਲ ਮੇਲ ਦਾ ਲੇਖਾ-ਜੋਖਾ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ‘ਚ ਅਧਿਆਪਕ ਅਤੇ ਵਿਦਿਆਰਥੀ ਦੀ ਅਨੁਪਾਤ 1:26 ਹੈ, ਜਦ ਕਿ ਯੂ. ਜੀ. ਸੀ. ਵੱਲੋਂ ਇਹ ਅਨੁਪਾਤ 1:15 ਨਿਸ਼ਚਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਇਹ ਅਨੁਪਾਤ 1:7 ਹੈ, ਜੋ ਕਿ ਆਪਣੇ ਆਪ ‘ਚ ਹੀ ਸਾਡੀ ਨਿੱਘਰਦੀ ਉਚੇਰੀ ਸਿੱਖਿਆ ਦੀ ਜਿੰਦਾ ਮਿਸਾਲ ਹੈ। ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਮਾਹਿਰਾਂ ਦੁਆਰਾ ਦਿੱਤੇ ਭਾਸ਼ਣਾਂ ਤੋਂ ਉਚੇਰੀ ਸਿੱਖਿਆ ਦੀ ਦਿਸ਼ਾ ਬਹੁਤ ਚੰਗੇਰੀ ਨਹੀਂ ਲੱਗਦੀ, ਜੋ ਕਿ ਬੜ੍ਹੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿੱਦਿਆ ਪ੍ਰਣਾਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮਾਹਿਰਾਂ ਤੋਂ ਰਾਏ ਲੈ ਕੇ ਇਸ ਸਬੰਧੀ ਠੋਸ ਕਦਮ ਉਠਾਏ ਜਾਣ ਤਾਂ ਕਿ ਹੋਰਨਾਂ ਦੇਸ਼ਾਂ ਵਾਂਗੂੰ ਸਾਡੀਆਂ ਸੰਸਥਾਵਾਂ ਐਕਸੀਲੈਂਸ ਹਾਸਲ ਕਰ ਸਕਣ।
‘ਵਰਸਿਟੀ ਦੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਜਿਆਦਾ ਤੋਂ ਜਿਆਦਾ ਫੰਡ ਉਚੇਰੀ ਸਿੱਖਿਆ ਲਈ ਰਾਖਵੇਂ ਰੱਖਣ ਅਤੇ ਵਿੱਦਿਆ ਪ੍ਰਸ਼ਾਸ਼ਨ ਦੇ ਵਿਕੇਂਦਰੀਕਰਨ ‘ਤੇ ਜ਼ੋਰ ਦਿੱਤਾ। ‘ਵਰਸਿਟੀ ਦੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਨੇ ਆਪਣੇ ਧੰਨਵਾਦੀ ਭਾਸ਼ਣ ‘ਚ ਵਿਸਥਾਰ ਪੂਰਵਕ ਵਿੱਦਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਚੁਫ਼ੇਰੀਓ ਬਦਲਾਅ ਦੀ ਗੱਲ ਕਹੀ ਅਤੇ ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖਿਆ ਦਾ ਬਜ਼ਾਰੀਕਰਨ, ਗੈਰ ਹਾਜ਼ਰ ਅਦਾਰੇ, ਨਿਘਰਦੀ ਅਧਿਆਪਕ ਸਿੱਖਿਆ ਆਦਿ ਵਿੱਦਿਆ ਖੇਤਰ ‘ਚ ਤਬਾਹੀ ਖੇਡ ਰਿਹਾ ਹੈ। ਇਸ ਮੌਕੇ ਸ: ਛੀਨਾ, ਉੱਪ ਕੁਲਪਤੀ ਡਾ. ਚਾਹਲ ਨੇ ਖ਼ਾਲਸਾ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵੱਲੋਂ ਕੱਢੇ ਜਾਣ ਵਾਲੇ ਤਿਮਾਹੀ ‘ਖ਼ਾਲਸਾ ਯੂਨੀਵਰਸਿਟੀ ਨਿਊਜ਼’ ਲੈਟਰ ਦੀ ਡਾ. ਢਿੱਲੋਂ ਤੇ ਹੋਰਨਾਂ ਮਿਲ ਕੇ ਘੁੰਢ ਚੁਕਾਈ ਵੀ ਕੀਤੀ।
ਇਸ ਮੌਕੇ ਡੀਨ ਐਗਰੀਕਲਚਰ ਡਾ. ਗੁਰਸ਼ਰਨ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਯੂਥ ਵੈਲਫ਼ੇਅਰ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਡਾ. ਅਮਰਪਾਲ ਸਿੰਘ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਤੇਜਿੰਦਰ ਕੌਰ ਬਿੰਦਰਾ, ਪ੍ਰਿੰ: ਗੁਰਿੰਦਰਜੀਤ ਕੌਰ, ਪ੍ਰਿੰ: ਸ: ਨਿਰਮਲ ਸਿੰਘ ਭੰਗੂ, ਅੰਡਰ ਸੈਕਟਰੀ ਸ: ਧਰਮਿੰਦਰ ਸਿੰਘ ਰਟੌਲ ਤੋਂ ਇਲਾਵਾ ਹੋਰਨਾਂ ਆਏ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *