ਸ਼੍ਰੋਮਣੀ ਕਮੇਟੀ ਨੇ ਪਹਿਲੀ ਵਾਰ ਵੱਡੇ ਪੱਧਰ ‘ਤੇ ਮਨਾਈ ਭਾਈ ਮਰਦਾਨਾ ਜੀ ਦੀ ਬਰਸੀ
-ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਵਲੋਂ ਪ੍ਰੋ. ਬਡੂੰਗਰ ਦਾ ਵਿਸ਼ੇਸ਼ ਸਨਮਾਨ
ਪਟਿਆਲਾ, 27 ਨਵੰਬਰ (ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਮਰ ਭਰ ਸਾਥੀ ਰਹੇ ਰਬਾਬੀ ਭਾਈ ਮਰਦਾਨਾ ਜੀ ਦੀ ਬਰਸੀ ਵੱਡੇ ਪੱਧਰ ‘ਤੇ ਵਿਸ਼ਾਲ ਸਮਾਗਮ ਕਰਕੇ ਮਨਾਉਣ ਲਈ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਵਿਸ਼ੇਸ਼ ਤੌਰ ‘ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।
ਸੁਸਾਇਟੀ ਦੇ ਪ੍ਰਧਾਨ ਸ. ਸਰਦਾਰ ਸਿੰਘ ਦੀ ਅਗਵਾਈ ਵਾਲੇ ਇਸ ਵਫ਼ਦ ਨੇ ਪ੍ਰੋ. ਬਡੂੰਗਰ ਦਾ ਵਿਸ਼ੇਸ਼ ਧਨਵਾਦ ਵੀ ਕੀਤਾ।
ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਪ੍ਰੋ. ਬਡੂੰਗਰ ਵਲੋਂ ਵਿਸ਼ੇਸ਼ ਤੌਰ ‘ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰੂ ਸਾਹਿਬਾਨਾਂ ਦੇ ਨਾਲ ਰਹੀਆਂ ਸਿੱਖ ਸ਼ਖ਼ਸੀਅਤਾਂ ਦੇ ਅਤੇ ਗੁਰਬਾਣੀ ‘ਚ ਮਾਣ ਸਤਿਕਾਰ ਪ੍ਰਾਪਤ ਸੰਤਾਂ, ਭਗਤਾਂ ਤੇ ਗੁਰਸਿੱਖਾਂ ਦੇ ਦਿਨ ਦਿਹਾੜੇ ਵਿਸ਼ੇਸ਼ ਸਮਾਗਮ ਕਰਕੇ ਮਨਾਏ ਜਾਣਗੇ। ਇਸ ਦੇ ਮਦੇਨਜ਼ਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਭਾਈ ਮਰਦਾਨਾ ਜੀ ਦੀ ਬਰਸੀ ਪਹਿਲੀ ਵਾਰ ਵੱਡੇ ਪੱਧਰ ‘ਤੇ ਮਨਾਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਇਸ ਮੌਕੇ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਇਕ ਮੰਚ ‘ਤੇ ਇਕੱਤਰ ਕਰਨ ਲਈ ਸੁਹਿਰਦ ਯਤਨ ਸਦਾ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਗੁਰੂ ਦੇ ਫ਼ਲਸਫ਼ੇ ਮੁਤਾਬਕ ਕੌਮ ਦਾ ਜਦੋਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਾਨ ਸਾਹਿਬ ਇਕ ਹੈ ਤਾਂ ਕੌਮ ਵੀ ਇਕਮੁਠ ਹੋਣੀ ਚਾਹੀਦੀ ਹੈ, ਇਸ ਲਈ ਉਹ ਇਸ ਪਾਸੇ ਸੁਹਿਰਦ ਯਤਨ ਕਰਨ ਵਲ ਵਿਸ਼ੇਸ਼ ਤਵੱਜੋ ਦੇਣਗੇ।
ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਮਸ਼ਹੂਰ ਅਲੀ, ਅਮਰੀਕ ਸਿੰਘ ਸਰਪੰਚ, ਪਾਲ ਸਿੰਘ, ਛਿੰਦਾ ਖ਼ਾਨ, ਰਾਜਬੀਰ ਸਿੰਘ, ਮਸ਼ਤਾਕ ਖ਼ਾਨ, ਜੀਤ ਸਿੰਘ, ਬਿੱਟੂ ਖ਼ਾਨ, ਤਰਸੇਮ ਸਿੰਘ ਗੋਬਿੰਦਗੜ੍ਹ, ਸ਼ੌਕਤ ਅਲੀ ਦੀਵਾਨਾ, ਪ੍ਰਵੇਜ਼ ਅਨੀਸ, ਕਮਲ ਖ਼ਾਨ, ਅਕਾਲੀ ਦਲ ਦੇ ਜ਼ਿਲ੍ਹਾ ਮੁੱਖ ਬੁਲਾਰੇ ਸ. ਨਰਦੇਵ ਸਿੰਘ ਆਕੜੀ, ਪਰਮਜੀਤ ਸਿੰਘ, ਗੁਰਚਰਨ ਸਿੰਘ ਕੌਲੀ ਤੇ ਹੋਰ ਪਤਵੰਤੇ ਮੌਜੂਦ ਸਨ।

