ਪੰਜਾਬਪਟਿਆਲਾ

ਚੋਣ ਸਮੱਗਰੀ ਦੀ ਛਪਾਈ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਨਾਉਣ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ – ਸ਼ੌਕਤ ਅਹਿਮਦ ਪਰੇ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਤੇ ਨੁਮਾਇੰਦਿਆਂ ਨਾਲ ਮੀਟਿੰਗ
ਸਹਿਯੋਗ ਨਾ ਕਰਨਾ ਅਤੇ ਨਿਯਮਾਂ ਦੀ ਉਲੰਘਣਾ ਪੈ ਸਕਦੀ ਹੈ ਭਾਰੀ
ਪਟਿਆਲਾ, 8 ਮਾਰਚ (ਮਧੂਸਾਰ ਬਿਊਰੋ) ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਚੱਲਦੀਆਂ ਸਮੂਹ ਪਿੰ੍ਰਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਚੋਣ ਸਮੱਗਰੀ ਦੀ ਪ੍ਰਕਾਸ਼ਨਾ ਵੇਲੇ ਚੋਣ ਜ਼ਾਬਤੇ ਦੀ ਪਾਲਣਾ ਕਰਨ ਸਬੰਧੀ ਲੋੜੀਂਦੀਆਂ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ।

ਜ਼ਿਲ੍ਹੇ ਵਿਚਲੀਆਂ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਅਤੇ ਨੁਮਾਇੰਦਿਆਂ ਨਾਲ ਇੱਕ ਜਰੂਰੀ ਮੀਟਿੰਗ ਕਰਕੇ ਉਨ੍ਹਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਨਾ ਕਰਨਾ ਅਤੇ ਨਿਯਮਾਂ ਦੀ ਉਲੰਘਣਾ ਭਾਰੀ ਪੈ ਸਕਦੀ ਹੈ।
ਸ੍ਰੀ ਪਰੇ ਨੇ ਕਿਹਾ ਕਿ ਪ੍ਰਿਟਿੰਗ ਪ੍ਰੈਸਾਂ ਦੇ ਮਾਲਕ ਇਹ ਯਕੀਨੀ ਬਣਾਉਣ ਕਿ ਹਰੇਕ ਪੋਸਟਰ, ਪੈਂਫਲਿਟ, ਫਲੈਕਸ ਜਾਂ ਇਸ਼ਤਿਹਾਰ ਆਦਿ ‘ਤੇ ਛਾਪਕ ਅਤੇ ਪ੍ਰਕਾਸ਼ਕ ਦਾ ਨਾਂ ਅਤੇ ਪਤਾ ਲਾਜ਼ਮੀ ਛਾਪਿਆ ਜਾਵੇ। ਇਸ ਤੋਂ ਬਿਨ੍ਹਾਂ ਜੇ ਕੋਈ ਵਿਅਕਤੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਦਾ ਪੋਸਟਰ, ਪੈਂਫਲਿਟ ਆਦਿ ਛਪਵਾਉਂਦਾ ਹੈ ਤਾਂ ਸਬੰਧਤ ਉਮੀਦਵਾਰ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਅਤੇ ਨਾਲ ਹੀ ਪ੍ਰਕਾਸ਼ਿਤ ਕਰਵਾਉਣ ਵਾਲੇ ਦੀ ਸ਼ਨਾਖਤ ਸਬੰਧੀ ਸਬੂਤ ਅਤੇ ਦੋ ਗਵਾਹਾਂ ਦੇ ਦਸਤਖ਼ਤ ਵੀ ਲਏ ਜਾਣ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਪੈਂਫਲਿਟ ਅਤੇ ਇਸ਼ਤਿਹਾਰ ਛਾਪਣ ਅਤੇ ਛਪਵਾਉਣ ਵਾਲੇ ਨੂੰ ਆਪਣੀ ਸ਼ਨਾਖਤ ਸਬੰਧੀ ਹਸਤਾਖ਼ਰਤ ਕੀਤਾ ਅਤੇ ਉਸ ਨੂੰ ਨਿੱਜੀ ਤੌਰ ‘ਤੇ ਜਾਨਣ ਵਾਲੇ ਦੋ ਵਿਅਕਤੀਆਂ ਦੁਆਰਾ ਤਸਦੀਕ ਕੀਤਾ ਹੋਇਆ ਪ੍ਰੋਫਾਰਮਾ ‘ਏ’ ਛਾਪਕ ਨੂੰ ਦੋਹਰੀ ਪੜਤ ‘ਚ ਦੇਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਦਸਤਾਵੇਜ਼ ਦੇ ਛਪਣ ਤੋਂ ਬਾਅਦ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰੋਫਾਰਮਾ ‘ਬੀ’ ਦੀ ਇੱਕ ਕਾਪੀ ਅਤੇ ਛਾਪੇ ਪੈਂਫਲੇਟ ਦੀਆਂ 4 ਕਾਪੀਆਂ ਸਮੇਤ ਜ਼ਿਲ੍ਹਾ ਮੈਜਿਸਟਰੇਟ ਨੂੰ ਭੇਜਣੀ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਜ਼ਿਲ੍ਹੇ ‘ਚ ਸਮੇਂ-ਸਮੇਂ ‘ਤੇ ਪ੍ਰਿੰਟਿੰਗ ਪ੍ਰੈਸਾਂ ਦੀ ਅਚਨਚੇਤੀ ਪੜਤਾਲ ਵੀ ਕੀਤੀ ਜਾਵੇਗੀ ਅਤੇ ਜੇ ਕਿਸੇ ਪ੍ਰਿੰਟਿੰਗ ਪ੍ਰੈਸ ਵਿੱਚ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਪਰੇ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਉਮੀਦਵਾਰ ਲਈ ਚੋਣ ਖ਼ਰਚ ਦੀ ਸੀਮਾ ਨਿਰਧਾਰਤ ਕੀਤੀ ਹੋਣ ਕਰਕੇ ਉਮੀਦਵਾਰਾਂ ਵੱਲੋਂ ਕੀਤੇ ਖ਼ਰਚ ਦਾ ਰਿਕਾਰਡ ਰੱਖਣਾ ਹੁੰਦਾ ਹੈ ਇਸ ਲਈ ਪ੍ਰਚਾਰ ਸਮੱਗਰੀ ਦੀ ਛਪਾਈ ਦੌਰਾਨ ਨਿਯਮਾਂ ਦਾ ਪਾਲਣ ਕੀਤਾ ਜਾਵੇ ਪਰ ਅਜਿਹਾ ਨਾ ਕਰਨ ਦੀ ਸੂਰਤ ‘ਚ ਰੀਪ੍ਰੈਜੈਂਟੇਸ਼ਨ ਆਫ਼ ਦੀ ਪੀਪਲ ਐਕਟ 1957 ਦੀ ਧਾਰਾ 127-ਏ ਤਹਿਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਧਾਰਨ ਹਾਲਤਾਂ ਵਿੱਚ ਵੀ ਹਰ ਪ੍ਰਿੰਟਿੰਗ ਪ੍ਰੈਸ ਨੇ ਹਰ ਕਿਸਮ ਦੇ ਪੋਸਟਰ, ਪ੍ਰਕਾਸ਼ਿਤ ਸਮੱਗਰੀ ‘ਤੇ ਛਾਪਣ ਵਾਲੇ ਦਾ ਨਾਂ ਲਿਖਣਾ ਹੁੰਦਾ ਹੈ ਤਾਂ ਜੋ ਪੰਜਾਬ ਡੀਫੇਸਮੈਂਟ ਆਫ਼ ਪਬਲਿਕ ਪ੍ਰਾਪਰਟੀ ਐਕਟ ਹੇਠ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ਾਬਤਾ ਕਾਰਵਾਈ ਕੀਤੀ ਜਾ ਸਕੇ।
ਸ੍ਰੀ ਪਰੇ ਨੇ ਸਮੂਹ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਕਿਹਾ ਕੀਤੀ ਕਿ ਲੋਕਤੰਤਰ ਦੀ ਇਸ ਮਹਾਨ ਪ੍ਰਕ੍ਰਿਆ ‘ਲੋਕ ਸਭਾ ਚੋਣਾ’ ਨੂੰ ਸੰਪੂਰਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ‘ਚ ਪ੍ਰਿੰਟਿੰਗ ਪ੍ਰੈਸ ਦਾ ਲਾਇਸੈਂਸ ਰੱਦ ਕਰਨ ਸਮੇਤ ਜੁਰਮਾਨਾ ਅਤੇ ਐਫ਼.ਆਈ.ਆਰ. ਕੱਟੇ ਜਾਣ ਅਤੇ ਸਜਾ ਵੀ ਹੋ ਸਕਦੀ ਹੈ।
ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪ੍ਰਿਟਿੰਗ ਪ੍ਰੈਸਾਂ ਦੇ ਮਾਲਕ ਦੇ ਨੁਮਾਇੰਦਿਆਂ ਸਮੇਤ ਤਹਿਸੀਲਦਾਰ ਚੋਣਾਂ ਰਾਮਜੀ ਲਾਲ, ਚੋਣ ਕਾਨੂੰਨਗੋ ਵਿਜੇ ਕੁਮਾਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *