ਸਿਪਾਹੀ ਦੀ ਵਰਦੀ ਪਾੜਨ ਅਤੇ ਡਿਊਟੀ ‘ਚ ਵਿਘਨ ਪਾਉਣ ਵਾਲੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ
ਪਟਿਆਲਾ (ਕੰਵਰ ਬੇਦੀ/ਅਮਰਜੀਤ ਸਿੰਘ ਬੱਬਰ/ਮਧੂਸਾਰ ਬਿਊਰੋ) ਲੀਲਾ ਭਵਨ ਪਟਿਆਲਾ ਵਿਖੇ ਦੇਰ ਰਾਤ ਅਹਾਤੇ ਨੂੰ ਬੰਦ ਕਰਵਾਉਣ ਸਮੇਂ ਪੀਸੀਆਰ ਡਿਊਟੀ ‘ਤੇ ਤਾਇਨਾਤ ਸਿਪਾਹੀ ਗੁਰਦੀਪ ਸਿੰਘ ਨਾਲ ਝਗੜਾ ਕਰਨ ਦੇ ਦੋਸ਼ ਵਿਚ ਥਾਣਾ ਸਿਵਲ ਲਾਈਨ ਪੁਲਿਸ ਨੇ ਦੋਸ਼ੀਆਂ ਰਮਨਪ੍ਰੀਤ ਸਿੰਘ, ਹੇਮਤਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਦੋ ਹੋਰਨਾਂ ਖਿਲਾਫ਼ ਧਾਰਾ 353, 186, 506, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਲੀਲਾ ਭਵਨ ਪਟਿਆਲਾ ਵਿਖੇ ਸ਼ਰਾਬ ਦੇ ਠੇਕੇ ਨੇੜੇ ਇਕ ਅਹਾਤਾ ਕਾਫੀ ਦੇਰ ਰਾਤ ਤੱਕ ਖੁੱਲ੍ਹਿਆ ਰਿਹਾ। ਇਸ ਦੌਰਾਨ ਪੀਸੀਆਰ ਡਿਊਟੀ ‘ਤੇ ਤਾਇਨਾਤ ਗੁਰਦੀਪ ਸਿੰਘ ਨੇ ਜਦੋਂ ਅਹਾਤਾ ਮਾਲਕਾਂ ਨੂੰ ਬੰਦ ਕਰਵਾਉਣਾ ਚਾਹਿਆ ਤਾਂ, ਉਥੇ ਖੜੇ ਕੁਝ ਵਿਅਕਤੀਆਂ ਨੇ ਸਿਪਾਹੀ ਨਾਲ ਤੂੰ-ਤੂੰ, ਮੈਂ-ਮੈਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪੇ ‘ਚੋਂ ਬਾਹਰ ਹੁੰਦਿਆਂ ਦੋਸ਼ੀਆਨ ਵਿਅਕਤੀਆਂ ਨੇ ਸਿਪਾਹੀ ਗੁਰਦੀਪ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ।
ਇਸ ਮਾਮਲੇ ਦੀ ਜਾਂਚ ਉਪਰੰਤ ਸਾਹਮਣੇ ਆਇਆ ਕਿ ਉਕਤ ਦੋਸ਼ੀ ਸਾਰੀ ਘਟਨਾ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਖਿਲਾਫ਼ ਸਿਵਲ ਲਾਈਨ ਥਾਣਾ ਵਿਖੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

