ਪੰਜਾਬ

ਭਗਵੰਤ ਮਾਨ ਦੀ ਜਮਾਨਤ ਜ਼ਬਤ ਹੋਵੇਗੀ- ਸੁਖਬੀਰ ਸਿੰਘ ਬਾਦਲ

ਐਸ.ਵਾਈ.ਐਲ. ਦਾ ਮੁੱਦਾ ਖਤਮ, ਕਿਸਾਨ ਜ਼ਮੀਨ ਵਾਹ ਸਕਦੇ ਹਨ- ਉੱਪ ਮੁੱਖ ਮੰਤਰੀ
ਫੱਤੂਵਾਲਾ (ਜਲਾਲਾਬਾਦ), 23 ਨਵੰਬਰ (ਮਧੂਸਾਰ ਬਿਊਰੋ)
ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਚੋਣ ਲੜਾਉਣ ਸਬੰਧੀ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਹਲਕੇ ਦੇ ਲੋਕ ਭਗਵੰਤ ਮਾਨ ਦੀ ਜਮਾਨਤ ਜ਼ਬਤ ਕਰਾ ਕੇ ਉਸ ਨੂੰ ਘਰ ਤੋਰ ਦੇਣਗੇ।
ਉਨ੍ਹਾਂ ਕਿਹਾ ਕਿ ਫੋਕੇ ਵਾਅਦੇ ਅਤੇ ਝੂਠੇ ਲਾਰਿਆਂ ਦੇ ਸਹਾਰੇ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਨੂੰ ਹੁਣ ਮੂਰਖ ਨਹੀਂ ਬਣਾ ਸਕਦੀ ਅਤੇ ਉਨ੍ਹਾਂ ਦੀਆਂ ਸਿਆਸੀ ਚਾਲਾਂ ਅਤੇ ਝੂਠ ਲੋਕਾਂ ਸਾਹਮਣੇ ਆ ਚੁੱਕਾ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ।
ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਉੱਤੇ ਚੋਣ ਲੜਕੇ ਲਗਾਤਾਰ ਤੀਜੀ ਵਾਰ ਵੀ ਪੰਜਾਬ ਵਿਚ ਸੱਤਾ ਸੰਭਾਲੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ।
ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਦੇ ਵਿਧਾਇਕ ਵੱਜੋਂ ਉਨ੍ਹਾਂ ਇਲਾਕੇ ਦੇ ਕਾਇਆ-ਕਲਪ ਕਰ ਦਿੱਤੀ ਹੈ ਅਤੇ ਇਸ ਪੱਛੜੇ ਖੇਤਰ ਦਾ ਵਿਕਾਸ ਹੁਣ ਮੂੰਹੋਂ ਬੋਲਦਾ ਹੈ। ਉਨ੍ਹਾਂ ਐਲਾਨ ਕੀਤਾ ਕਿ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਾਂਗ ਵਿਕਸਿਤ ਕੀਤਾ ਜਾਵੇਗਾ ਅਤੇ ਪੱਕੀਆਂ ਗਲੀਆਂ-ਨਾਲੀਆਂ ਸਮੇਤ ਪੱਕੀਆਂ ਫਿਰਨੀਆਂ ਬਣਾ ਕੇ ਸੀਵਰੇਜ ਸਿਸਟਮ ਨੂੰ ਸੁਚਾਰੂ ਕੀਤਾ ਜਾਵੇਗਾ।
ਬਾਅਦ ਵਿਚ ਹੋਈ ਪ੍ਰੈੱਸ ਕਾਨਫਰੰਸ ਮੌਕੇ ਪੱਤਰਕਾਰਾਂ ਵੱਲੋਂ ਐਸ.ਵਾਈ.ਐਲ. ਸਬੰਧੀ ਪੁੱਛੇ ਗਏ ਸਵਾਲਾਂ ਦਾ ਸਵਾਲ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਹੁਣ ਖਤਮ ਹੋ ਚੁੱਕਾ ਹੈ ਅਤੇ ਪੰਜਾਬ ਸਰਕਾਰ ਨੇ ਨਹਿਰ ਦੀ ਜ਼ਮੀਨ ਮਾਲਿਕ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਹੈ ਅਤੇ ਹੁਣ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਵਾਹ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਲਈ ਭਲਾਈ ਖਾਸ ਤੌਰ ‘ਤੇ ਕਿਸਾਨਾਂ ਦਾ ਹਮੇਸ਼ਾ ਹੀ ਡਟਵਾਂ ਸਾਥ ਦਿੱਤਾ ਹੈ ਅਤੇ ਹੁਣ ਵੀ ਮੁੱਖ ਮੰਤਰੀ ਸਮੇਤ ਅਕਾਲੀ-ਭਾਜਪਾ ਸਰਕਾਰ ਨੇ ਪ੍ਰਣ ਕੀਤਾ ਹੈ ਐਸ.ਵਾਈ.ਐਲ ਬਣਾਉਣ ਦੀ ਨਾ ਤਾਂ ਕਦੇ ਲੋੜ ਸੀ ਨਾ ਹੀ ਹੈ ਅਤੇ ਨਾ ਹੀ ਇਹ ਨਹਿਰ ਬਣਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪਾਣੀ ਪੰਜਾਬ ਦੀ ਜਿੰਦ-ਜਾਨ ਹੈ ਅਤੇ ਪਾਣੀ ਦਾ ਇਕ ਤੁਪਕਾ ਵੀ ਬਾਹਰਲੇ ਸੂਬਿਆਂ ਨੂੰ ਦੇਣ ਲਈ ਪੰਜਾਬ ਕੋਲ ਵਾਧੂ ਨਹੀਂ ਹੈ।
ਬੈਂਸ ਭਰਾਵਾਂ, ਪ੍ਰਗਟ ਸਿੰਘ ਅਤੇ ਨਵਜੋਤ ਸਿੱਧੂ ਵਾਲੀ ਆਵਾਜ਼-ਏ-ਪੰਜਾਬ ਪਾਰਟੀ ਦੇ ਖਿੰਡ-ਪੁੱਡ ਜਾਣ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਸਲ ਵਿਚ ਇਸ ਪਾਰਟੀ ਦਾ ਪਹਿਲਾਂ ਤੋਂ ਹੀ ਕੋਈ ਵਜੂਦ ਨਹੀਂ ਸੀ ਅਤੇ ਇਸ ਦੇ ‘ਆਪੂ ਬਣੇ ਆਗੂਆਂ’ ਨੂੰ ਪੰਜਾਬ ਦੇ ਲੋਕ ਕਰਾਰੀ ਹਾਰ ਦੇਣਗੇ।
ਸੰਗਤ ਦਰਸ਼ਨ ਦੌਰਾਨ ਸ. ਬਾਦਲ ਨੇ ਐਲਾਨ ਕੀਤਾ ਕਿ ਜਲਾਲਾਬਾਦ ਹਲਕੇ ਦੇ ਜਿਨ੍ਹਾਂ ਯੋਗ ਪਰਿਵਾਰਾਂ ਕੋਲ ਗੈਸ ਕੁਨੈਕਸ਼ਨ ਨਹੀਂ ਹਨ ਉਨ੍ਹਾਂ ਨੂੰ ਅਗਲੇ 10 ਦਿਨਾਂ ਦੌਰਾਨ ਗੈਸ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸ. ਬਾਦਲ ਨੇ ਕਿਹਾ ਕਿ ਜਲਾਲਾਬਾਦ ਹਲਕੇ ਦੀ ਅਗਲੇ ਇਕ ਮਹੀਨੇ ਵਿਚ ਸੰਪੂਰਣ ਕਾਇਆ-ਕਲਪ ਕਰ ਦਿੱਤੀ ਜਾਵੇਗੀ ਅਤੇ ਇਸ ਖੇਤਰ ਵਿਚ ਸਾਰੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਸੰਗਤ ਦਰਸ਼ਨ ਦੌਰਾਨ ਜਲਾਲਾਬਾਦ ਦੇ 25 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ 10 ਕਰੋੜ ਰੁਪਏ ਦੀ ਲਾਗਤ ਨਾਲ 10 ਪਿੰਡਾਂ ਦੇ ਵਾਟਰ ਵਰਕਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਪਿੰਡ ਵਾਸੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਅਤੇ ਮੰਗਾਂ ਦਾ ਮੌਕੇ ਉੱਤੇ ਹਾਜ਼ਰ ਅਧਿਕਾਰੀਆਂ ਨੂੰ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉੱਪ ਮੁੱਖ ਮੰਤਰੀ ਦੇ ਨਾਲ ਸ. ਸਤਿੰਦਰਜੀਤ ਸਿੰਘ ਮੰਟਾ ਹਲਕਾ ਇੰਚਾਰਜ ਜਲਾਲਾਬਾਦ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ., ਸ਼੍ਰੀ ਆਰ ਐਸ ਖੱਟੜਾ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਸ. ਮਨਵੇਸ਼ ਸਿੰਘ ਸਿੱਧੂ ਸਪੈਸ਼ਲ ਪ੍ਰਮੁੱਖ ਸਕੱਤਰ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਰਿੰਦਰ ਭਾਰਗਵ, ਸ. ਪ੍ਰਕਾਸ਼ ਸਿੰਘ ਭੱਟੀ ਹਲਕਾ ਬੱਲੂਆਣਾ , ਸ਼੍ਰੀ ਦਵਿੰਦਰ ਸਿੰਘ ਬੱਬਲ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਪ੍ਰਧਾਨ ਸ. ਗੁਰਪਾਲ ਸਿੰਘ ਗਰੇਵਾਲਾ, ਸ਼੍ਰੀ ਓਮ ਪ੍ਰਕਾਸ਼ ਚੇਅਰਮੈਨ ਬੈਕਫੀਕੋ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ ਲਖਵਿੰਦਰ ਸਿੰਘ ਰੋਹੀਵਾਲਾ, ਚੇਅਰਮੈਨ ਸ. ਬੂੜ ਸਿੰਘ, ਚੇਅਰਮੈਨ ਸ. ਗੁਰਵੈਦ ਸਿੰਘ, ਡਾ. ਅਸ਼ੋਕ ਸ਼ਾਮਾ, ਜਥੇਦਾਰ ਕੌਰ ਸਿੰਘ, ਬੱਬੂ ਜੈਮਲਵਾਲਾ, ਮਾਸਟਰ ਬਲਵਿੰਦਰ ਸਿੰਘ ਗੁਰਾਇਆ ਚੇਅਰਮੈਨ ਪਾਵਰ ਕਾਰਪੋਰੇਸ਼ਨ, ਸ਼੍ਰੀਮਤੀ ਰਾਜ ਰਾਣੀ, ਸ. ਕਿੱਕਰ ਸਿੰਘ ਸੰਧੂ ਆਦਿ ਹਾਜਰ ਸਨ।

Leave a Reply

Your email address will not be published. Required fields are marked *