ਪੰਜਾਬ

ਐਸਵਾਈਐਲ ਮੁੱਦੇ ‘ਤੇ ਕਾਂਗਰਸ ਵਿਧਾਇਕਾ ਦਾ ਅਸਤੀਫਾ ਸਿਰਫ ਡਰਾਮਾ : ਆਪ

ਮਲੂਕਾ ਦੇ ਬਰਤਨ ਘੋਟਾਲੇ ਦੀ ਮੁੜ ਤੋਂ ਕਰਵਾਈ ਜਾਵੇਗੀ ਜਾਂਚ, ਦੋਸ਼ੀਆਂ ਨੂੰ ਦਿੱਤੀ ਜਾਵੇਗੀ ਸਖਤ ਸਜਾ
ਅੰਮ੍ਰਿਤਸਰ, 3 ਜਨਵਰੀ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਲੀਗਲ ਸੈਲ ਇੰਚਾਰਜ ਅਤੇ ਮਜੀਠਾ ਤੋਂ ਪਾਰਟੀ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਐਸਵਾਈਐਲ ਮੁੱਦੇ ਉਤੇ ਕਾਂਗਰਸੀਆਂ ਦੇ ਅਸਤੀਫਿਆਂ ਨੂੰ ਮਹਿਜ ਇੱਕ ਡਰਾਮਾ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਉਹ ਸਪੀਕਰ ਸਾਹਮਣੇ ਪੇਸ਼ ਕਿਓਂ ਨਹੀਂ ਹੋਏ, ਜਦਕਿ ਉਨਾਂ ਨੂੰ ਪਤਾ ਸੀ ਕਿ ਇਹ ਉਨਾਂ ਲਈ ਬਹੁਤ ਜਰੂਰੀ ਸੀ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਵੱਲੋਂ 20-22 ਦਸੰਬਰ ਅਤੇ 3 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਤਾਂ ਕਿ ਉਹ ਪੁਸ਼ਟੀ ਕਰ ਸਕਣ ਕਿ ਇਹ ਅਸਤੀਫੇ ਉਨਾਂ ਨੇ ਆਪਣੀ ਮਰਜੀ ਨਾਲ ਦਿੱਤੇ ਸਨ, ਪਰ ਉਨਾਂ ਵੱਲੋਂ ਪੇਸ਼ ਨਾ ਹੋਣਾ ਅਸਤੀਫਿਆਂ ਬਾਰੇ ਗੰਭੀਰ ਨਾ ਹੋਣ ਦਾ ਸ਼ੱਕ ਜਤਾਉਂਦਾ ਹੈ।
ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਦੀਆਂ ਅਜਿਹੀਆਂ ਗਤੀਵਿਧੀਆਂ ਨਾਲ ਉਨਾਂ ਦਾ ਐਸਵਾਈਐਲ ਬਾਰੇ ਸਟੈਂਡ ਜਨਤਕ ਹੋ ਗਿਆ ਹੈ।
ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਲੋਕ ਸਭਾ ਸਪੀਕਰ ਨੂੰ ਅਸਤੀਫੇ ਦਾ ਲੈਟਰ ਭੇਜ ਕੇ ਡਰਾਮਾ ਰਚਿਆ ਹੈ, ਜਦਕਿ ਇਹ ਸਭ ਨੂੰ ਚੰਗੀ ਤਰਾਂ ਪਤਾ ਹੈ ਕਿ ਨਿਯਮ ਦੇ ਮੁਤਾਬਿਕ ਅਸਤੀਫਾ ਇੱਕ ਲਾਈਨ ਵਾਲਾ ਹੋਣਾ ਚਾਹੀਦਾ ਹੈ। ਆਖਿਰਕਾਰ ਉਨਾਂ ਨੂੰ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਅਸਤੀਫਾ ਦੇਣਾ ਪਿਆ, ਜਿਸ ਕਾਰਨ ਉਨਾਂ ਦੇ ਡਰਾਮੇ ਦਾ ਭਾਂਡਾ ਭੰਨਿਆ ਗਿਆ।
ਬਠਿੰਡਾ ਵਿਖੇ ਵਾਪਰੀ ਘਟਨਾ, ਜਿਸ ਵਿੱਚ ਅਕਾਲੀ ਸਾਂਸਦ ਬਲਵਿੰਦਰ ਸਿੰਘ ਭੂੰਦੜ ਦੇ ਗੁੰਡਿਆਂ ਨੇ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੀ ਸੀ, ਜਿਨਾਂ ਨੇ ਉਸ ਤੋਂ ਕੋਈ ਸਵਾਲ ਪੁੱਛਿਆ ਸੀ, ਉਸ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਅਕਾਲੀਆਂ ਵਿੱਚ ਨਿਰਾਸ਼ਾ ਦਾ ਪੱਧਰ ਐਨਾ ਵੱਧ ਚੁੱਕਿਆ ਹੈ ਕਿ ਉਹ ਜਨਤਾ ਨੂੰ ਕੋਈ ਸਪਸ਼ਟ ਜਵਾਬ ਦੇਣ ਨੂੰ ਤਿਆਰ ਨਹੀਂ ਹਨ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਇੱਕ ਮੀਟਿੰਗ ਵਿੱਚ ਜਦੋਂ ਭੂੰਦੜ ਵੱਲੋਂ ਗ੍ਰਾਂਟਾਂ ਦੇ ਚੈਕ ਵੰਡੇ ਜਾ ਰਹੇ ਸਨ, ਤਾਂ ਕੁੱਝ ਵਰਕਰਾਂ ਨੇ ਜਾਇਜ ਤਨਖਾਹ ਦੀ ਮੰਗ ਕੀਤੀ ਤਾਂ ਉਨਾਂ ਦੀ ਗੱਲ ਸੁਣਨ ਦੀ ਬਜਾਏ, ਭੂੰਦੜ ਦੇ ਗੁੰਡਿਆਂ ਵੱਲੋਂ ਉਨਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ।
ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇਗੀ।
ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬਰਤਨ ਘੋਟਾਲੇ ਦਾ ਜਿਕਰ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਇਸ ਘੋਟਾਲੇ ਨੂੰ ਦਬਾਉਣਾ ਚਾਹੁੰਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ 22,500 ਕਿੱਟਾਂ ਖਰੀਦਣ ਲਈ 90 ਕਰੋੜ ਰੁਪਏ ਦੇ ਟੈਂਡਰ ਨੂੰ ਸਿਰਫ ਇਸ ਲਈ ਰੱਦ ਕਰ ਦਿੱਤਾ ਗਿਆ, ਤਾਂਕਿ ਸੰਗਰੂਰ ਦੀ ਇੱਕ ਕੰਪਨੀ ਕੁਆਲੀਫਾਈ ਕਰ ਸਕੇ। ਕੰਪਨੀ ਵੱਲੋਂ 8000 ਰੁਪਏ ਪ੍ਰਤਿ ਕਿੱਟ ਦਾ ਰੇਟ ਕੋਟ ਕੀਤਾ ਗਿਆ, ਜੋ ਕਿ ਸੂਬਾ ਸਰਕਾਰ ਦੀ ਅਧਿਕਾਰਿਤ ਕਮੇਟੀ ਦੇ ਮੁਲਾਂਕਣ ਤੋਂ ਕਿਤੇ ਜਿਆਦਾ ਸੀ।
ਸ਼ੇਰਗਿੱਲ ਨੇ ਕਿਹਾ ਕਿ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਖੁਦ ਮੰਨਿਆ ਹੈ ਕਿ ਟੈਂਡਰ ਰੱਦ ਕੀਤਾ ਗਿਆ ਹੈ। ਇੱਥੇ ਖਾਸ ਗੱਲ ਇਹ ਹੈ ਕਿ ਸੰਗਰੂਰ ਆਧਾਰਿਤ ਜਿਸ ‘ਮਿੱਤਲ ਟ੍ਰੇਡਰਸ’ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਇਹ ਕੰਪਨੀ ਬਹੁਚਰਚਿਤ ਕਿਤਾਬ ਘੋਟਾਲੇ ਵਿੱਚ ਸ਼ਾਮਿਲ ਸੀ ਅਤੇ ਇਸ ਕਿਤਾਬ ਘੋਟਾਲੇ ਨੇ 2013 ਵਿੱਚ ਪੂਰੇ ਸੂਬੇ ਨੂੰ ਹਿਲਾ ਦਿੱਤਾ ਸੀ। ਸ਼ੇਰਗਿੱਲ ਨੇ ਕਿਹਾ ਕਿ ਇਸ ਘੋਟਾਲੇ ਵਿੱਚ ਮਲੂਕਾ ਵੀ ਸ਼ਾਮਿਲ ਸੀ।
ਸ਼ੇਰਗਿੱਲ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਇਹ ਕੇਸ ਮੁੜ ਖੋਲਿਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਉਤੇ ਘੋਟਾਲਾ ਮਾਹਿਰ ਮਲੂਕਾ ਸਮੇਤ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *