ਪੰਜਾਬ

ਅਕਾਲੀਆਂ-ਕਾਂਗਰਸੀਆਂ ਨੇ ਸ਼ਾਹਕੋਟ ਜ਼ਿਮਨੀ ਚੋਣ ਲੁੱਟਣ ਲਈ ਨਹੀਂ ਛੱਡੀ ਕੋਈ ਕਸਰ-ਆਪ

ਮੁੱਖ ਚੋਣ ਕਮਿਸ਼ਨਰ ਕੋਲ ਪੁਨਰ-ਮਤਦਾਨ ਦੀ ਮੰਗ ਰੱਖਾਂਗੇ-ਡਾ. ਬਲਬੀਰ ਸਿੰਘ
ਜਲੰਧਰ, 28 ਮਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਬਾਦਲ ਉੱਤੇ ਲੋਕਤੰਤਰ ਦੀ ਦਿਨ-ਦਿਹਾੜੇ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ।

ਆਪ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ-ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਹਲਕੇ ਪਿਛਲੇ ਦੋ ਦਿਨਾਂ ਤੋਂ ਵੱਡੀ ਮਾਤਰਾ ‘ਚ ਸ਼ਰਾਬ, ਭੁੱਕੀ ਅਤੇ ਹੋਰ ਨਸ਼ੇ ਬਿਨਾ-ਰੋਕ ਵੰਡੇ ਗਏ। ਕਾਂਗਰਸ ਅਤੇ ਅਕਾਲੀ ਦਲ ਨੇ ਆਪਣੀ ਪੁਰਾਣੀ ਪਰੰਪਰਾ ਅਨੁਸਾਰ ਪੈਸੇ ਅਤੇ ਹੋਰ ਸਾਜੋ-ਸਮਾਨ ਰਾਹੀਂ ਵੋਟਰਾਂ ਨੂੰ ਖ਼ਰੀਦਣ ਲਈ ਹਰ ਵਾਹ ਲਗਾਈ। ਸੱਤਾ ਦੇ ਦਬਾਅ ਥੱਲੇ ਸਰਕਾਰੀ ਮਸ਼ੀਨਰੀ ਅਤੇ ਪੁਲਸ-ਪ੍ਰਸ਼ਾਸਨ ਪਹਿਲਾਂ ਵੀ ਮੂਕ ਦਰਸ਼ਕ ਬਣਿਆ ਰਿਹਾ ਅਤੇ ਅੱਜ ਵੀ ਪੂਰੀ ਤਰ੍ਹਾਂ ਬੇਬਸ ਨਜ਼ਰ ਆਇਆ। ਡਾ. ਬਲਬੀਰ ਸਿੰਘ ਨੇ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੱਸਿਆ ਕਿ ਅਕਬਰਪੁਰ ਖ਼ੁਰਦ ਪਿੰਡ ਦੇ ਬੂਥ ਨੰਬਰ 172 ਉੱਤੇ ਦਰਜਨ ਵੋਟਰਾਂ ਦੀਆਂ ਵੋਟਾਂ ਹਲਕੇ ਤੋਂ ਬਾਹਰਲੇ ਕਾਂਗਰਸੀ ਧੱਕੇ ਨਾਲ ਪਾ ਕੇ ਗਏ। ‘ਆਪ’ ਦੇ ਪੋਲਿੰਗ ਏਜੰਟ ਦੇ ਵਿਰੋਧ ਦੇ ਬਾਵਜੂਦ ਡਿਊਟੀ ਅਫ਼ਸਰ ਤੇ ਕਰਮਚਾਰੀ ਬੇਬਸ ਰਹੇ। ਮੌਕੇ ਦੇ ਅਫ਼ਸਰ ਨੇ ਪੋਲਿੰਗ ਏਜੰਟ ਦੀ ਸ਼ਿਕਾਇਤ ਪ੍ਰਵਾਨ ਨਹੀਂ ਕੀਤੀ, ਉਸ ਮੌਕੇ ਨਾ ਤਾਂ ਮਾਈਕਰੋ ਅਬਜ਼ਰਵਰ ਅਤੇ ਨਾ ਹੀ ਕੇਂਦਰੀ ਸੁਰੱਖਿਆ ਬਲ ਮੌਜੂਦ ਸਨ। ਸਿਰਫ਼ ਪੰਜਾਬ ਪੁਲਿਸ ਦੇ ਕਰਮੀਂ ਹੀ ਤੈਨਾਤ ਸਨ। ਜਦੋਂ ਤੱਕ ਕੇਂਦਰੀ ਸੁਰੱਖਿਆ ਦਸਤੇ ਪਹੁੰਚੇ ਉਦੋਂ ਤੱਕ ਜਾਅਲੀ ਮਤਦਾਤਾ ਖਿਸਕ ਗਏ। ‘ਆਪ’ ਨੇ ਇਸ ਦੀ ਸ਼ਿਕਾਇਤ ਲਿਖਤ ‘ਚ ਕੀਤੀ ਹੈ। ਇਸੇ ਤਰ੍ਹਾਂ 90 ਅਤੇ 91 ‘ਤੇ ਅਕਾਲੀਆਂ ਤੇ ਕਾਂਗਰਸੀਆਂ ਨੇ ਹਿੰਸਾ ਕਰ ਕੇ ਆਮ ਵੋਟਰ ਦੇ ਮਨਾਂ ‘ਚ ਡਰ ਪੈਦਾ ਕੀਤਾ। ਅਸਲੇ ਜਮਾਂ ਹੋਣ ਦੇ ਬਾਵਜੂਦ ਲੀਡਰ ਤੇ ਲੋਕਾਂ ਕੋਲ ਹਥਿਆਰ ਚੁੱਕੇ ਨਜ਼ਰ ਆਏ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ‘ਚ ਫ਼ਰਜ਼ੀ ਮਤਦਾਨ ਅਤੇ ਖਰੀਦੋ-ਫਰੋਖਤ ਕਰਨ ‘ਚ ਅਕਾਲੀਆਂ ਅਤੇ ਕਾਂਗਰਸੀਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਸ਼ਾਹਕੋਟ ਹਲਕੇ ਦੇ ਲੋਕਾਂ ਨੇ ਲੋਕਤੰਤਰ ਨਾਲ ਹੁੰਦਾ ਖਿਲਵਾੜ ਆਪਣੀ ਅੱਖੀਂ ਦੇਖਿਆ, ਜਿਸ ਦੀ ਆਮ ਆਦਮੀ ਪਾਰਟੀ ਤਿੱਖੀ ਅਲੋਚਨਾ ਕਰਦੀ ਹੈ।
‘ਆਪ’ ਆਗੂ ਨੇ ਕਿਹਾ ਕਿ ਪਾਰਟੀ ਪੁਨਰ ਮਤਦਾਨ ਦੀ ਮੰਗ ਲਈ ਮੁੱਖ ਚੋਣ ਅਧਿਕਾਰੀ ਪੰਜਾਬ ਰਾਹੀਂ ਭਾਰਤੀ ਮੁੱਖ ਚੋਣ ਕਮਿਸ਼ਨਰ ਕੋਲ ਮੰਗ ਰੱਖੇਗੀ।

Leave a Reply

Your email address will not be published. Required fields are marked *