ਪੰਜਾਬਪਟਿਆਲਾ

ਭਾਰਤ ਸਰਕਾਰ ਦੇ ਚੋਣ ਕਮਿਸ਼ਨਰ ਨੇ ਕੀਤੀ 4 ਜ਼ਿਲ੍ਹਿਆਂ ਦੀ ਮੀਟਿੰਗ

ਚੋਣ ਜਾਬਤਾ ਲਾਗੂ ਹੋਣ ਸਾਰ ਚੁੱਕੇ ਜਾਣ ਵਾਲੇ ਕਦਮਾਂ ਦੀ ਦਿੱਤੀ ਜਾਣਕਾਰੀ
ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
13 ਦਸੰਬਰ ਤੋਂ ਬਾਅਦ ਵੀ ਵੋਟਰ ਸੂਚੀ ‘ਚ ਨਾਮ ਦਰਜ ਕਰਵਾਉਣ ਲਈ ਕੀਤਾ ਜਾ ਸਕਦਾ ਹੈ ਆਨ ਲਾਈਨ ਅਪਲਾਈ
ਪਟਿਆਲਾ, 30 ਦਸੰਬਰ (ਮਧੂਸਾਰ ਬਿਊਰੋ)
ਭਾਰਤ ਸਰਕਾਰ ਦੇ ਉਪ ਚੋਣ ਕਮਿਸ਼ਨਰ ਡਾ: ਸੰਦੀਪ ਸਕਸੈਨਾ ਨੇ ਅੱਜ ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਅਤੇ ਚੋਣ ਜਾਬਤਾ ਲੱਗਣ ਦੇ ਤੁਰੰਤ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਦਿੱਤੀ ਹੈ।

ਡਾ: ਸੰਦੀਪ ਸਕਸੈਨਾ ਦੇ ਨਾਲ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ਼੍ਰੀ ਵੀ.ਕੇ. ਸਿੰਘ ਅਤੇ ਵਧੀਕ ਚੋਣ ਅਫ਼ਸਰ ਸ਼੍ਰੀ ਸੀਬਿਨ ਸੀ ਅਤੇ ਏ.ਡੀ.ਜੀ.ਪੀ. ਸ਼੍ਰੀ ਵਿਵੇਕ ਭਾਂਬਰਾ ਵੀ ਮੌਜੂਦ ਸਨ। ਇਸ ਮੌਕੇ ਉਹਨਾਂ ਦੱਸਿਆ ਕਿ ਵੋਟਰ ਸੂਚੀ ‘ਚ ਹਾਲਾਂ ਕਿ 7 ਅਕਤੂਬਰ ਤੱਕ ਹੀ ਦਾਅਵੇ ਅਤੇ ਇਤਰਾਜ ਲਏ ਜਾ ਸਕਦੇ ਸਨ ਪਰ ਹਰ ਵੋਟਰ ਦੀ ਭਾਗੀਦਾਰੀ ਨੂੰ ਲੋਕਤੰਤਰ ਵਿੱਚ ਸ਼ਾਮਲ ਕਰਨ ਲਈ ਇਸ ਨੂੰ 13 ਦਸੰਬਰ ਤੱਕ ਵਧਾ ਦਿੱਤਾ ਗਿਆ। ਹੁਣ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਕਿ 13 ਦਸੰਬਰ ਤੋਂ ਬਾਅਦ ਵੀ ਕੋਈ ਵੀ ਵਿਅਕਤੀ ਜਿਸ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਹੋ ਜਾਵੇਗੀ ਉਹ ਵਿਅਕਤੀ ਆਨ ਲਾਈਨ ਆਪਣੀ ਵੋਟ ਬਣਵਾਉਣ ਲਈ ਅਰਜੀ ਦੇ ਸਕਦਾ ਹੈ।
ਡਾ: ਸੰਦੀਪ ਸਕਸੈਨਾ ਨੇ ਦੱਸਿਆ ਕਿ 5 ਜਨਵਰੀ ਨੂੰ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਵੋਟਰ ਸੂਚੀ ‘ਤੇ ਵੀ ਅਗਲੇ ਕੁਝ ਦਿਨਾਂ ‘ਚ ਇਤਰਾਜ ਜਾਂ ਦਾਅਵੇ ਚੋਣ ਕਮਿਸ਼ਨ ਕੋਲ ਦਰਜ਼ ਕਰਵਾਏ ਜਾ ਸਕਦੇ ਹਨ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੇ ਇਸ ‘ਤੇ ਨਿਰਣਾ ਲੈਣਾ ਹੈ ਕਿ 13 ਦਸੰਬਰ ਤੋਂ ਬਾਅਦ ਆਨ ਲਾਈਨ ਅਰਜ਼ੀਆਂ ਦੇਣ ਵਾਲੇ ਲੋਕਾਂ ਦੀਆਂ ਵੋਟਾਂ ਬਣਾਈਆਂ ਜਾਣ ਜਾ ਨਹੀਂ।
ਭਾਰਤ ਸਰਕਾਰ ਦੇ ਉਪ ਚੋਣ ਕਮਿਸ਼ਨਰ ਨੇ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਿਆ ਕਿ 24 ਘੰਟਿਆਂ ਦੇ ਅੰਦਰ-ਅੰਦਰ ਸਰਕਾਰੀ ਪ੍ਰਾਪਰਟੀ ‘ਤੇ ਲੱਗੇ ਹੋਏ ਹਰ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਪੋਸਟਰ, ਹੋਰਡਿੰਗ ਆਦਿ ਉਤਰਵਾ ਦਿੱਤੇ ਜਾਣ ਅਤੇ 48 ਘੰਟਿਆਂ ‘ਤੇ ਜਨਤਕ ਸਥਾਨਾਂ ਰੇਲਵੇ ਸਟੇਸ਼ਨ, ਪੁਲ, ਬੱਸ ਸਟੈਂਡਾਂ ਆਦਿ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਹਟਾ ਦਿੱਤੀ ਜਾਵੇ। ਜਦ ਕਿ ਇਹ ਸਮਾਂ ਪ੍ਰਾਈਵੇਟ ਪ੍ਰਾਪਰਟੀ ਲਈ 72 ਘੰਟੇ ਰੱਖਿਆ ਗਿਆ ਹੈ ਅਤੇ ਪ੍ਰਾਈਵੇਟ ਪ੍ਰਾਪਰਟੀ ‘ਤੇ ਲਗਾਈ ਗਈ ਕਿਸੇ ਵੀ ਤਰ੍ਹਾਂ ਦੀ ਇਤਰਾਜ਼ਯੋਗ ਵਿਗਿਆਪਨਾਂ ਨੂੰ ਹਟਾਉਣ ‘ਤੇ ਲਾਗੂ ਹੋਵੇਗਾ। ਇੱਥੋਂ ਤੱਕ ਕਿ ਸਰਕਾਰੀ ਜਾਂ ਨਿਗਮਾਂ, ਬੋਰਡਾਂ ਆਦਿ ਦੀ ਵੈਬਸਾਈਟ ‘ਤੇ ਵੀ ਲੱਗੇ ਹੋਏ ਫੋਟੋ ਜਾਂ ਕਿਸੇ ਤਰ੍ਹਾਂ ਦਾ ਪ੍ਰਚਾਰ ਦਾ ਜ਼ਰੀਆ ਬਣਨ ਵਾਲੀਆਂ ਤਸਵੀਰਾਂ ਨੂੰ ਵੀ ਹਟਾ ਕੇ ‘ਸਵੀਪ’ ਗਤੀਵਿਧੀਆਂ ਦੀ ਜਾਣਕਾਰੀ ਲਾਈ ਜਾਵੇ। ਨਾਲ ਹੀ ਉਹਨਾਂ ਸਰਕਾਰੀ ਕਰਮਚਾਰੀਆਂ ਅਤੇ ਪੁਲਿਸ ਕਰਮੀਆਂ ਲਈ ਪੋਸਟਲ ਬੈਲਟ ਦੀ ਵਰਤੋਂ ਬਾਰੇ ਪੂਰੀ ਤਰ੍ਹਾਂ ਨਾਲ ਤਿਆਰ ਹੋਣ ਦੇ ਨਿਰਦੇਸ਼ ਦਿੱਤੇ।
ਦੂਜੇ ਪਾਸੇ ਕਾਨੂੰਨ ਵਿਵਸਥਾ ਦੀ ਜਾਣਕਾਰੀ ਲੈਣ ਅਤੇ ਰਾਜ ਵਿੱਚ ਵਿਧਾਨ ਸਭਾ ਚੋਣਾਂ ਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ਤੋਂ ਕਰਵਾਉਣ ਬਾਰੇ ਨਿਰਦੇਸ਼ ਦਿੰਦਿਆਂ ਏ.ਡੀ.ਜੀ.ਪੀ. ਸ਼੍ਰੀ ਵੀ.ਕੇਂ ਭਾਂਬਰਾ ਨੇ ਦੱਸਿਆ ਕਿ ਰਾਜ ਵਿੱਚ ਵੱਡੀ ਗਿਣਤੀ ‘ਚ ਲਾਇਸੰਸ ਵਾਲੇ ਹਥਿਆਰ ਮੌਜੂਦ ਹਨ ਜਿਹਨਾਂ ਵਿੱਚੋਂ ਸਿਰਫ਼ 20 ਫੀਸਦੀ ਹੀ ਹੁਣ ਤੱਕ ਜਮ੍ਹਾਂ ਕਰਵਾਏ ਗਏ ਹਨ। ਇਹ ਅੰਕੜਾ 100 ਫੀਸਦੀ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਚੋਣ ਜਾਬਤਾ ਲੱਗਣ ਸਾਰ ਇੱਕੋ ਦਮ ਅਸਲਾ ਜਮ੍ਹਾਂ ਕਰਵਾਉਣ ਲਈ ਭੀੜ ਪੈ ਜਾਵੇਗੀ। ਇਸ ਲਈ ਹੁਣ ਤੋਂ ਹੀ ਅਸਲਾ ਜਮ੍ਹਾਂ ਕਰਵਾਉਣ ਦੀ ਪ੍ਰਕ੍ਰਿਆ ਤੇਜ ਕੀਤੀ ਜਾਣੀ ਚਾਹੀਦੀ ਹੈ।
ਏ.ਡੀ.ਜੀ.ਪੀ. ਨੇ ਇਹਨਾਂ ਚਾਰੇ ਜ਼ਿਲ੍ਹਿਆਂ ‘ਚ ਕਾਨੂੰਨ ਦੇ ਭਗੌੜਿਆਂ ਅਤੇ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ‘ਚ ਸਮੱਸਿਆ ਪੈਦਾ ਕਰਨ ਵਾਲੇ ਭੈੜੇ ਅਨਸਰਾਂ ‘ਤੇ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਜਾਂ ਤਾਂ ਇਹ ਲੋਕੀ ਹਿਰਾਸਤ ਵਿੱਚ ਹੋਣ ਜਾਂ ਫਿਰ ਇਹ ਕਿਸੇ ਵੀ ਸੂਰਤ ਵਿੱਚ ਪੰਜਾਬ ਵਿੱਚ ਨਹੀਂ ਹੋਣੇ ਚਾਹੀਦੇ। ਇਹਨਾਂ ਦੀ ਜਾਇਦਾਦ ਅਟੈਚ ਕਰਨ ਜਾਂ ਹੋਰ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਉਹਨਾਂ ਸਬੰਧਿਤ ਐਸ.ਐਸ.ਪੀਜ਼ ਨੂੰ ਹਦਾਇਤਾਂ ਕੀਤੀਆਂ।
ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਪਟਿਆਲਾ, ਸੰਗਰੂਰ ਜ਼ਿਲ੍ਹੇ ਅੰਤਰਰਾਜੀ ਸੀਮਾਂ ਨਾਲ ਲੱਗਦੇ ਹਨ ਇਸ ਕਰਕੇ ਇਹਨਾਂ ਜ਼ਿਲ੍ਹਿਆਂ ‘ਚ ਖਾਸ ਤੌਰ ‘ਤੇ ਹਰਿਆਣੇ ਨਾਲ ਲੱਗਦੇ ਬਾਰਡਰ ‘ਤੇ ਨਾਕੇ ਲਾਏ ਜਾਣ ਅਤੇ ਇਹ 24 ਘੰਟੇ ਕੰਮ ਕਰਨ। ਉਹਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੇਂਦਰ ਦੀਆਂ ਪੈਰਾ ਮਿਲਟਰੀ ਫੋਰਸਿਜ ਦੀਆਂ 50 ਕੰਪਨੀਆਂ ਭੇਜੀਆਂ ਜਾ ਰਹੀਆਂ ਹਨ ਜਿਹਨਾਂ ਵਿੱਚੋਂ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਤਾਇਨਾਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਵੀ ਹਰ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਚੋਣਾਂ ‘ਚ ਕਿਸੇ ਵੀ ਤਰ੍ਹਾਂ ਦੀ ਡਰੱਗਜ ਦੀ ਵਰਤੋਂ ਨੂੰ ਰੋਕਣ ਲਈ 19 ਸਨਾਇਪਰ ਡੌਗ ਭੇਜੇ ਜਾ ਰਹੇ ਹਨ। ਪਟਿਆਲਾ ਜ਼ਿਲ੍ਹੇ ‘ਚ 2 ਆ ਚੁੱਕੇ ਹਨ ਜਦ ਕਿ 1 ਅਗਲੇ ਕੁਝ ਦਿਨਾਂ ‘ਚ ਭੇਜਿਆ ਜਾਵੇਗਾ। ਸ਼ੰਭੂ ਬਾਰਡਰ ਅਤੇ ਮੁੱਖ ਹਾਈਵੇਅ ਦਾ ਐਂਟਰੀ ਪੁਆਇੰਟ ਹੋਣ ਕਰਕੇ ਖਾਸੀ ਤਵੱਜੋਂ ਦਿੱਤੀ ਜਾ ਰਹੀ ਹੈ।
ਇਸ ਮੌਕੇ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ, ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕਮਲਦੀਪ ਸਿੰਘ ਸੰਘਾ, ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਜਸਕਿਰਨ ਸਿੰਘ ਅਤੇ ਬਰਨਾਲਾ ਦੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀਮਤੀ ਪਰਮਪਾਲ ਕੌਰ, ਚਾਰ ਜ਼ਿਲ੍ਹਿਆਂ ‘ਚ ਪੈਣ ਵਾਲੇ ਵਿਧਾਨ ਸਭਾ ਹਲਕਿਆਂ ਦੇ ਰੀਟਰਨਿੰਗ ਅਧਿਕਾਰੀ ਮੌਜੂਦ ਸਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਆਈ.ਜੀ. ਸ਼੍ਰੀ ਪਰਮਰਾਜ ਸਿੰਘ ਉਮਰਾਨੰਗਲ, ਡੀ.ਆਈ.ਜੀ. ਸ਼੍ਰੀ ਜਸਕਰਨ ਸਿੰਘ, ਚਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ ਅਤੇ ਡੀ.ਐਸ.ਪੀਜ ਵੀ ਮੌਜੂਦ ਸਨ।

Leave a Reply

Your email address will not be published. Required fields are marked *