ਪੰਜਾਬ

ਪੰਜਾਬ ਦੇ ਕਿਸਾਨਾ ਦੀ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਅਮਰਿੰਦਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਕਰਜਾ ਮੁਆਫ ਕਰਨ ਦੀ ਅਪੀਲ ਕਰਕੇ ਸਿਆਸੀ ਡਰਾਮੇ ਕਰ ਰਿਹੈ

ਅਮਰਿੰਦਰ ਦੱਸੇ ਕਿ ਕੇਂਦਰ ਵਿਚ ਕਾਂਗਰਸੀ ਰਾਜ ਦੌਰਾਨ ਉਸਨੇ ਡਾ. ਮਨਮੋਹਨ ਸਿੰਘ ਜਾਂ ਸੋਨਿਆ ਅੱਗੇ ਕਿਓਂ ਨਹੀਂ ਰੱਖੀ
ਚੰਡੀਗੜ੍ਹ 17 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਉਪ ਮੁੱਖ ਮੰਤਰੀ ਸੁ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੂੰ ਕਰਜਾ ਮੁਆਫੀ ਦੇ ਝੂਠੇ ਵਾਅਦੇ ‘ਤੇ ਆੜੇ ਹੱਥੀ ਲੈਂਦੇ ਹੋਇਆ ਕਿਹਾ ਕਿ ਕਿਸਾਨਾ ਦੀ ਕਰਜਾ ਮੁਆਫੀ ਦੇ ਮੁੱਦੇ ‘ਤੇ ਧੋਖਾ ਦੇਣ ਲਈ ਉਸ ਵਿਰੁੱਧ ਮੁਕੱਦਮਾ ਚਲਾਉਣਾ ਚਾਹੀਦਾ ਹੈ ਕਿਉਂਕਿ ਜੇ ਉਹ ਸੱਤਾ ਵਿਚ ਵੀ ਆ ਗਿਆ ਤਾਂ ਵੀ ਉਸਨੇ ਕਿਸੇ ਕਿਸਾਨ ਦਾ ਕੋਈ ਕਰਜਾ ਮੁਆਫ ਨਹੀਂ ਕਰਨਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਸੱਤਾ ਵਿਚ ਆਉਣ ‘ਤੇ ਕਿਸਾਨਾ ਦਾ ਕਰਜਾ ਮੁਆਫ ਕਰੇਗਾ ਜਦਕਿ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕੈਪਟਨ ਕਰਜਾ ਮੁਆਫੀ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਕੋਲ ਅਪੀਲ ਕਰਨ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਕੈਪਟਨ ਇਸ ਮੁੱਦੇ ‘ਤੇ ਲੋਕਾਂ ਨਾਲ ਝੂਠ ਬੋਲ ਰਿਹਾ ਹੈ ਜਾਂ ਉਹ ਜਾਣਦਾ ਹੈ ਕਿ ਉਹ ਕਿਸਾਨਾ ਦਾ ਕਰਜਾ ਮੁਆਫ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਕੈਪਟਨ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਇਸ ਤੋਂ ਪਹਿਲਾਂ ਵੀ ਕਾਂਗਰਸੀ ਆਗੂਆਂ ਨੇ ਚੋਣਾਂ ਤੋਂ ਪਹਿਲਾਂ ਪੰਜ ਮਰਲੇ ਦੇ ਪਲਾਟ ਮੁਫਤ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਅਜਿਹਾ ਕੋਈ ਵਾਅਦਾ ਨਹੀਂ ਨਿਭਾਇਆ।
ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੀ ਹੈਸੀਅਤ ਤੋਂ ਵੱਡਾ ਵਾਅਦਾ ਕਰ ਲਿਆ ਹੈ ਇਸ ਲਈ ਹੁਣ ਉਹ ਆਪਣੀ ਇਸ ਗਲਤੀ ਨੂੰ ਛੁਪਾਉਣ ਲਈ ਪ੍ਰਧਾਨ ਮੰਤਰੀ ਕੋਲੋਂ ਮੱਦਦ ਮੰਗਣ ਲਈ ਪਹੁੰਚ ਗਿਆ ਹੈ। ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਅਮਰਿੰਦਰ ਨੇ ਕੇਂਦਰ ਵਿਚ ਕਾਂਗਰਸ ਦੇ 10 ਸਾਲਾਂ ਰਾਜ ਦੌਰਾਨ ਅਜਿਹੀ ਮੰਗ ਕਿਉਂ ਨਹੀਂ ਕੀਤੀ। ਉਨ੍ਹਾਂ ਪੁੱਛਿਆ ਕਿ ਕੀ ਅਮਰਿੰਦਰ ਜਾਂ ਉਸ ਦੇ ਕਿਸੇ ਨੁਮਾਂਇੰਦੇ ਨੇ ਕਿਸਾਨੀ ਕਰਜੇ ਮੁਆਫ ਕਰਨ ਸਬੰਧੀ ਡਾ. ਮਨਮੋਹਨ ਸਿੰਘ ਜਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲ ਪਹੁੰਚ ਕੀਤੀ ਸੀ? ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕਿਸੇ ਕਾਂਗਰਸੀ ਰਾਜ ਵਾਲੇ ਸੂਬੇ ਵਿਚ ਕਿਸਾਨਾਂ ਦੇ ਕਰਜੇ ਮੁਆਫ ਕਰਨ ਲਈ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਕੇਂਦਰ ਸਰਕਾਰ ਨੇ ਕੀ ਕੀਤਾ ਹੈ?
ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਵੀ ਕਿਸਾਨਾ ਦੀ ਭਲਾਈ ਲਈ ਡੱਕਾ ਤੱਕ ਨਹੀਂ ਤੋੜਿਆ ਬਲਕਿ ਸ. ਪਰਕਾਸ਼ ਸਿੰਘ ਬਾਦਲ ਵਲੋਂ ਦਿੱਤੀ ਜਾ ਰਹੀ ਮੁਫਤ ਬਿਜਲੀ ਵੀ ਬੰਦ ਕਰ ਦਿੱਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਵਿਅੰਗ ਕਸਦੇ ਕਿਹਾ ਕਿ ਬੀਤੇ ਕੱਲ ਅਮਰਿੰਦਰ ਨੇ ਕੇਜਰੀਵਾਲ ਵਾਂਗ ਡਰਾਮਾ ਕਰਦਿਆਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤਾਂ ਕੀਤੀ, ਪਰ ਇਹ ਸਪਸ਼ਟ ਹੈ ਕਿ ਉਹ ਸੱਤਾ ਵਿਚ ਆਉਣ ‘ਤੇ ਕਿਸੇ ਵੀ ਕਿਸਾਨ ਦਾ ਕਰਜਾ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਮਰਿੰਦਰ ਕਿਸਾਨਾਂ ਨਾਲ ਝੂਠ ਬੋਲ ਰਿਹਾ ਹੈ ਅਤੇ ਧੋਖੇ ਵਿਚ ਰੱਖ ਰਿਹਾ ਹੈ ਕਿਉਂਕਿ ਉਸ ਵਲੋਂ ਕਿਸਾਨਾ ਕੋਲੋ ਭਰਵਾਏ ਫਾਰਮਾਂ ਦੀ ਕੋਈ ਕਾਨੂੰਨੀ ਮਾਨਤਾ ਨਹੀ ਹੈ।
ਸ. ਬਾਦਲ ਨੇ ਕਿਹਾ ਕਿ ਅਮਰਿੰਦਰ ਅਜਿਹਾ ਕੁੱਝ ਇਸ ਲਈ ਕਰ ਰਿਹਾ ਹੈ ਕਿਉਕਿ ਪੰਜਾਬ ਦੇ ਲੋਕਾਂ ਨੇ ਉਸ ਨੂੰ 10 ਸਾਲ ਸੱਤਾ ਤੋਂ ਬਾਹਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਮਰਿੰਦਰ ਨਾ ਤਾਂ ਸੂਬੇ ਵਿਚ ਰਿਹਾ ਅਤੇ ਨਾ ਹੀ ਉਹ ਪੰਜਾਬ ਦੇ ਲੋਕਾਂ ਨੂੰ ਮਿਲਿਆ। ਇਸ ਲਈ ਅਮਰਿੰਦਰ ਨੂੰ ਕੁੱਝ ਨਹੀਂ ਪਤਾ ਕਿ ਪੰਜਾਬ ਵਿਚ ਕੀ ਕੁਝ ਵਾਪਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਜੇ ਅਮਰਿੰਦਰ ਪੰਜਾਬ ਵਿਚ ਹੁੰਦਾ ਤਾਂ ਉਸ ਨੂੰ ਪਤਾ ਹੋਣਾ ਸੀ ਕਿ ਸੂਬੇ ਦੇ ਕਿਸਾਨਾ ਲਈ ਮੁੱਖ ਮੰਤਰੀ ਬਾਦਲ ਸਾਹਿਬ ਨੇ ਕਿੰਨੀਆਂ ਹੀ ਭਲਾਈ ਸਕੀਮਾਂ ਚਲਾਈਆਂ ਹੋਈਆਂ ਹਨ, ਜਿਸ ਵਿਚ ਫਸਲੀ ਨੁਕਸਾਨ ਲਈ ਪ੍ਰਤੀ ਏਕੜ ਸਭ ਤੋਂ ਜਿਆਦਾ ਮੁਆਵਜਾ, ਕਿਸਾਨਾ ਲਈ ਮੁਫਤ ਸਿਹਤ ਬੀਮਾ ਅਤੇ ਮੁਫਤ ਬਿਜਲੀ ਆਦਿ ਸ਼ਾਮਲ ਹਨ।
ਸ. ਬਾਦਲ ਨੇ ਕਿਹਾ ਕਿ ਇਥੇ ਹੀ ਬਸ ਨਹੀ ਬਲਕਿ ਹੁਣ ਕੋਈ ਵੀ ਆੜਤੀਆ ਕਿਸਾਨਾ ਨੂੰ ਦਿੱਤੇ ਕਰਜੇ ਦੀ ਮੂਲ ਰਕਮ ਤੋਂ ਜਿਆਦਾ ਵਿਆਜ ਨਹੀਂ ਲੈ ਸਕੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਰਜ ਸਮਝੌਤਾ ਟ੍ਰਿਬਿਉਨਲ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਨਾਲ ਕਿਸਾਨਾ ਦੇ ਝਗੜਿਆਂ ਦਾ ਤੇਜੀ ਨਾਲ ਨਿਪਟਾਰਾ ਹੋ ਸਕੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਹਾਲ ਹੀ ਵਿਚ ਕਿਸਾਨਾ ਨੂੰ 50000 ਰੁਪਏ ਤੱਕ ਦਾ ਵਿਆਜ ਰਹਿਤ ਫਸਲੀ ਕਰਜਾ ਦੇਣਾ ਸ਼ੁਰੂ ਕੀਤਾ ਹੈ ਜਿਸ ਨਾਲ ਕਿ ਛੋਟੇ ਕਿਸਾਨਾ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾ ਨੂੰ ਬਹੁਤ ਹੀ ਵਾਜਬ ਵਿਆਜ ਦਰ ‘ਤੇ ਸਹਿਕਾਰੀ ਕਰਜੇ ਦੇਣੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਕੇਂਦਰੀ ਬਜਟ ਵਿਚ ਵੀ ਕਿਸਾਨਾਂ ਦੀ ਭਲਾਈ ਲਈ ਕਾਫੀ ਕੁਝ ਹੋਵੇਗਾ।
ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਗੱਲਾਂ ਨਾਲ ਇਹ ਸਿੱਧ ਹੋ ਗਿਆ ਹੈ ਕਿ ਅਮਰਿੰਦਰ ਨੇ ਕਿਸਾਨਾ ਨਾਲ ਜੋ ਵਾਅਦੇ ਕੀਤੇ ਹਨ ਉਸ ਤੋਂ ਜਿਆਦਾ ਪੰਜਾਬ ਸਰਕਾਰ ਪਹਿਲਾਂ ਹੀ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਹੀ ਕਾਰਨ ਹੈ ਬਾਦਲ ਸਾਹਿਬ ਨੂੰ ਕਿਸਾਨ ਆਪਣਾ ਮਸੀਹਾ ਮੰਨਦੇ ਹਨ ਜੋ ਕਿ ਕਿਸਾਨਾ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਚੱਟਾਨ ਵਾਂਗ ਖੜੇ ਰਹਿੰਦੇ ਹਨ। ਸ. ਬਾਦਲ ਨੇ ਕਿਹਾ ਕਿ ਇਸ ਤੋਂ ਉਲਟ ਕੈਪਟਨ ਅਮਰਿੰਦਰ ਨੇ ਹਮੇਸ਼ਾ ਕਿਸਾਨਾ ਨਾਲ ਧੋਖਾ ਕੀਤਾ ਹੈ ਅਤੇ ਹੁਣ ਵੀ ਉਹ ਆਪਣੇ ਝੂਠੇ ਵਾਅਦੇ ਰਾਹੀਂ ਕਿਸਾਨਾ ਨੂੰ ਮੂਰਖ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

Leave a Reply

Your email address will not be published. Required fields are marked *