ਖ਼ਾਲਸਾ ਕਾਲਜ ਪਟਿਆਲਾ ਵੱਲੋਂ ‘ਆਈ.ਟੀ. ਦੇ ਖੇਤਰ ਵਿਚ ਮੌਜੂਦਾ ਰੁਝਾਨ’ ਦੇ ਵਿਸ਼ੇ ‘ਤੇ ਸੈਮੀਨਾਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਬੀ.ਵਾਕ. ਸਾਫ਼ਟਵੇਅਰ ਡਿਵੈੱਲਪਮੈਂਟ ਦੇ ਵਿਦਿਆਰਥੀਆਂ ਲਈ ‘ਆਈ.ਟੀ. ਦੇ ਖੇਤਰ ਵਿਚ ਮੌਜੂਦਾ ਰੁਝਾਨ’ ਦੇ ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਕਬਾਲੀਕਰੁਤ ਗਰੁੱਪ ਦੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਬਰਖਾ ਮਲਹੋਤਰਾ, ਫਾਈਨਾਂਸ ਇਗਜ਼ੈਕੁਟਿਵ, ਕਬਾਲੀਕਰੁਤ ਗਰੁੱਪ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਉਹਨਾਂ ਨੂੰ ਅਜੋਕੇ ਤਕਨਾਲੋਜੀ ਦੇ ਯੁੱਗ ਵਿਚ ਸਾਫ਼ਟਵੇਅਰ ਡਿਵੈੱਲਪਮੈਂਟ ਅਤੇ ਵੋਕੇਸ਼ਨਲ ਕੋਰਸਾਂ ਦੀ ਮਹੱਤਤਾ ਵਿਸ਼ੇ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਵਧ ਰਹੀ ਸਾਫ਼ਟਵੇਅਰ ਦੀ ਲੋੜ ਅਤੇ ਮੰਗ ਬਾਰੇ ਜਾਣੂ ਕਰਵਾਉਂਦਿਆਂ ਇਸ ਖੇਤਰ ਵਿਚ ਰੁਜ਼ਗਾਰ ਪ੍ਰਾਪਤੀ ਲਈ ਜਾਗਰੂਕ ਅਤੇ ਉਤਸ਼ਾਹਿਤ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਦਮ ਬੇਰੁਜ਼ਗਾਰੀ ਦੇ ਇਸ ਦੌਰ ਵਿਚ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦਿਖਾਉਣ ਵਿਚ ਸਹਾਈ ਹੁੰਦੇ ਹਨ।
ਵਿਭਾਗ ਦੇ ਮੁਖੀ ਪ੍ਰੋ. ਸੁਖਮੀਨ ਕੌਰ ਨੇ ਕਿਹਾ ਕਿ ਵਿਭਾਗ ਹਮੇਸ਼ਾਂ ਹੀ ਯਤਨਸ਼ੀਲ ਰਹਿੰਦਾ ਹੈ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਏ ਤਾਂ ਜੋ ਉਹ ਜ਼ਿੰਦਗੀ ਵਿਚ ਸਫ਼ਲਤਾ ਹਾਸਿਲ ਕਰਨ।ਪ੍ਰੋ. ਜਤਿੰਦਰ ਕੌਰ, ਨੋਡਲ ਅਫ਼ਸਰ, ਬੀ.ਵਾਕ.ਸਾਫਟਵੇਅਰ ਡਿਵੈੱਲਪਮੈਂਟ ਨੇ ਕਬਾਲੀਕਰੁਤ ਗਰੁੱਪ ਤੋਂ ਆਏ ਸਮੂਹ ਸਟਾਫ਼ ਦਾ ਸਵਾਗਤ ਕੀਤਾ।

