ਪੰਜਾਬ

ਕੇਜਰੀਵਾਲ ਨੇ ਪੰਜਾਬ ਲਈ 19 ਬਿੰਦੂਆਂ ਵਾਲਾ ਦਲਿਤ ਚੋਣ ਮਨੋਰਥ ਪੱਤਰ ਕੀਤਾ ਜਾਰੀ

ਸਾਰੇ ਦਲਿਤਾਂ ਲਈ ਮਕਾਨਾਂ ਦਾ ਕੀਤਾ ਵਾਅਦਾ
ਪੋਸਟ-ਮੈਟ੍ਰਿਕ ਵਜੀਫਾ ਰਾਸ਼ੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਇੱਕ ਵਿਸ਼ੇਸ਼ ਸੈਲ
ਗੋਰਾਇਆ (ਜਲੰਧਰ), 25 ਨਵੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦਾ ਦਲਿਤਾਂ ਲਈ 19 ਬਿੰਦੂਆਂ ਵਾਲਾ ਵੱਖਰਾ ਚੋਣ ਮਨੋਰਥ ਪੱਤਰ ਅੱਜ ਜਾਰੀ ਕਰ ਦਿੱਤਾ।

ਮੈਨੀਫੈਸਟੋ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਉਨਾਂ ਨੂੰ ਮਕਾਨ ਦਿੱਤੇ ਜਾਣਗੇ, ਲੜਕੀ ਦੇ ਵਿਆਹ ਲਈ ਸ਼ਗਨ ਦੀ ਰਾਸ਼ੀ 51 ਹਜਾਰ ਰੁਪਏ ਤੱਕ ਵਧਾਈ ਜਾਵੇਗੀ ਅਤੇ ਨਾਲ ਹੀ ਪੋਸਟ-ਮੈਟ੍ਰਿਕ ਵਜੀਫਾ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਵਿਸ਼ੇਸ਼ ਸੈਲ ਦਾ ਗਠਨ ਕੀਤਾ ਜਾਵੇਗਾ।
ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਦਲਿਤਾਂ ਦਾ ਉਥਾਨ ਬਹੁਤ ਜਰੂਰੀ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਅੰਦਰ ਦਲਿਤ ਭਾਈਚਾਰੇ ਦਾ ਖਾਸ ਧਿਆਨ ਰੱਖਿਆ ਜਾਵੇਗਾ।
ਕੇਜਰੀਵਾਲ ਨੇ ਸਾਰੇ ਦਲਿਤਾਂ ਲਈ ਮਕਾਨਾਂ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਦਲਿਤਾਂ ਲਈ ਇੱਕ ਘੱਟ ਕੀਮਤ ਵਾਲੀ ਰਿਹਾਇਸ਼ੀ ਯੋਜਨਾ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਦਲਿਤ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਪੱਕਾ ਘਰ ਮਿਲ ਸਕੇ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਜਿਆਦਾ ਤਾਕਤਾਂ ਦਿੱਤੀਆਂ ਜਾਣਗੀਆਂ ਅਤੇ ਹੋਰ ਸ਼ਕਤੀਸ਼ਾਲੀ ਬਣਾਇਆ ਜਾਵੇਗਾ ਤਾਂ ਜੋ ਦਲਿਤਾਂ ਦੇ ਖਿਲਾਫ ਹੁੰਦੇ ਅੱਤਿਆਚਾਰ ਤੇ ਵਧੀਕੀਆਂ ਨੂੰ ਸਜਾਯੋਗ ਬਣਾਇਆ ਜਾਣਾ ਸੁਨਿਸ਼ਚਿਤ ਹੋ ਸਕੇ।
ਉਨਾਂ ਕਿਹਾ ਕਿ ਪੋਸਟ-ਮੈਟ੍ਰਿਕ ਵਜੀਫਾ ਰਾਸ਼ੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਇੱਕ ਵਿਸ਼ੇਸ਼ ਸੈਲ ਦਾ ਗਠਨ ਕੀਤਾ ਜਾਵੇਗਾ, ਜੋ ਇਸ ਉਤੇ ਨਜਰ ਰੱਖੇਗਾ। ਇਸਦੇ ਨਾਲ ਹੀ ਇੱਕ ਸਮਾਂਬੱਧ ਜਾਂਚ ਕਰਵਾਈ ਜਾਵੇਗੀ, ਤਾਂ ਜੋ ਅਜਿਹੇ ਵਿਅਕਤੀਆਂ ਨੂੰ ਲੱਭਿਆ ਜਾ ਸਕੇ, ਜਿਨਾਂ ਨੇ ਇਸ ਸਕੀਮ ਅਧੀਨ ਦਲਿਤਾਂ ਲਈ ਆਈ ਰਾਸ਼ੀ ਹੜਪੀ ਹੈ ਅਤੇ ਉਨਾਂ ਨੂੰ ਸਜਾ ਦਿੱਤੀ ਜਾ ਸਕੇ।
ਕੇਜਰੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਦਲਿਤਾਂ ਉਤੇ ਹੋਏ ਅੱਤਿਆਚਾਰ ਅਤੇ ਉਨਾਂ ਖਿਲਾਫ ਹੋਏ ਝੂਠੇ ਮਾਮਲਿਆਂ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਜੋ ਅਜਿਹੇ ਮਾਮਲਿਆਂ ਵਿੱਚ ਮਿਸਾਲੀ ਸਜਾ ਦੀ ਸਿਫਾਰਿਸ਼ ਕਰੇਗੀ। ਉਨਾਂ ਕਿਹਾ ਅਨੁਸੂਚਿਤ ਜਾਤਾਂ ਅਤੇ ਵਿਮੁਕਤ ਜਾਤੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸਦੇ ਲਈ ਹਰੇਕ ਵਿਭਾਗ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਖਾਲੀ ਪਈਆਂ ਅਸਾਮੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਭਰੇਗੀ।
ਉਨਾਂ ਕਿਹਾ ਕਿ ਛੋਟਾ ਵਪਾਰ ਜਾਂ ਪਿੰਡ ਪੱਧਰੀ ਉਦਯੋਗ ਸ਼ੁਰੂ ਕਰਨ ਲਈ ਦਲਿਤ ਭਾਈਚਾਰੇ ਦੇ ਲੋਕਾਂ ਨੂੰ 2 ਲੱਖ ਰੁਪਏ ਤੱਕ ਦਾ ਕਰਜਾ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਉਚਪੱਧਰੀ ਜੀਵਨ ਬਤੀਤ ਕਰ ਸਕਣ।
ਕੇਜਰੀਵਾਲ ਨੇ ਕਿਹਾ ਕਿ ਫਸਲ ਖਰਾਬ ਹੋਣ ਦੀ ਸੂਰਤ ਵਿੱਚ ਖੇਤ ਮਜਦੂਰਾਂ ਨੂੰ ਕੰਮ ਦਾ ਘਾਟਾ ਹੋਣ ਕਾਰਨ 10 ਹਜਾਰ ਰੁਪਏ ਮਹੀਨਾ ਮੁਆਵਜਾ ਦਿੱਤਾ ਜਾਵੇਗਾ। ਅਨੁਸੂਚਿਤ ਜਾਤਾਂ ਅਤੇ ਵਿਮੁਕਤ ਜਾਤੀਆਂ ਲਈ ਮਨਰੇਗਾ ਕਾਰਡ ਪਹਿਲਾ ਦੇ ਆਧਾਰ ਉਤੇ ਬਣਾਏ ਜਾਣਗੇ ਅਤੇ ਇਸ ਸਕੀਮ ਲਈ ਹੋਰ ਕਾਰਜ ਖੇਤਰਾਂ ਦੀ ਤਲਾਸ਼ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਸ਼ਗਨ ਸਕੀਮ ਤਹਿਤ ਰਾਸ਼ੀ 51 ਹਜਾਰ ਰੁਪਏ ਤੱਕ ਵਧਾਈ ਜਾਵੇਗੀ। ਬੁਡਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣਤਾ ਪੈਨਸ਼ਨ ਨੂੰ 500 ਰੁਪਏ ਤੋਂ ਵਧਾ ਕੇ 2000 ਰੁਪਏ ਕੀਤਾ ਜਾਵੇਗਾ। 58 ਸਾਲ ਦੀ ਉਮਰ ਤੋਂ ਬਾਅਦ ਹਰ ਕੋਈ ਬੁਢਾਪਾ ਪੈਨਸ਼ਨ ਲੈਣ ਦੇ ਯੋਗ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ ਹਰ ਪਿੰਡ ਵਿੱਚ ਮਾਡਰਨ ਪਿੰਡ ਸਿਹਤ ਕਲੀਨਿਕ ਖੋਲੇ ਜਾਣਗੇ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਜ ਉਤੇ ਮਾਡਰਨ ਪਿੰਡ ਸਿਹਤ ਕਲੀਨਿਕ ਵਿੱਚ ਡਾਕਟਰਾਂ ਦੀ ਮੌਜੂਦਗੀ, ਮੁਫਤ ਦਵਾਈਆਂ ਅਤੇ ਟੈਸਟ ਮੁਹੱਈਆ ਕਰਵਾਏ ਜਾਣਗੇ। ਪੰਜ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ।

Leave a Reply

Your email address will not be published. Required fields are marked *