ਪੰਜਾਬ

ਦੀਨਾਨਗਰ ਤੋਂ ਭਾਜਪਾ ਦੀ ਟਿਕਟ ਲਈ ਮਹਾਸ਼ਾ ਭਾਈਚਾਰੇ ਦੇ ਕੌਂਸਲਰਾਂ ਠੋਕਿਆ ਦਾਅਵਾ

ਖ਼ੁਦ ਨੂੰ ਦੱਸਿਆ ਬਾਕੀ ਦਾਅਵੇਦਾਰਾਂ ਨਾਲੋਂ ਵਧੀਆ ਤੇ ਵਧੇਰੇ ਅਸਰਦਾਰ ਉਮੀਦਵਾਰ
ਕਾਂਗਰਸ ਨੂੰ ਹਰਾਉਣ ਲਈ ਭਾਜਪਾ ਹਾਈਕਮਾਂਡ ਨੂੰ ਮਹਾਸ਼ਾ ਭਾਈਚਾਰੇ ਦਾ ਉਮੀਦਵਾਰ ਚੋਣ ਮੈਦਾਨ ‘ਚ ਉਤਾਰਣ ਦੀ ਅਪੀਲ
ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਾਗਰ)
ਭਾਰਤੀ ਜਨਤਾ ਪਾਰਟੀ ਵੱਲੋਂ ਜਿਵੇਂ-ਜਿਵੇਂ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ‘ਚ ਦੇਰੀ ਕੀਤੀ ਜਾ ਰਹੀ ਹੈ ਤਿਵੇਂ-ਤਿਵੇਂ ਹਲਕੇ ਅੰਦਰ ਉਸਦੇ ਦਾਅਵੇਦਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਵੇਲੇ ਦੀਨਾਨਗਰ ਤੋਂ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਇੱਕ ਦਰਜਨ ਦੇ ਕਰੀਬ ਦਾਅਵੇਦਾਰ ਲਾਈਨ ਵਿੱਚ ਖੜ੍ਹੇ ਹਨ। ਪਰ ਇਨ੍ਹਾਂ ਵਿੱਚੋਂ ਮਹਾਸ਼ਾ ਭਾਈਚਾਰੇ ਨਾਲ ਸਬੰਧਿਤ ਦੋ ਕੌਂਸਲਰਾਂ ਵੱਲੋਂ ਆਪਣੀ ਦਾਅਵੇਦਾਰੀ ਨੂੰ ਬੇਹੱਦ ਮਜ਼ਬੂਤੀ ਨਾਲ ਪੇਸ਼ ਕਰਦਿਆਂ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਇੱਕ ਮੌਜੂਦਾ ਕੌਂਸਲਰ ਗੰਧਰਵ ਸਿੰਘ ਤਲੋਤਰਾ ਹਨ ਜਦਕਿ ਦੂਸਰੇ ਸਾਬਕਾ ਕੌਂਸਲਰ ਪ੍ਰੇਮ ਭਾਰਤ ਹਨ। ਜੋ ਇਸ ਵੇਲੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਸੰਘ ਅਤੇ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਸ਼ਹਿਰ ਵਿੱਚ ਚੰਗਾ ਅਸਰ ਰਸੂਖ਼ ਰੱਖਦੇ ਹਨ। ਜਦਕਿ ਗੰਧਰਵ ਸਿੰਘ ਤਲੋਤਰਾ ਕੌਂਸਲਰ ਤੋਂ ਇਲਾਵਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਦੋਨਾਂ ਹੀ ਨੇਤਾਵਾਂ ਦਾ ਦਾਅਵਾ ਹੈ ਕਿ ਦੀਨਾਨਗਰ ‘ਚ ਮਹਾਸ਼ਾ ਭਾਈਚਾਰੇ ਦਾ ਵੱਡਾ ਵੋਟ ਬੈਂਕ ਹੈ ਅਤੇ ਇੱਕ ਸਮੇਂ ਇਸ ਬਿਰਾਦਰੀ ਦੀ ਭਾਜਪਾ ਉਮੀਦਵਾਰ ਸਵਰਗੀ ਰੂਪ ਰਾਣੀ ਇੱਥੋਂ 28 ਹਜ਼ਾਰ ਦੀ ਵੱਡੀ ਲੀਡ ਨਾਲ ਜਿੱਤੇ ਸਨ ਪਰ ਉਸ ਤੋਂ ਬਾਅਦ ਭਾਜਪਾ ਨੇ ਮਹਾਸ਼ਾ ਬਿਰਾਦਰੀ ਨੂੰ ਅਣਗੌਲਿਆਂ ਕਰਦਿਆਂ ਰਮਦਾਸੀਆ (ਆਰੀਆ) ਬਿਰਾਦਰੀ ਦੇ ਉਮੀਦਵਾਰਾਂ ਨੂੰ ਤਰਜ਼ੀਹ ਦਿੱਤੀ ਅਤੇ ਤਿੰਨ ਵਾਰ ਇਸ ਬਿਰਾਦਰੀ ਦੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਗਏ। ਜਿਨ੍ਹਾਂ ਵਿੱਚੋਂ ਦੋ ਵਾਰ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦਕਿ ਇੱਕ ਵਾਰ ਮਾਮੂਲੀ ਵੋਟਾਂ ਨਾਲ ਜਿੱਤ ਕੇ ਇੱਜ਼ਤ ਬਚਾਈ ਗਈ।
ਇਨ੍ਹਾਂ ਦੀ ਮੰਗ ਹੈ ਕਿ ਇਸ ਵਾਰ ਪਾਰਟੀ ਨੂੰ ਅਜਿਹੀ ਗ਼ਲਤੀ ਦੁਹਰਾਉਣ ਤੋਂ ਬਚਨਾ ਚਾਹੀਦਾ ਹੈ ਅਤੇ ਮਹਾਸ਼ਾ ਭਾਈਚਾਰੇ ਦੀਆਂ ਵੋਟਾਂ ਨਾਲ ਲਗਾਤਾਰ ਜਿੱਤਾਂ ਦਰਜ ਕਰਦੀ ਆ ਰਹੀ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਨੂੰ ਹਰਾਉਣ ਲਈ ਭਾਜਪਾ ਨੂੰ ਵੀ ਮਹਾਸ਼ਾ ਬਿਰਾਦਰੀ ਦਾ ਹੀ ਉਮੀਦਵਾਰ ਉਸਦੇ ਖ਼ਿਲਾਫ਼ ਚੋਣ ਮੈਦਾਨ ‘ਚ ਉਤਾਰਨਾ ਚਾਹੀਦਾ ਹੈ। ਜੋ 2017 ਵਿੱਚ ਪਾਰਟੀ ਦੀ ਸੰਭਾਵਿਤ ਹਾਰ ਨੂੰ ਜਿੱਤ ਵਿੱਚ ਬਦਲ ਸਕੇ।
ਟਿਕਟ ਹਾਸਲ ਕਰਨ ਲਈ ਦੋਨੋਂ ਹੀ ਨੇਤਾ ਖ਼ੁਦ ਨੂੰ ਮਜ਼ਬੂਤ ਤੇ ਦੂਜਿਆਂ ਦੇ ਮੁਕਾਬਲੇ ਬੇਹੱਦ ਅਸਰਦਾਰ ਉਮੀਦਵਾਰ ਮੰਨਦੇ ਹਨ ਅਤੇ ਇਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਬਿਰਾਦਰੀ ਦਾ ਉਮੀਦਵਾਰ ਕਾਂਗਰਸੀ ਉਮੀਦਵਾਰ ਨੂੰ ਨਹੀਂ ਹਰਾ ਸਕਦਾ।
ਪ੍ਰੇਮ ਭਾਰਤ ਦਾ ਦਾਅਵਾ ਹੈ ਕਿ ਕੌਂਸਲਰ ਬਣਨ ਤੋਂ ਬਾਅਦ ਉਹ ਕਈ ਸਾਲ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਹਨ। ਜਿਸ ਕਾਰਨ ਇਸ ਭਾਈਚਾਰੇ ਦਾ ਵੱਡਾ ਵੋਟ ਬੈਂਕ ਉਨ੍ਹਾਂ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਹੱਕ ਵਿੱਚ ਭੁਗਤਣ ਵਾਲੀਆਂ ਮਹਾਸ਼ਾ ਭਾਈਚਾਰੇ ਦੀਆਂ ਹਜ਼ਾਰਾਂ ਵੋਟਾਂ ਉਨ੍ਹਾਂ ਦੇ ਉਮੀਦਵਾਰ ਬਣਨ ਨਾਲ ਭਾਜਪਾ ਦੇ ਖਾਤੇ ਵਿੱਚ ਜਾਣਗੀਆਂ। ਜਦਕਿ ਕੌਂਸਲਰ ਗੰਧਰਵ ਸਿੰਘ ਤਲੋਤਰਾ ਖ਼ੁਦ ਨੂੰ ਇੱਕ ਤਜ਼ਰਬੇਕਾਰ ਸਿਆਸਤਦਾਨ ਤੇ ਪੜ੍ਹੇ ਲਿਖੇ ਪਰਿਵਾਰ ‘ਚੋਂ ਹੋਣ ਕਾਰਨ ਵਧੀਆ ਵਿਕਲਪ ਦੱਸਦੇ ਹਨ। ਉਨ੍ਹਾਂ ਨੇ ਪਿਛਲੀਆਂ ਨਗਰ ਪ੍ਰੀਸ਼ਦ ਚੋਣਾਂ ‘ਚ ਕਾਂਗਰਸੀ ਉਮੀਦਵਾਰ ਨੂੰ ਨਮੋਸ਼ੀ ਭਰੀ ਹਾਰ ਦਿੱਤੀ ਸੀ। ਇਨ੍ਹਾਂ ਦਾ ਦਾਅਵਾ ਹੈ ਕਿ ਪਿਛਲੀਆਂ ਤਮਾਮ ਚੋਣਾਂ ‘ਚ ਭਾਜਪਾ ਕੋਲ ਮਹਾਸ਼ਾ ਬਿਰਾਦਰੀ ਦਾ ਵੱਡਾ ਨਾਮ ਨਾ ਹੋਣ ਕਾਰਨ ਇਸ ਭਾਈਚਾਰੇ ਨਾਲ ਸਬੰਧਿਤ ਲੋਕ ਕਾਂਗਰਸ ਦੀ ਅਰੁਣਾ ਚੌਧਰੀ ਨੂੰ ਬਿਰਾਦਰੀ ਦੀ ਇਕਲੌਤੀ ਉਮੀਦਵਾਰ ਸਮਝਣ ਕਾਰਨ ਵੋਟਾਂ ਪਾਣ ਲਈ ਮਜਬੂਰ ਹੁੰਦੇ ਸਨ ਪਰ ਉਨ੍ਹਾਂ ਦੋਨਾਂ ਦੇ ਮੈਦਾਨ ਵਿੱਚ ਆ ਜਾਣ ‘ਤੇ ਹੁਣ ਬਿਰਾਦਰੀ ਦੇ ਲੋਕਾਂ ਨੂੰ ਦੂਜਾ ਵਿਕਲਪ ਮਿਲ ਗਿਆ ਹੈ। ਜਿਸਦਾ ਫ਼ਾਇਦਾ ਭਾਜਪਾ ਨੂੰ ਹੋਵੇਗਾ। ਹਾਲਾਂਕਿ ਦੋਨਾਂ ਨੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਦਾ ਅੰਤਿਮ ਫ਼ੈਸਲਾ ਉਨ੍ਹਾਂ ਲਈ ਮੰਨਣਯੋਗ ਹੋਵੇਗਾ।

Leave a Reply

Your email address will not be published. Required fields are marked *