ਪੰਜਾਬਪਟਿਆਲਾ

ਔਰਤਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਨ ਪ੍ਰਤੀਨਿਧੀਆਂ ਦਾ ਜਾਗਰੂਕ ਹੋਣਾ ਵਧੇਰੇ ਜ਼ਰੂਰੀ: ਚੇਅਰਮੈਨ

ਸਾਰੀਆਂ ਜ਼ਿਲ੍ਹਾ ਅਦਾਲਤਾਂ ਚ ਔਰਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ: ਲਾਂਡਰਾਂ
ਪਟਿਆਲਾ, 2 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਾਰਤ ਦੇ ਸੰਵਿਧਾਨ ਤੋਂ ਔਰਤਾਂ ਨੂੰ ਪ੍ਰਾਪਤ ਹੋਏ ਕਾਨੂੰਨੀ ਅਧਿਕਾਰਾਂ ਪ੍ਰਤੀ ਜਨ ਪ੍ਰਤੀਨਿਧੀਆਂ ਖ਼ਾਸ ਤੌਰ ‘ਤੇ ਪਿੰਡਾਂ ‘ਚ ਰਹਿ ਰਹੀਆਂ ਸਰਪੰਚ ਅਤੇ ਪੰਚਾਂ ਦਾ ਜਾਣੂ ਹੋਣਾ ਵਧੇਰੇ ਜ਼ਰੂਰੀ ਹੈ। ਜੇਕਰ ਉਹ ਇੰਨ੍ਹਾਂ ਪ੍ਰਤੀ ਜਾਗਰੂਕ ਹੋਣਗੀਆਂ ਤਾਂ ਉਹ ਆਪਣੇ ਇਲਾਕੇ ਦੀ ਨਾ ਕੇਵਲ ਵਧੀਆ ਸੇਵਾ ਕਰ ਸਕਣਗੀਆਂ ਬਲਕਿ ਲੋੜਵੰਦਾਂ ਨੂੰ ਕਾਨੂੰਨੀ ਸਲਾਹ ਅਤੇ ਮਦਦ ਵੀ ਸਮੇਂ ਸਿਰ ਦੇ ਸਕਣਗੀਆਂ।

ਵੁਮੈਨ ਕਮਿਸ਼ਨ ਪੰਜਾਬ ਦੀ ਚੇਅਰਮੈਨ ਮੈਡਮ ਪਰਮਜੀਤ ਕੌਰ ਲਾਂਡਰਾਂ ਨੇ ਇਹ ਵਿਚਾਰ ਏਸ਼ੀਅਨ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਦੇ ਕਾਨੂੰਨੀ ਜਾਗਰੂਕਤਾ ਸੰਮੇਲਨ ‘ਚ ਰੱਖੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜ ਵੰਦ ਔਰਤ ਕਿਸੇ ਜਨ ਪਰਤਿਨਧੀ ਕੋਲ ਆਉਂਦੀ ਹੈ ਤਾਂ ਉਸ ਨੂੰ ਮੁੱਢਲੀ ਕਾਨੂੰਨੀ ਸਲਾਹ ਪ੍ਰਾਪਤ ਕਰਨ ਲਈ ਸਹੀ ਰਾਹ ਤੇ ਤਾਂ ਹੀ ਪਾ ਸਕਦੀ ਹੈ, ਜੇ ਉਹ ਖ਼ੁਦ ਜਾਣੂ ਹੋਵੇਗੀ। ਚੇਅਰਮੈਨ ਨੇ ਦੱਸਿਆ ਕਿ ਕਈ ਵਾਰੀ ਔਰਤਾਂ ਕੋਰਟ ਕਚਹਿਰੀ ਜਾਣ ਤੋ ਸਿਰਫ਼ ਇਸ ਕਰਕੇ ਡਰਦੀਆਂ ਹਨ ਕਿ ਖਰਚਾ ਵੱਧ ਹੋਵੇਗਾ ਅਤੇ ਜ਼ੁਲਮ ਸਹਿ ਜਾਂਦੀਆਂ ਨੇ। ਉਨ੍ਹਾਂ ਕਿਹਾ ਕਿ ਸਾਰੀਆਂ ਜ਼ਿਲ੍ਹਾ ਅਦਾਲਤਾਂ ‘ਚ ਔਰਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਮੈਡਮ ਲਾਂਡਰਾਂ ਨੇ ਕਿਹਾ ਕਿ ਜ਼ਿਲ੍ਹਾ ਅਦਾਲਤਾਂ ‘ਚ ਫ਼ਰੀ ਲੀਗਲ ਏਡ ਦਾ ਉਪਰਾਲਾ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਵੁਮੈਨ ਕਮਿਸ਼ਨ ਰਾਜ ‘ਚ 5 ਕਨੂੰਨੀ ਜਾਗਰੂਕਤਾ ਦੇ ਕਾਰਜ ਆਯੋਜਿਤ ਕਰੇਗੀ, ਜਿਨ੍ਹਾਂ ‘ਚ ਇਕ ਰਾਜ ਪੱਧਰੀ ਸਮਾਗਮ ਮੁਹਾਲੀ ‘ਚ ਹੋਵੇਗਾ।
ਸਮਾਗਮ ‘ਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਨੇ ਕਿਹਾ ਕਿ ਕਾਨੂੰਨ ਲੋਕਾਂ ਦੀ ਰੱਖਿਆ ਲਈ ਹੈ ਪਰ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਦੀ ਮੁੱਢਲੀ ਜਾਣਕਾਰੀ ਹੋਵੇਗੀ ਤਾਂ ਕੋਈ ਵੀ ਬੰਦਾ ਖ਼ੁਦ ਅਤੇ ਆਪਣੇ ਬੱਚਿਆਂ ਨੂੰ ਗ਼ਲਤ ਰਾਹ ‘ਤੇ ਜਾਣ ਤੋਂ ਪਹਿਲਾਂ ਹੀ ਰੋਕ ਸਕੇਗਾ। ਸ. ਕਲਿਆਣ ਨੇ ਕਿਹਾ ਕਿ ਕਈ ਵਾਰੀ ਅਸੀਂ ਇੱਕ ਛੋਟੀ ਜਿਹੀ ਗ਼ਲਤੀ ਕਰਕੇ ਸਾਰੀ ਉਮਰ ਭੁਗਤਦੇ ਰਹਿੰਦੇ ਹਾਂ। ਨਾ ਤਾਂ ਅਸੀਂ ਖ਼ੁਦ ਪੜ੍ਹ ਲਿਖ ਪਾਉਂਦੇ ਹਾਂ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਪਾਉਂਦੇ ਹਾਂ।
ਇਸ ਮੌਕੇ ਵੁਮੈਨ ਕਮਿਸ਼ਨ ਦੀ ਵਾਈਸ ਚੇਅਰਮੈਨ ਸਤਬੀਰ ਕੌਰ, ਮੈਂਬਰ ਪਲਵਿੰਦਰ ਕੌਰ ਰਾਣੀ, ਬਲਾਕ ਸਮਿਤੀ ਪਟਿਆਲਾ ਦੇ ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਐੱਸ.ਡੀ.ਐਮ. ਪਾਤੜਾਂ ਸ੍ਰੀਮਤੀ ਅਨੀਤਾ ਦਰਸ਼ੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਨੀਤਾ ਪ੍ਰੀਤ ਕੌਰ, ਵੁਮੈਨ ਸੈੱਲ ਪਟਿਆਲਾ ਦੀ ਇੰਚਾਰਜ ਸ੍ਰੀਮਤੀ ਬਿੰਦੂ ਬਾਲਾ, ਏਸ਼ੀਅਨ ਇੰਸਟੀਚਿਊਟ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਸੋਸ਼ਲ ਐਂਡ ਇਕਨਾਮਿਕ ਵੈੱਲਫੇਅਰ ਐਡਵਾਂਸਡ ਐਸੋਸੀਏਸ਼ਨ ਦੇ ਡਾ ਸਰਬਜੀਤ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ।

Leave a Reply

Your email address will not be published. Required fields are marked *