ਮੁੱਖ ਮੰਤਰੀ ਵੱਲੋਂ ਲੜਕੀਆਂ ਨੂੰ ਹੋਰ ਹੁਨਰਮੰਦ ਬਣਾਉਣ ਦੀ ਲੋੜ ‘ਤੇ ਜ਼ੋਰ
ਮੋਹਾਲੀ 15 ਦਸੰਬਰ (ਮਧੂਸਾਰ ਬਿਊਰੋ)
ਵੱਖ—ਵੱਖ ਸਿਖਲਾਈ ਸੰਸਥਾਵਾਂ ਰਾਹੀਂ ਸੂਬਾ ਭਰ ਦੇ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਹੋਰ ਵੀ ਜ਼ਿਆਦਾ ਹੁਨਰਮੰਦ ਤੇ ਰੁਜ਼ਗਾਰ ਹਾਸਲ ਕਰਨ ਦੇ ਯੋਗ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਇਸ ਦਿਸ਼ਾ ਵੱਲ ਇਕ ਕਾਰਗਰ ਕਦਮ ਹੈ।
ਇੰਸਟੀਚਿਊਟ ਦੀ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਮੁੱਖ ਸੰਸਥਾ ਸਾਲ 2015 ਵਿੱਚ ਖੋਲ੍ਹੀ ਗਈ ਸੀ ਜਿਸ ਦਾ ਮੁੱਖ ਉਦੇਸ਼ ਸੂਬਾ ਭਰ ਦੀਆਂ ਯੋਗ ਲੜਕੀਆਂ ਨੂੰ ਸਿਖਲਾਈ ਅਤੇ ਜ਼ਰੂਰੀ ਸਿਖਲਾਈ ਮੁਹੱਈਆ ਕਰਵਾਉਣਾ ਸੀ ਤਾਂ ਜੋ ਉਹ ਫੌਜ ਵਿੱਚ ਅਫਸਰ ਭਰਤੀ ਹੋਣ ਦੇ ਕਾਬਲ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਰਿਹਾਇਸ਼ੀ ਸਿਖਲਾਈ ਸੰਸਥਾ ਹੈ ਜੋ ਕਿ ਲੜਕੀਆਂ ਦੇ ਸ਼ਸ਼ਕਤੀਕਰਨ ਲਈ ਸਥਾਪਤ ਕੀਤੀ ਗਈ ਸੀ। ਇਸ ਦਾ ਉਦੇਸ਼ ਉਨ੍ਹਾਂ ਨੂੰ ਰੱਖਿਆ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਲਈ ਮੌਕਾ ਪ੍ਰਦਾਨ ਕਰਨਾ ਸੀ। ਸ. ਬਾਦਲ ਨੇ ਕਿਹਾ ਦੇਸ਼ ਵਿੱਚ ਇਹ ਆਪਣੇ ਕਿਸਮ ਦਾ ਪਹਿਲਾ ਇੰਸਟੀਚਿਊਟ ਹੈ ਜਿੱਥੇ ਲੜਕੀਆਂ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਉਂਦੀਆਂ ਹਨ। ਇੱਥੇ ਇਨ੍ਹਾਂ ਲੜਕੀਆਂ ਨੂੰ ਅਫਸਰਾਂ ਵਜੋਂ ਭਰਤੀ ਹੋਣ ਲਈ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਜੀ ਆਇਆ ਆਖਦਿਆਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਈ.ਪੀ. ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਸ. ਅਜੀਤ ਸਿੰਘ ਕੋਹਾੜ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ ਚੀਮਾ ਸ਼ਾਮਲ ਸਨ।

