ਪੰਜਾਬ ਅਤੇ ਓਂਟਾਰੀਓ ਦੀਆਂ ਸਰਕਾਰਾਂ ਵੱਲੋਂ ਖੇਤੀ ਵੰਨ-ਸੁਵੰਨਤਾ ਅਤੇ ਫੂਡ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਆਪਸੀ ਸਹਿਮਤੀ
ਮੁੱਖ ਮੰਤਰੀ ਨੇ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਧੁਰੇ ਵਜੋਂ ਉਭਾਰਨ ਲਈ ਆਖਿਆ
ਦੋਵਾਂ ਸੂਬਿਆਂ ਵੱਲੋਂ ਵੱਖ-ਵੱਖ ਖੇਤਰਾਂ ‘ਚ ਸਮਝੌਤੇ ਸਹੀਬੰਦ
ਚੰਡੀਗੜ੍ਹ, 19 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਧੁਰੇ ਵਜੋਂ ਉਭਾਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਅਤੇ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਰਕਾਰ ਨੇ ਖੇਤੀ ਵੰਨ-ਸੁਵੰਨਤਾ ਅਤੇ ਫੂਡ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਆਪਸੀ ਭਾਈਵਾਲੀ ਨਾਲ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ।
ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਓਂਟਾਰੀਓ ਸੂਬੇ ਦੇ ਖੇਤੀ ਮੰਤਰੀ ਸ੍ਰੀ ਜੈਫ ਲੀਅਲ ਦੀ ਅਗਵਾਈ ਵਿਚ ਇੱਕ ਉੱਚ ਪੱਧਰੀ ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ। ਵਫ਼ਦ ਨੇ ਅੱਜ ਸਵੇਰੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।
ਇਸ ਦੌਰਾਨ ਮੁੱਖ ਮੰਤਰੀ, ਕੈਬਨਿਟ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਓਂਟਾਰੀਓ ਦੇ ਖੇਤੀ ਮੰਤਰੀ ਸ੍ਰੀ ਜੈਫ ਲੀਅਲ ਦੀ ਮੌਜੂਦਗੀ ਵਿਚ ਗੁਰੂ ਅੰਗਦ ਦੇਵ ਐਨੀਮਲ ਐਂਡ ਵੈਟਰਨਰੀ ਸਾਇੰਸਜ਼ ਅਤੇ ਯੂਨੀਵਰਸਿਟੀ ਆਫ ਗਿਊਲਪ (ਓਂਟਾਰੀਓ) ਵੱਲੋਂ ਪਸ਼ੂ ਧਨ, ਖੇਤੀਬਾੜੀ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ ਅਤੇ ਵੈਟਰਨਰੀ ਮੈਡੀਸਨ ਦੇ ਖੇਤਰਾਂ ਵਿਚ ਸਮਝੌਤਾ ਸਹੀਬੰਦ (ਐਮ.ਓ.ਯੂ) ਕੀਤਾ ਗਿਆ।
ਮੀਟਿੰਗ ਦੌਰਾਨ ਦੋਵਾਂ ਸਰਕਾਰਾਂ ਵੱਲੋਂ ਖੇਤੀ ਵਿਭਿੰਨਤਾ, ਫੂਡ ਪ੍ਰੋਸੈਸਿੰਗ, ਡੇਅਰੀ, ਮੱਛੀ ਪਾਲਣ ਅਤੇ ਸੂਰ ਪਾਲਣ ਦੇ ਖੇਤਰ ਵਿਚ ਦੋਵਾਂ ਸੂਬਿਆਂ ਦੇ ਸਹਿਯੋਗ ਤੇ ਮਿਲਵਰਤਣ ਲਈ ਖਾਕਾ ਤਿਆਰ ਕਰਨ ਬਾਰੇ ਸਹਿਮਤੀ ਜ਼ਾਹਰ ਕੀਤੀ ਗਈ। ਇਹ ਫੈਸਲਾ ਵੀ ਕੀਤਾ ਗਿਆ ਕਿ ਦੋਵੇਂ ਸੂਬੇ ਇਨ੍ਹਾਂ ਖੇਤਰਾਂ ਦੀ ਮੁਹਾਰਤ ਦਾ ਆਦਾਨ-ਪ੍ਰਦਾਨ ਕਰਨ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਅਗਾਂਹਵਧੂ ਕਿਸਾਨਾਂ ਦੇ ਦੌਰੇ ਕਰਵਾਉਣ ਨੂੰ ਯਕੀਨੀ ਬਣਾਉਣਗੀਆਂ। ਇਸੇ ਤਰ੍ਹਾਂ ਇਹ ਫੈਸਲਾ ਵੀ ਕੀਤਾ ਗਿਆ ਕਿ ਯੂਨੀਵਰਸਿਟੀ ਆਫ ਗਿਊਲਪ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਨ੍ਹਾਂ ਖੇਤਰਾਂ ਵਿਚ ਬਿਹਤਰ ਤਾਲਮੇਲ ਪੈਦਾ ਕਰਨ ਦੀ ਸੰਭਾਵਨਾ ਤਲਾਸ਼ੇਗੀ।
ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਖੇਤਰਾਂ ਵਿਚ ਦੁਵੱਲੇ ਸਹਿਯੋਗ ਦੇ ਬਿਹਤਰੀਨ ਮੌਕੇ ਹਨ ਕਿਉਂ ਜੋ ਪੰਜਾਬ ਤੇ ਓਂਟਾਰੀਓ ਦੀ ਖੇਤੀਬਾੜੀ ਤੇ ਸਹਾਇਕ ਧੰਦਿਆਂ ਵਿਚ ਲੰਮਾ ਤਜਰਬਾ ਤੇ ਮੁਹਾਰਤ ਹੋਣ ਕਰਕੇ ਇਨ੍ਹਾਂ ਖੇਤਰਾਂ ਵਿਚ ਇਹ ਦੋਵੇਂ ਸੂਬੇ ਮੋਹਰੀ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਖੇਤੀ ਅਧਾਰ ਹੋਣ ਕਰਕੇ ਦੋਵੇਂ ਸੂਬਿਆਂ ਦਾ ਮੁੱਢ ਖੇਤੀ ਆਰਥਿਕਤਾ ਹੈ ਤਾਂ ਤਕਨੀਕ ਦਾ ਆਦਾਨ-ਪ੍ਰਦਾਨ, ਸਹਿਯੋਗ ਤੇ ਮਦਦ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਸ. ਬਾਦਲ ਨੇ ਓਂਟਾਰੀਓ ਦੇ ਖੇਤੀ ਮੰਤਰੀ ਨੂੰ ਆਖਿਆ ਕਿ ਇਨ੍ਹਾਂ ਖੇਤਰਾਂ ਲਈ ਦੋਵਾਂ ਸੂਬਿਆਂ ਵੱਲੋਂ ਕੀਤੇ ਇਕਰਾਰ ਨੂੰ ਅਮਲੀਜਾਮਾ ਪਹਿਨਾਉਣ ਲਈ ਇਸ ਸਬੰਧ ਵਿਚ ਤਜਵੀਜਾਂ ਭੇਜੀਆਂ ਜਾਣ ਤਾਂ ਕਿ ਅਜਿਹੇ ਇਕਰਾਰ ਮਹਿਜ਼ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਨਾ ਰਹਿ ਜਾਣ।
ਅਧਿਆਪਕਾਂ ਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਸਬੰਧ ਵਿਚ ਲੋੜੀਂਦੀ ਪ੍ਰਕ੍ਰਿਆ ‘ਤੇ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਲੋੜ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਨਵੀਆਂ ਤੇ ਵਿਗਿਆਨਕ ਖੇਤੀ ਤਕਨੀਕਾਂ ਨੂੰ ਅਮਲ ਵਿਚ ਲਿਆਉਣ ਲਈ ਤਕਨਾਲੋਜੀ ਨੂੰ ਸੌਖੇ ਢੰਗ ਨਾਲ ਤਬਦੀਲ ਕੀਤਾ ਜਾ ਸਕਦਾ ਹੈ। ਸ. ਬਾਦਲ ਨੇ ਕੈਨੇਡਾ ਦੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਉਦਮੀਆਂ ਨੂੰ ਸੂਬੇ ਵਿਚ ਆਪਣੇ ਪ੍ਰਾਜੈਕਟ ਲਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਲਈ ਪੰਜਾਬ ਸਰਕਾਰ ਖੁਲ੍ਹੇ ਦਿਲ ਨਾਲ ਮਦਦ ਤੇ ਸਹਿਯੋਗ ਦੇਵੇਗੀ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਸ੍ਰੀ ਜੈਫ ਲੀਅਲ ਨੇ ਆਖਿਆ ਕਿ ਪਸ਼ੂ ਧਨ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਵਿਚ ਆਪਸੀ ਸਹਿਯੋਗ ਨਾਲ ਅੱਗੇ ਵਧਣ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਫੂਡ ਪ੍ਰੋਸੈਸਿੰਗ, ਪੋਸ਼ਣ ਅਤੇ ਐਗਰੀ ਬਾਇਓ-ਟੈਕਨੋਲਜੀ ਦੇ ਖੇਤਰ ਵਿਚ ਹਰੇਕ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਧੀਕ ਮੁੱਖ ਸਕੱਤਰ ਸ੍ਰੀ ਐਨ.ਐਸ. ਕਲਸੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਸਿੰਚਾਈ ਸ੍ਰੀ ਕਾਹਨ ਸਿੰਘ ਪਨੂੰ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਹਾਜ਼ਰ ਸਨ।
ਵਫ਼ਦ ਵਿਚ ਉਪ ਮੰਤਰੀ ਡੈਬ ਸਟਾਰਕ, ਕ”ੌਨਸਲ ਜਨਰਲ ਆਫ ਕੈਨੇਡਾ ਸ੍ਰੀ ਕਰੀਸਟੋਫਰ ਗਿਬਿਨਜ਼, ਯੂਨੀਵਰਸਿਟੀ ਆਫ ਗਿਊਲਪ ਦੇ ਉਪ ਕੁਲਪਤੀ ਡਾ. ਫਰੈਂਕੋ ਵੈਕਾਰਿਨੋ, ਸ੍ਰੀ ਐਨਡਰੀਊ ਮਿਸ਼ੈਲ, ਸ੍ਰੀ ਜੇਸਨ ਲੈਂਗਰਕਵੀਸਟ ਅਤੇ ਸ੍ਰੀ ਰੈਂਡੀ ਜੈਕਿਵ ਸ਼ਾਮਲ ਸਨ।

