ਅਕਾਲੀ ਦਲ ਦਾ ਅਮਰਿੰਦਰ ‘ਤੇ ਪਲਟਵਾਰ : ਲੋਕਾਂ ਨੂੰ ਤੁਸੀਂ ਧੋਖਾ ਦਿੱਤਾ, ਅਕਾਲੀ ਦਲ-ਭਾਜਪਾ ਸਰਕਾਰ ਨੇ ਵਾਅਦਾ ਨਿਭਾਇਆ : ਸਿਰਸਾ
ਚੰਡੀਗੜ੍ਹ, 22 ਦਸੰਬਰ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਉਸ ਬਿਆਨ ‘ਤੇ ਸਖ਼ਤੀ ਪ੍ਰਤੀਕਰਮ ਪ੍ਰਗਟ ਕੀਤਾ ਜਿਸ ਵਿਚ ਉਹਨਾਂ ਦਾਅਵਾ ਕੀਤਾ ਸੀ ਕਿ ਲੋਕ ਸੱਤਾਧਾਰੀ ਗਠਜੋੜ ਖਿਲਾਫ ਠੋਕਵਾਂ ਪਲਟਵਾਰ ਕਰਨਗੇ ਅਤੇ ਪਾਰਟੀ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਵੱਲੋਂ ਸੱਤਾ ਵਿਚ ਹੁੰਦਿਆਂ ਲੋਕ ਹਿਤਾਂ ਨਾਲ ਕੀਤੇ ਧੋਖੇ ਤੇ ਵਿਸ਼ਵਾਸਘਾਤ ਲਈ ਜਨਤਾ ਉਹਨਾਂ ਨੂੰ ‘ਲਗਾਤਾਰ ਸਜ਼ਾ’ ਦੇ ਰਹੀ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਪਾਰਟੀ ਦੇ ਬੁਲਾਰੇ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਧੋਖੇ ਤੇ ਵਿਸ਼ਵਾਸਘਾਤ ਦੀ ਆਦਤ ਵਾਲੀ ਸ਼ਖਸੀਅਤ ਕੈਪਟਨ ਅਮਰਿੰਦਰ ਸਿੰਘ ਦੀ ਬੇਸ਼ਰਮੀ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਜੋ ਹਾਲੇ ਵੀ ਆਪਣੇ ਆਪ ਨੂੰ ਬਹੁਤ ਚੰਗਾ ਆਗੂ ਮੰਨਦੇ ਹਨ ਤੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਨ ਵਾਲਿਆਂ ਨੂੰ ਕਸੂਰਵਾਰ ਠਹਿਰਾਉਂਦੇ ਹਨ।
ਅਕਾਲੀ ਆਗੂ ਨੇ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕੀ ਉਹ ਭੁੱਲ ਗਏ ਹਨ ਕਿ 2002 ਵਿਚ ਸੱਤਾ ਸੰਭਾਲਦਿਆਂ ਹੀ ਉਹਨਾਂ ਨੇ ਸੂਬੇ ਵਿਚ ਨੌਕਰੀਆਂ ‘ਤੇ ਭਰਤੀ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਤੇ ਰਾਜ ਦੇ ਲੱਖਾਂ ਮੁੰਡੇ ਕੁੜੀਆਂ ਦਾ ਜੀਵਨ ਬਰਬਾਦ ਕਰ ਦਿੱਤਾ ? ਉਹਨਾਂ ਹੋਰ ਕਿਹਾ ਕਿ 2002 ਦੀਆਂ ਚੋਣਾਂ ਦੌਰਾਨ ਉਹਨਾਂ ਨੇ ਤਤਕਾਲੀ ਬਾਦਲ ਸਰਕਾਰ ਵੱਲੋਂ ਗਰੀਬ ਕਿਸਾਨਾਂ ਲਈ ਸ਼ੁਰੂ ਕੀਤੀ ਮੁਫਤ ਬਿਜਲੀ ਦੀ ਯੋਜਨਾ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ ਪਰ ‘ਸਿੰਘਾਸਨ’ ‘ਤੇ ਬਹਿੰਦਿਆਂ ਹੀ ਉਹਨਾਂ ਨੇ ਇਹਨਾਂ ਹੀ ਕਿਸਾਨਾਂ ਸਿਰ ਬਿਜਲੀ ਦੇ ਬਿੱਲਾਂ ਦਾ ਭਾਰ ਪਾ ਦਿੱਤਾ ਜਿਹੜੇ ਕਿਸਾਨਾਂ ਨੂੰ ਹੁਣ ਉਹ ਕਰਜ਼ਾ ਮੁਆਫ ਕਰਨ ਦੇ ਵੱਡੇ ਵੱਡੇ ਵਾਅਦੇ ਕਰ ਰਹੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਸਿਰਫ ਇਹੀ ਦੋ ਮੁਹਾਜ਼ਮ ਨਹੀਂ ਬਲਕਿ ਅਨੇਕਾਂ ਮੁੱਦੇ ਹਨ ਜਿਸ ‘ਤੇ ਅਮਰਿੰਦਰ ਸਿੰਘ ਨੇ ਰਾਜ ਦੇ ਲੋਕਾਂ ਨਾਲ ਧੋਖਾਦੇਹੀ ਕੀਤੀ। ਉਹਨਾ ਕਿਹਾ ਕਿ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਰਾਜਕਾਲ ਦੌਰਾਨ ਲੋਕ ਭਲਾਈ ਯੋਜਨਾ ਦੀ ਇਕ ਵੀ ਯੋਜਨਾ ਨਹੀਂ ਉਲੀਕੀ ਗਈ ਤੇ ਰਾਜ ਵਿਚ ਵਿਕਾਸ ਕਾਰਜਾਂ ਕਰਵਾਉਣ ਦੀ ਤਾਂ ਉਹਨਾਂ ਨੇ ਉੱਕਾ ਹੀ ਕੋਈ ਪਰਵਾਹ ਨਹੀਂ ਕੀਤੀ।
ਉਹਨਾਂ ਨੇ ਸੂਬਾਈ ਕਾਂਗਰਸ ਮੁਖੀ ਨੂੰ ਚੇਤੇ ਕਰਵਾਇਆ ਕਿ ਆਮ ਆਦਮੀ ਦੀ ਗੱਲ ਤਾਂ ਛੱਡੋ ਉਦੋਂ ਉਹਨਾਂ ਦੇ ਆਪਣੇ ਮੰਤਰੀ ਵੀ ਉਹਨਾਂ ਦੇ ‘ਮੌਜ ਮਸਤੀ ਤੇ ਅਯਾਸ਼ੀ ਭਰੇ ਜੀਵਨ ‘ ਦੇ ਰੁਝੇਵਿਆਂ ਕਾਰਨ ਉਹਨਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਸਨ।
ਸ੍ਰੀ ਸਿਰਸਾ ਨੇ ਕਿਹਾ ਕਿ ਦੂਜੇ ਪਾਸੇ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਵਿਚ ਲਾਮਿਸਾਲ ਵਿਕਾਸ ਕਰਵਾਏ, ਰਾਜ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ, ਸੂਬੇ ਨੂੰ ਵਿਕਾਸ ਤੇ ਤਰੱਕੀ ਦੇ ਨਵੇਂ ਰਾਹ ‘ਤੇ ਲਿਜਾਣ ਲਈ ਅਣਗਿਣਤ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਤੇ ਨੌਜਵਾਨਾਂ ਲਈ ਵੱਡੀ ਪੱਧਰ ‘ਤੇ ਭਰਤੀ ਮੁਹਿੰਮ ਚਲਾਈ।
ਅਕਾਲੀ ਆਗੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਮੁਖੀ ਨੂੰ ਚੇਤੇ ਕਰਵਾਇਆ ਕਿ ਪਿਛਲੇ 10 ਸਾਲਾਂ ਵਿਚ ਲਗਾਤਾਰ ਹੋਈਆਂ ਚੋਣਾਂ ਵਿਚ ਰਾਜ ਦੇ ਲੋਕ ਉਹਨਾਂ ਨੂੰ ਕਰਾਰੀ ਹਾਰ ਦੇ ਕੇ ਸਬਕ ਸਿਖਾਉਂਦੇ ਆ ਰਹੇ ਹਨ ਅਤੇ ਇਸ ਵਾਰ ਉਹਨਾਂ ਨੂੰ ਕਲੀਨ ਬੋਲਡ ਕਰ ਕੇ ਰਾਜਨੀਤੀ ਤੋਂ ਸਥਾਈ ਤੌਰ ‘ਤੇ ਰਿਟਾਇਰ ਕਰ ਦਿੱਤਾ ਜਾਵੇਗਾ। ਸ੍ਰੀ ਸਿਰਸਾ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਉਹ ਸਮਾਂ ਰਹਿੰਦੇ ਰਾਜ ਦੇ ਲੋਕਾਂ ਦੀ ਨਬਜ਼ ਪਛਾਣ ਲੈਣ।

