ਕੈਪਟਨ ਦੇ ਮੋਤੀ ਮਹਿਲ ‘ਚ ਦੋ ਵਿਦਿਆਰਥੀ ਗਰੁੱਪਾਂ ‘ਚ ਹੋਈ ਲੜਾਈ
ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਜ਼ਖਮੀ
ਪੱਥਰਬਾਜੀ, ਪੈਟਰੋਲ ਬੰਬ, ਕਿਰਪਾਨਾਂ ਅਤੇ ਬੋਤਲਾਂ ਦੀ ਖੁੱਲ੍ਹਕੇ ਹੋਈ ਵਰਤੋਂ
ਪਟਿਆਲਾ, 16 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) :
ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਬਾਗ ਪੈਲਸ ਵਿਖੇ ਦੋ ਵਿਦਿਆਰਥੀ ਗੁੱਰਪਾਂ ਵਿਚਕਾਰ ਜੰਮ ਕੇ ਲੜਾਈ ਹੋਈ ਅਤੇ ਵਿਦਿਆਰਥੀ ਧੜਿਆਂ ਨੇ ਪੱਥਰਬਾਜ਼ੀ, ਪੈਟਰੋਲ ਬੰਬ, ਕਿਰਪਾਨਾਂ ਅਤੇ ਬੋਤਲਾਂ ਦੀ ਖੁੱਲ੍ਹਕੇ ਵਰਤੋਂ ਕੀਤੀ। ਵਿਦਿਆਰਥੀਆਂ ਦੀ ਇਸ ਝੜੱਪ ‘ਚ ਅੱਧੀ ਦਰਜਨ ਦੇ ਕਰੀਬ ਵਿਦਿਆਥੀ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਇਹ ਲੜਾਈ ਅਜ਼ਾਦ ਗਰੁੱਪ ਅਤੇ ਪੀਐਸਐਫ ਪੰਜਾਬ ਸਟੂਡੈਂਟ ਫੈਡਰੇਸ਼ਨ) ਦੇ ਸਮਰਥਕਾਂ ‘ਚ ਹੋਈ ਦੱਸੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਮੋਤੀ ਮਹਿਲ ਅੰਦਰੋ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ, ਜਦਕਿ ਹਸਪਤਾਲ ਵਿਚ ਜੇਰੇ ਇਲਾਜ ਅਜਾਦ ਗਰੁੱਪ ਦੇ ਕਾਰਕੁੰਨ ਨਾਲ ਆਏ ਅਤੇ ਗਰੁੱਪ ਦੇ ਆਗੂ ਬਲਪ੍ਰੀਤ ਸਿੰਘ ਕਾਕੂ ਨੇ ਇਲਜਾਮ ਲਗਾਇਆ ਕਿ ਉਨ੍ਹਾਂ ਉਪਰ ਪੀਐਸਐਫ ਦੇ ਸਮਰੱਥਕਾਂ ਨੇ ਹਮਲਾ ਕੀਤਾ ਹੈ, ਜਦਕਿ ਦੂਜੇ ਪਾਸੇ ਪੀਐਸਐਫ ਦੇ ਸੀਨੀਅਰ ਆਗੂ ਲਖਵਿੰਦਰ ਵਿਰਕ ਕੁਝ ਵੀ ਕਹਿਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਗਰੁੱਪਾਂ ‘ਚ ਕਈ ਸੈਂਕੜੇ ਵਿਦਿਆਰਥੀ ਸ਼ਾਮਲ ਹਨ ਇਸ ਲਈ, ਜਿਨਾਂ ਨੇ ਹਮਲਾ ਕੀਤਾ ਹੈ ਉਨ੍ਹਾਂ ਸੰਪਰਕ ਕੀਤਾ ਜਾਵੇ।
ਪ੍ਰਤੱਖਦਰਸ਼ੀਆਂ ਮੁਤਾਬਕ ਦੁਪਿਹਰ ਮੋਤੀ ਬਾਗ ਪੈਲੇਸ ਵਿਚ ਦੋ ਵਿਦਿਆਰਥੀ ਧੜਿਆਂ ‘ਚ ਲੜਾਈ ਹੋਈ ਅਤੇ ਇਸ ਲੜਾਈ ਦੌਰਾਨ ਵਿਦਿਆਰਥਾਂ ਨੇ ਪੱਥਰਬਾਜੀ, ਕੱਚ ਦੀਆਂ ਬੋਤਲਾਂ, ਪੈਟਰੌਲ ਬੋਤਲਾਂ (ਪੈਟਰੌਲ ਬੰਬ), ਡਾਂਗਾਂ ਅਤੇ ਕਿਰਪਾਨਾਂ ਦੀ ਖੁੱਲ੍ਹਕੇ ਵਰਤੋਂ ਕੀਤੀ।
ਇਸ ਸਬੰਧੀ ਫੋਨ ਤੇ ਅਜਾਦ ਗਰੁੱਪ ਦੇ ਆਗੂ ਬਲਪ੍ਰੀਤ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅਜਾਦ ਗਰੁੱਪ ਵੱਲੋਂ ਅੱਜ ਮੋਦੀ ਕਾਲਜ ਵਿਖੇ ਬਲਪ੍ਰੀਤ ਦੀ ਪ੍ਰਧਾਧਗੀ ਵਜੋਂ ਤਾਜਪੋਸੀ ਸੀ ਅਤੇ ਉਪਰੰਤ ਉਨ੍ਹਾਂ ਨੇ ਕਾਂਗਰਸ ਨੂੰ ਸਮਰੱਥਨ ਦੇਣ ਲਈ ਪੈਲੇਸ ਜਾਣਾ ਸੀ, ਜਦਕਿ ਪੀਐਸਐਫ ਗਰੁੱਪ ਦੇ ਕਈ ਸਮਰਥੱਕ ਇਨ੍ਹਾਂ ਨੂੰ ਕਾਂਗਰਸ ਨੂੰ ਸਮਰੱਥਨ ਦੇਣ ਤੋਂ ਰੋਕਦੇ ਸਨ। ਬਲਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਆਜਾਦ ਗਰੁੱਪ ਦੇ ਸਮਰੱਥਕ ਕਾਂਗਰਸ ਨੂੰ ਸਮਰੱਥਨ ਦੇਣ ਮਹਿਲ ਪੁੱਜੇ ਤਾਂ ਪੀਐਸਫ ਗਰੁੱਪ ਦੇ ਕਈ ਸਮਰੱਥ ਪਿਛੇ ਹੀ ਆ ਗਏ, ਜਿਨਾਂ ਨੇ ਆ ਕੇ ਹਮਲਾ ਬੋਲ ਦਿੱਤਾ। ਦੋਵਾਂ ਧੜਿਆਂ ਦੌਰਾਨ ਹੋਈ ਲੜਾਈ ‘ਚ ਦਰਜਨ ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ।

