ਪਟਿਆਲਾ

ਪੰਜਾਬੀ ‘ਵਰਸਿਟੀ ‘ਚ ਛੇਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦਾ ਉਦਘਾਟਨ

ਪਟਿਆਲਾ, 7 ਦਸੰਬਰ (ਮਧੂਸਾਰ ਬਿਊਰੋ)
ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਵੱਲੋਂ ਆਯੋਜਿਤ ਛੇਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਇਆ। ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਵਿਚ ਚੱਲ ਰਹੇ ਖੋਜ ਕਾਰਜ ਦੀ ਜਾਣਕਾਰੀ ਦਿੱਤੀ।
ਕਾਨਫ਼ਰੰਸ ਦਾ ਉਦਘਾਟਨ ਪ੍ਰਸਿੱਧ ਨਾਟਕਕਾਰ ਡਾ. ਸਵਰਾਜਬੀਰ ਵੱਲੋਂ ਕੀਤਾ ਗਿਆ। ਕਾਨਫ਼ਰੰਸ ਦੇ ਵਿਸ਼ੇ ‘ਪੰਜਾਬੀ ਵਾਰਤਕ : ਸੰਭਾਵਨਾਵਾਂ ਤੇ ਚੁਣੌਤੀਆਂ ̕ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ ਕਿ ਵਾਰਤਕ ਭਾਸ਼ਾ ਨੂੰ ਗਹਿਰੇ ਅਰਥ ਪ੍ਰਦਾਨ ਕਰਦੀ ਹੈ। ਉਹਨਾਂ ਕਿਹਾ ਸਮਾਜ ਦੀਆਂ ਆਰਥਕ, ਸਮਾਜੀ ਅਤੇ ਸਭਿਆਚਾਰਕ ਲੋੜਾਂ ਨੂੰ ਸਮਝਣ ਵਾਲਾ ਲੇਖਕ ਹੀ ਉਸਾਰੂ ਵਾਰਤਕ ਦੀ ਰਚਨਾ ਕਰ ਸਕਦਾ ਹੈ। ਜੇਕਰ ਲੇਖਕ ਦੇ ਵਿਚਾਰਾਂ ਦੀ ਏਕਤਾ ਮਜਬੂਤ ਹੋਵੇ ਤਾਂ ਹੀ ਉਹ ਨਿੱਗਰ ਵਾਰਤਕ ਦੀ ਸਿਰਜਣਾ ਕਰ ਸਕਦਾ ਹੈ। ਉਹਨਾਂ ਭਾਈ ਵੀਰ ਸਿੰਘ, ਗੁਰਬਖਸ਼ ਸਿੰਘ ਅਤੇ ਹਰਭਜਨ ਸਿੰਘ ਦੀ ਵਾਰਤਕ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ।
ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਵਾਈਸ-ਚਾਂਸਲਰ, ਡਾ. ਜਸਪਾਲ ਸਿੰਘ, ਨੇ ਕਿਹਾ ਜਿਨ੍ਹਾਂ ਸਾਹਿਤਕ ਰਚਨਾਵਾਂ ਵਿਚ ਸਿਧਾਂਤ, ਸੰਕਲਪ ਅਤੇ ਗਿਆਨ ਦਾ ਖਜ਼ਾਨਾ ਹੋਵੇ ਉਹ ਰਚਨਾਵਾਂ ਹੀ ਲੰਮੇ ਸਮੇਂ ਤੱਕ ਜੀਵਤ ਰਹਿ ਸਕਦੀਆਂ ਹਨ। ਇਸ ਪੱਖ ਤੋਂ ਪੰਜਾਬੀ ਦੀ ਵਾਰਤਕ ਮੁੱਲਵਾਨ ਹੈ। ਉਹਨਾਂ ਭਾਈ ਵੀਰ ਸਿੰਘ ਦੀ ਵਾਰਤਕ ਦੇ ਕੁਝ ਨਮੂਨੇ ਪੇਸ਼ ਕੀਤੇ। ਵਿਸ਼ੇਸ਼ ਮਹਿਮਾਨ, ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਸਾਹਿਤ, ਭਾਸ਼ਾ ਤੇ ਸਭਿਆਚਾਰ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਨੇ ਉੱਤਰੀ ਭਾਰਤ ਵਿਚ ਅਜਿਹਾ ਮਾਹੌਲ ਸਿਰਜਿਆ ਹੈ ਜੋ ਦੂਜਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ।
ਪ੍ਰੋਫੈਸਰ ਰਵੇਲ ਸਿੰਘ, ਦਿੱਲੀ ਯੂਨੀਵਰਸਿਟੀ, ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਗੁਰੂ ਨਾਨਕ ਦੀਆਂ ਉਦਾਸੀਆਂ ਨਾਲ ਹੀ ਪੰਜਾਬੀ ਵਾਰਤਕ ਦਾ ਆਰੰਭ ਹੁੰਦਾ ਹੈ। ਜਨਮਸਾਖੀਆਂ, ਸਾਖੀਆਂ ਅਤੇ ਗੋਸ਼ਟਾਂ ਵਿਚ ਜੀਵਨ ਦੇ ਬਿਰਤਾਂਤ ਅਤੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਸਮੇਂ ਦੇ ਵੱਖ-ਵੱਖ ਪੜਾਵਾਂ ‘ਤੇ ਵਾਰਤਕ ਦਾ ਰੂਪ ਬਦਲਦਾ ਗਿਆ। ਇਸ ̕ਤੇ ਸਮਾਜ ਸੁਧਾਰ ਲਹਿਰਾਂ ਅਤੇ 1947 ਦੀ ਵੰਡ ਦਾ ਵੀ ਪ੍ਰਭਾਵ ਪਿਆ। ਉਹਨਾਂ ਕਿਹਾ ਅਜੋਕੀ ਵਾਰਤਕ ਸੂਚਨਾ ਕ੍ਰਾਂਤੀ ਦਾ ਪ੍ਰਭਾਵ ਕਬੂਲ ਰਹੀ ਹੈ। ਡਿਜੀਟਲ ਸਾਹਿਤ ਲਿਖਤੀ ਸਾਹਿਤ ਵਾਂਗ ਗੰਭੀਰ ਸਾਹਿਤ ਦੀ ਤਰਜਮਾਨੀ ਨਹੀਂ ਕਰਦਾ। ਇਸ ਲਈ ਨਵੀਂ ਵਾਰਤਕ ਨੂੰ ਮੁੜ ਵਾਚਨ ਦੀ ਲੋੜ ਹੈ।
ਵਿਸ਼ੇਸ਼ ਮਹਿਮਾਨ, ਡਾ. ਐਸ. ਪੀ ਸਿੰਘ (ਸਾਬਕਾ ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਕਿਹਾ ਵਾਰਤਕ ਦੇ ਇਕ ਪੜਾਅ ̕ਤੇ 19ਵੀਂ ਸਦੀ ਦੇ ਵਾਰਤਕਕਾਰਾਂ ਨੇ ਵਾਰਤਕ ਵਿਚ ਆਪਣਾ ਵੱਖਰਾ ਮੁਹਾਂਦਰਾ ਪੈਦਾ ਕੀਤਾ। ਅਜਿਹਾ ਸ਼ੈਲੀ ਦਾ ਵਖਰੇਵਾਂ ਨਰੋਈਆਂ ਸਾਹਿਤਕ ਰਚਨਾਵਾਂ ਦਾ ਅਧਾਰ ਬਣਿਆ। ਉਹਨਾਂ ਕਿਹਾ ਅੱਜ ਵਾਰਤਕ ਦੇ ਵੱਖ-ਵੱਖ ਪਸਾਰਾਂ ਨੂੰ ਵਿਚਾਰਨ ਦੀ ਲੋੜ ਹੈ, ਜਿਸ ਦੇ ਲਈ ਇਹ ਕਾਨਫ਼ਰੰਸ ਮਹੱਤਪੂਰਨ ਮੰਚ ਸਾਬਤ ਹੋਵੇਗੀ।
ਡਾ. ਗੁਰਨਾਮ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਕਾਨਫ਼ਰੰਸ ਵਿਚ ਸ਼ਾਮਲ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਡਾ. ਗੁਰਨਾਇਬ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਵੈੱਬਸਾਈਟ ਅਤੇ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।

Leave a Reply

Your email address will not be published. Required fields are marked *